ਆੜ੍ਹਤੀਆਂ ਵੱਲੋਂ ਨਰਮੇ ਦੀ ਖਰੀਦ ਸ਼ੁਰੂ, ਝੋਨੇ ਲਈ ਹਾਲੇ ਵੀ ਬੂਹੇ ਬੰਦ
ਜੋਗਿੰਦਰ ਸਿੰਘ ਮਾਨ
ਮਾਨਸਾ, 4 ਅਕਤੂਬਰ
ਭਾਵੇਂ ਆੜ੍ਹਤੀਆਂ ਨੇ ਅਨਾਜ ਮੰਡੀਆਂ ਅਤੇ ਖਰੀਦ ਕੇਂਦਰਾਂ ਵਿੱਚ ਝੋਨੇ ਨਾ ਖਰੀਦਣ ਲਈ ਅਜੇ ਵੀ ਬੂਹੇ ਬੰਦ ਕੀਤੇ ਹੋਏ ਹਨ, ਪਰ ਅੱਜ ਬਾਅਦ ਦੁਪਹਿਰ ਮਾਲਵਾ ਖੇਤਰ ਦੀਆਂ ਬਹੁਤੀਆਂ ਅਨਾਜ ਮੰਡੀਆਂ ਵਿੱਚ ਨਰਮੇ ਦੀ ਖਰੀਦ ਆਰੰਭ ਹੋ ਗਈ ਹੈ। ਮਾਨਸਾ ਦੀ ਆਧੁਨਿਕ ਅਨਾਜ ਮੰਡੀ ਵਿੱਚ ਅੱਜ 150 ਕੁਇੰਟਲ ਤੋਂ ਵੱਧ ਨਰਮੇ ਦੀ ਬੋਲੀ ਉਪ-ਜ਼ਿਲ੍ਹਾ ਮੰਡੀ ਅਫ਼ਸਰ ਅਤੇ ਮਾਰਕਿਟ ਕਮੇਟੀ ਮਾਨਸਾ ਦੇ ਸਕੱਤਰ ਜੈ ਸਿੰਘ ਸਿੱਧੂ ਦੀ ਅਗਵਾਈ ਹੇਠ ਲਗਵਾਈ ਗਈ, ਜਿਸ ਵਿੱਚ ਕਿਸਾਨਾਂ ਨੂੰ ਨਰਮੇ ਦਾ ਸਰਕਾਰੀ ਭਾਅ (ਐੱਮਐੱਸਪੀ) ਤੋਂ ਵੱਧ ਮਿਲਣ ਦੀ ਜਾਣਕਾਰੀ ਮਿਲੀ ਹੈ। ਭਾਵੇਂ ਮਾਲਵਾ ਖੇਤਰ ਦੀਆਂ ਕਈ ਅਨਾਜ ਮੰਡੀਆਂ ਵਿੱਚ ਬਾਸਮਤੀ ਵਿਕਣ ਲਈ ਪੁੱਜੀ ਹੈ, ਪਰ ਨਮੀ ਕਾਰਨ ਉਨ੍ਹਾਂ ਦੀ ਬੋਲੀ ਨਾ ਹੋ ਸਕਣ ਦੇ ਵੇਰਵੇ ਹਾਸਲ ਹੋਏ ਹਨ। ਦਿਲਚਸਪ ਗੱਲ ਹੈ ਕਿ ਦੇਰ ਰਾਤ ਆੜ੍ਹਤੀ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਵਿਜੈ ਕੁਮਾਰ ਕਾਲੜਾ ਦੀ ਪੰਜਾਬ ਦੇ ਪ੍ਰਿੰਸੀਪਲ ਸਕੱਤਰ ਅਨੁਰਾਗ ਵਰਮਾ ਨਾਲ ਹੋਈ ਇੱਕ ਵਿਸ਼ੇਸ ਮੀਟਿੰਗ ਤੋਂ ਬਾਅਦ ਨਰਮੇ ਅਤੇ ਬਾਸਮਤੀ ਦੀ ਖਰੀਦ ਬਾਰੇ ਫੈਸਲਾ ਤਾਂ ਹੋ ਗਿਆ ਸੀ ਪਰ ਝੋਨੇ ਬਾਰੇ ਆੜ੍ਹਤੀ ਐਸੋਸੀਏਸ਼ਨ ਅਜੇ ਵੀ ਸਟੈਂਡ ਲਈ ਬੈਠੀ ਹੈ। ਜ਼ਿਲ੍ਹਾ ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਮੁਨੀਸ਼ ਕੁਮਾਰ ਬੱਬੀ ਦਾਨੇਵਾਲੀਆਂ ਅਤੇ ਸੂਬਾ ਆਗੂ ਅਮਰਨਾਥ ਜਿੰਦਲ ਨੇ ਦੱਸਿਆ ਕਿ ਝੋਨੇ ਦੀ ਖਰੀਦ ਬਾਰੇ ਅੱਜ ਵੀ ਪੰਜਾਬ ਸਰਕਾਰ ਨਾਲ ਕੋਈ ਸਮਝੌਤਾ ਸਿਰੇ ਨਹੀਂ ਚੜ੍ਹ ਸਕਿਆ।
ਨਰਮੇ ਦੀ ਖਰੀਦ ਖੁੱਲ੍ਹਣ ਤੋਂ ਬਾਅਦ ਅੱਜ ਕਿਸਾਨਾਂ ਵੱਲੋਂ ਘਰਾਂ ’ਚ ਸਟੋਰ ਕਰਕੇ ਰੱਖੇ ਹੋਏ ਨਰਮੇ ਨੂੰ ਵੇਚਣ ਲਈ ਮਾਨਸਾ ਦੀ ਆਧੁਨਿਕ ਅਨਾਜ ਮੰਡੀ ਵਿੱਚ ਲਿਆਂਦਾ ਗਿਆ ਤਾਂ ਆੜ੍ਹਤੀਆਂ ਵੱਲੋਂ ਇਸ ਨੂੰ ਖਰੀਦਣ ਲਈ ਬਾਅਦ ਦੁਪਹਿਰ ਬੋਲੀ ਲਾਈ ਗਈ। ਸਰਕਾਰੀ ਅਧਿਕਾਰੀ ਅਨੁਸਾਰ ਮਾਨਸਾ ਦੀ ਆਧੁਨਿਕ ਅਨਾਜ ਮੰਡੀ ਵਿੱਚ 153 ਕੁਇੰਟਲ ਨਰਮੇ ਦੀ ਬੋਲੀ ਲਗਾਈ ਗਈ, ਜਿਸ ਨੂੰ 7565 ਰੁਪਏ ਦੇ ਉਚੇ ਭਾਅ ਅਨੁਸਾਰ ਵਪਾਰੀਆਂ ਵੱਲੋਂ ਖਰੀਦਿਆ। ਉਨ੍ਹਾਂ ਦੱਸਿਆ ਕਿ ਇਸ ਵਾਰ ਦੇਸ਼ ਵਿੱਚ ਦਰਮਿਆਨੇ ਦਰਜੇ ਦੇ ਰੇਸ਼ੇ ਵਾਲੇ ਨਰਮੇ ਦਾ ਭਾਅ ਭਾਰਤ ਸਰਕਾਰ ਵੱਲੋਂ 7121 ਰੁਪਏ ਰੱਖਿਆ ਗਿਆ, ਜਦੋਂ ਕਿ ਲੰਬੇ ਰੇਸ਼ੇ ਵਾਲੇ ਨਰਮੇ ਦੀ ਕੀਮਤ 7521 ਰੁਪਏ ਨਿਸ਼ਚਿਤ ਕੀਤੀ ਗਈ ਹੈ।
ਭਾਵੇਂ ਨਰਮੇ ਦੀ ਖਰੀਦ ਆਰੰਭ ਹੋ ਗਈ ਹੈ, ਪਰ ਝੋਨੇ ਨੂੰ ਖਰੀਦਣ ਦਾ ਅੜਿੱਕਾ ਅਜੇ ਵੀ ਕਾਇਮ ਹੈ, ਜਿਸ ਲਈ ਆੜ੍ਹਤੀਏ ਤੇ ਮਜ਼ਦੂਰ ਧਿਰਾਂ ਸਣੇ ਸ਼ੈਲਰ ਮਾਲਕ ਅਜੇ ਵੀ ਸਰਕਾਰ ਸਾਹਮਣੇ ਰੱਖੀਆਂ ਮੰਗਾਂ ਨੂੰ ਮਨਜ਼ੂਰ ਕੀਤੇ ਤੋਂ ਬਿਨਾਂ ਖਰੀਦ ਆਰੰਭ ਕਰਨ ਲਈ ਤਿਆਰ ਨਹੀਂ ਹਨ।