ਆੜ੍ਹਤੀਆਂ ਵੱਲੋਂ ਪਹਿਲੀ ਅਕਤੂਬਰ ਤੋਂ ਖ਼ਰੀਦ ਦੇ ਬਾਈਕਾਟ ਦਾ ਐਲਾਨ
ਜੋਗਿੰਦਰ ਸਿੰਘ ਮਾਨ
ਮਾਨਸਾ, 28 ਸਤੰਬਰ
ਪੰਜਾਬ ਵਿੱਚ ਹੁਣ ਜਦੋਂ ਝੋਨੇ ਦੀ ਫ਼ਸਲ ਦੀ ਸਰਕਾਰੀ ਖਰੀਦ ਸ਼ੁਰੂ ਹੁਣ ਹੋਣ ਵਿੱਚ ਸਿਰਫ਼ ਦੋ ਦਿਨ ਹੀ ਬਾਕੀ ਰਹਿ ਗਏ ਹਨ ਤਾਂ ਫੈਡਰੇਸ਼ਨ ਆਫ ਆੜ੍ਹਤੀਆ ਐਸੋਸੀਏਸ਼ਨ ਪੰਜਾਬ ਪਹਿਲੀ ਅਕਤੂਬਰ ਤੋਂ ਝੋਨੇ ਸਮੇਤ ਹੋਰ ਫ਼ਸਲਾਂ ਦੀ ਖਰੀਦ ਨਾ ਕਰਨ ਦਾ ਫੈਸਲਾ ਕੀਤਾ ਹੈ। ਜ਼ਿਲ੍ਹਾ ਆੜ੍ਹਤੀਆ ਐਸੋਸੀਏਸ਼ਨ ਮਾਨਸਾ ਵੱਲੋਂ ਇਸ ਫੈਸਲੇ ਦਾ ਸਮਰਥਨ ਕਰਦਿਆਂ ਪੂਰੇ ਜ਼ਿਲ੍ਹੇ ਵਿੱਚ ਕਿਸੇ ਵੀ ਦੁਕਾਨ ’ਤੇ ਫ਼ਸਲ ਦੀ ਬੋਲੀ ਨਾ ਲਗਾਉਣ ਦਾ ਨਿਰਣਾ ਲਿਆ ਗਿਆ ਹੈ।
ਪ੍ਰਧਾਨ ਮੁਨੀਸ਼ ਬੱਬੀ ਦਾਨੇਵਾਲੀਆਂ ਨੇ ਕਿਹਾ ਕਿ ਜਿੰਨਾ ਚਿਰ ਆੜ੍ਹਤੀਆਂ ਦੀਆਂ ਮੰਗਾਂ ਮੰਨੀਆਂ ਨਹੀਂ ਜਾਂਦੀਆਂ, ਓਨਾ ਚਿਰ ਮੁਕੰਮਲ ਹੜਤਾਲ ਰਹੇਗੀ। ਉਨ੍ਹਾਂ ਕਿਹਾ ਕਿ ਸਰਕਾਰ ਨੇ ਝੋਨੇ ਅਤੇ ਕਣਕ ’ਤੇ ਆੜ੍ਹਤ 2.50 ਫੀਸਦੀ ਤੋਂ ਘਟਾ ਕੇ ਫਿਕਸ ਕਰ ਦਿੱਤੀ, ਜੋ ਮੰਡੀ ਬੋਰਡ ਦੇ ਨਿਯਮਾਂ ਦੇ ਖਿਲਾਫ਼ ਹੈ। ਉਨ੍ਹਾਂ ਕਿਹਾ ਕਿ ਐਫਸੀਆਈ ਵੱਲੋਂ ਈਪੀਐੱਫ ਦੇ ਰੂਪ ਵਿੱਚ ਕੱਟੀ ਕਰੋੜਾਂ ਰੁਪਏ ਦੀ ਰਕਮ ਵਾਪਸ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਸੀਸੀਆਈ ਵਲੋਂ ਨਰਮੇਂ ਦੀ ਖਰੀਦ ਉਪਰ ਆੜ੍ਹਤ ਦਿੱਤੀ ਜਾਵੇ ਅਤੇ ਸਾਇਲੋ ਵਿੱਚ ਜਾਣ ਵਾਲੇ ਮਾਲ ਦੀ ਆੜ੍ਹਤ ਪੂਰੀ ਦਿੱਤੀ ਜਾਵੇ।
ਇਸ ਮੌਕੇ ਅਮਰ ਨਾਥ ਜਿੰਦਲ,ਰਜਿੰਦਰ ਸਿੰਘ ਕੋਹਲੀ, ਪ੍ਰੇਮ ਸਿੰਘ ਦੋਦੜਾ, ਪ੍ਰਵੀਨ ਕੁਮਾਰ,ਜੇਤਿੰਦਰ ਮੋਹਨ ਗਰਗ, ਅਮਨਦੀਪ ਸਿੰਗਲਾ, ਕੇਵਲ ਸ਼ਰਮਾ, ਗੋਰਾ ਲਾਲ, ਕਪਿਲ ਦੇਵ, ਸੁਰੇਸ਼ ਕੁਮਾਰ, ਤੇਜਿੰਦਰ ਪਾਲ,ਮੋਨੂੰ ਸਿੰਗਲਾ,ਜਗਦੀਸ਼ ਗੋਇਲ, ਦਰਸ਼ਨ ਮਿੱਤਲ, ਰਾਜ ਕੁਮਾਰ, ਨਰਿੰਦਰ ਗੋਇਲ, ਚੰਦ ਕਾਂਤ ਕੂਕੀ,ਰਮੇਸ਼ ਟੋਨੀ ਨੇ ਵੀ ਸੰਬੋਧਨ ਕੀਤਾ।
ਸਰਕਾਰ ਤੋਂ ਦੁਖੀ ਹੋ ਕੇ ਸੰਘਰਸ਼ ਦੇ ਰਾਹ ਪਏ ਆੜ੍ਹਤੀ
ਆੜ੍ਹਤੀਆਂ ਕਿਹਾ ਕਿ ਪੰਜਾਬ ਸਰਕਾਰ ਨੇ ਕੇਂਦਰ ਸਰਕਾਰ ਨਾਲ ਪੰਜਾਬ ਦੇ ਗੋਦਾਮਾਂ ਵਿੱਚੋਂ ਚੌਲਾਂ ਦੀ ਲਿਫਟਿੰਗ ਕਰਵਾਉਣ ਅਤੇ ਉਨ੍ਹਾਂ ਨੂੰ ਆਉਂਦੇ ਝੋਨੇ ਦੇ ਸੀਜ਼ਨ ਲਈ ਖਾਲੀ ਕਰਵਾਉਣ ਲਈ ਸਹੀ ਸਮੇਂ ’ਤੇ ਤਾਲਮੇਲ ਨਹੀਂ ਕੀਤਾ, ਸਗੋਂ ਆਪਣੀ ਹੈਂਕੜਬਾਜ਼ੀ ਕੀਤੀ। ਉਨ੍ਹਾਂ ਕਿਹਾ ਕਿ ਅੱਜ ਭਾਵੇਂ ਕੇਂਦਰ ਸਰਕਾਰ ਨੇ ਪੰਜਾਬ ਸਰਕਾਰ ਨੂੰ ਅਕਤੂਬਰ ਤੱਕ 15 ਲੱਖ ਮੀਟਰਕ ਟਨ ਥਾਂ ਉਪਲਬੱਧ ਕਰਵਾਉਣ ਦਾ ਭਰੋਸਾ ਦਿੱਤਾ ਹੈ ਪਰ ਇਸਦੇ ਬਾਵਜੂਦ ਆੜ੍ਹਤੀਆਂ ਨੂੰ ਪੰਜਾਬ ਸਰਕਾਰ ਉਪਰ ਕੋਈ ਭਰੋਸਾ ਨਹੀਂ ਹੈ। ਉਨ੍ਹਾਂ ਕਿਹਾ ਕਿ ਝੋਨੇ ਦੇ ਸੀਜ਼ਨ ਵਿੱਚ ਪੰਜਾਬ ਦੇ ਰਾਈਸ ਮਿਲਰਜ਼, ਆੜ੍ਹਤੀ ਕਿਸਾਨ ਅਤੇ ਮਜ਼ਦੂਰ ਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ।