‘ਆਬਾਦ ਖੇਡ ਟੂਰਨਾਮੈਂਟ’ ਗੁਰਦਾਸਪੁਰ ਸਮਾਪਤ
ਹਰਜੀਤ ਸਿੰਘ ਪਰਮਾਰ/ਦਲਬੀਰ ਸੱਖੋਵਾਲੀਆ
ਬਟਾਲਾ, 7 ਜਨਵਰੀ
ਡੀਸੀ ਗੁਰਦਾਸਪੁਰ ਡਾ. ਹਿਮਾਂਸ਼ੂ ਅਗਰਵਾਲ ਦੀ ਅਗਵਾਈ ਹੇਠ ਜ਼ਿਲ੍ਹਾ ਪ੍ਰਸ਼ਾਸਨ ਗੁਰਦਾਸਪੁਰ ਵੱਲੋਂ ਜ਼ਿਲ੍ਹਾ ਓਲੰਪਿਕ ਐਸੋਸੀਏਸ਼ਨ ਅਤੇ ਅਖਿਲ ਭਾਰਤੀ ਅਗਰਵਾਲ ਸੰਮੇਲਨ ਪੰਜਾਬ ਦੇ ਸਹਿਯੋਗ ਨਾਲ ਕਰਵਾਇਆ ਗਿਆ ‘ਆਬਾਦ ਖੇਡ ਟੂਰਨਾਮੈਂਟ-2023-24 ਸਫ਼ਲਤਾਪੂਰਵਕ ਸਮਾਪਤ ਹੋ ਗਿਆ। ਇਸ ਦੌਰਾਨ ਕਰਵਾਏ ਸਮਾਪਤੀ ਸਮਾਗਮ ਵਿੱਚ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਮੁੱਖ ਮਹਿਮਾਨ ਅਤੇ ਬਲਬੀਰ ਸਿੰਘ ਪੰਨੂੰ ਚੇਅਰਮੈਨ, ਪਨਸਪ ਪੰਜਾਬ, ਸੁਰਿੰਦਰ ਅਗਰਵਾਲ ਪ੍ਰਧਾਨ, ਅਖਿਲ ਭਾਰਤੀ ਅਗਰਵਾਲ ਸੰਮੇਲਨ ਪੰਜਾਬ (ਮੁੱਖ ਸਪਾਂਸਰ) ਨੇ ਵਿਸ਼ੇਸ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਕੈਬਨਿਟ ਮੰਤਰੀ ਸ੍ਰੀ ਧਾਲੀਵਾਲ ਨੇ ਆਪਣੇ ਅਖਤਿਆਰੀ ਫੰਡ ਵਿੱਚੋਂ 2 ਲੱਖ ਰੁਪਏ ਦੇਣ ਦਾ ਐਲਾਨ ਵੀ ਕੀਤਾ। ਇਸ ਮੌਕੇ ਡੀਸੀ ਡਾ. ਹਿਮਾਂਸ਼ੂ ਅਗਰਵਾਲ ਨੇ ਦੱਸਿਆ ਕਿ 21 ਦਸੰਬਰ ਨੂੰ ‘ਆਬਾਦ ਖੇਡ ਟੂਰਨਾਮੈਂਟ-2023-24 (ਸੀਜ਼ਨ-1) ਦੀ ਸ਼ੁਰੂਆਤ ਕੀਤੀ ਗਈ ਸੀ, ਜਿਸ ਵਿੱਚ ਫੁੱਟਬਾਲ (ਲੜਕੇ), ਹਾਕੀ (ਲੜਕੇ), ਕ੍ਰਿਕਟ (ਲੜਕੇ), ਜਿਮਨਾਸਟਿਕ (ਲੜਕੇ ਤੇ ਲੜਕੀਆਂ) ਅਤੇ ਬੈਡਮਿੰਟਨ (ਲੜਕੇ-ਲੜਕੀਆਂ) ਦੇ ਮੁਕਾਬਲੇ ਕਰਵਾਏ ਗਏ। ਉਨ੍ਹਾਂ ਕਿਹਾ ਕਿ ਲੰਘੀ ਰਾਤ ਪਿੰਡ ਮਰੜ ਦੇ ਐਸਟਰੋਟਰਫ ਹਾਕੀ ਸਟੇਡੀਅਮ ਵਿੱਚ ਫਾਈਨਲ ਡੇਅ-ਨਾਈਟ ਮੈਚ (ਲੜਕੇ ਸੀਨੀਅਰ ਵਰਗ), ਹਾਕੀ ਸੈਂਟਰ ਘੁੰਮਣ ਕਲਾਂ ਅਤੇ ਰੈਂਕਰਜ਼ ਅਕੈਡਮੀ ਕੋਟ ਧੰਦਲ ਦੀਆਂ ਟੀਮਾਂ ਵਿਚਕਾਰ ਖੇਡਿਆ ਗਿਆ ਜਿਸ ਵਿੱਚ ਹਾਕੀ ਸੈਂਟਰ ਘੁੰਮਣ ਕਲਾਂ ਦੀ ਟੀਮ ਜੇਤੂ ਰਹੀ। ਇਸ ਦਿਲਚਸਪ ਮੈਚ ਦੋਵੇਂ ਟੀਮਾਂ ਨਿਰਧਾਰਤ ਸਮੇਂ ਵਿੱਚ ਬਰਾਬਰ ਰਹੀਆਂ ਅਤੇ ਮੈਚ ਦਾ ਨਤੀਜਾ ਪੈਨਲਟੀ ਸ਼ੂਟ ਨਾਲ ਹੋਇਆ। ਇਸ ਮੌਕੇ ਜੇਤੂ ਟੀਮ ਨੂੰ 21 ਹਜ਼ਾਰ ਰੁਪਏ ਅਤੇ ਉਪ ਜੇਤੂ ਟੀਮ ਨੂੰ 11 ਹਜ਼ਾਰ ਰੁਪਏ ਦਾ ਨਗਦ ਇਨਾਮ ਅਤੇ ਟਰਾਫ਼ੀਆਂ ਦਿੱਤੀਆਂ ਗਈਆਂ। ਇਸ ਮੌਕੇ ਵੱਡੀ ਗਿਣਤੀ ’ਚ ਖੇਡ ਪ੍ਰੇਮੀ ਹਾਜ਼ਰ ਸਨ