For the best experience, open
https://m.punjabitribuneonline.com
on your mobile browser.
Advertisement

ਸ਼ਿਵ ਕੁਮਾਰ ਬਟਾਲਵੀ ਰਚਿਤ ‘ਆਰਤੀ’

06:52 AM May 05, 2024 IST
ਸ਼ਿਵ ਕੁਮਾਰ ਬਟਾਲਵੀ ਰਚਿਤ ‘ਆਰਤੀ’
Advertisement

ਡਾ. ਮਨਜੀਤ ਸਿੰਘ ਬੱਲ

Advertisement

ਕੀ ਹੰਝੂਆਂ ਦੀ ਛਬੀਲ, ਪੀੜਾਂ ਦਾ ਪਰਾਗਾ, ਲਾਜਵੰਤੀ, ਆਟੇ ਦੀਆਂ ਚਿੜੀਆਂ, ਮੈਨੂੰ ਵਿਦਾ ਕਰੋ, ਦਰਦਮੰਦਾਂ ਦੀਆਂ ਆਹੀਂ ਵਰਗੀਆਂ ਕਿਰਤਾਂ ਦਾ ਰਚੇਤਾ ਸ਼ਿਵ ਬਟਾਲਵੀ ਸਰਬੰਸਦਾਨੀ, ਸੂਰਬੀਰ ਯੋਧੇ ਅਤੇ ਮਹਾਨ ਕਵੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਬਾਰੇ ਵੀ ਕੁਝ ਲਿਖ ਸਕਦਾ ਹੈ?
ਹਾਂ ਜੀ! ਆਪਣੀ ਰਚਨਾ ‘ਆਰਤੀ’ ਵਿੱਚ ਸ਼ਿਵ ਕੁਮਾਰ ਬਟਾਲਵੀ ਨੇ ਆਪਣੇ ਨਿਵੇਕਲੇ ਢੰਗ ਨਾਲ ਦਸਮ ਪਿਤਾ ਨੂੰ ਸੰਬੋਧਨ ਕਰਦਿਆਂ ਕਿਹਾ ਹੈ:
ਮੈਂ ਕਿਸ ਹੰਝੂ ਦਾ ਦੀਵਾ ਬਾਲ਼ ਕੇ, ਤੇਰੀ ਆਰਤੀ ਗਾਵਾਂ?
ਮੈਂ ਕਿਹੜੇ ਸ਼ਬਦ ਦੇ ਬੂਹੇ ’ਤੇ ਮੰਗਣ, ਗੀਤ ਅੱਜ ਜਾਵਾਂ?
ਜੋ ਤੈਨੂੰ ਕਰਨ ਲਈ ਭੇਟਾ, ਮੈਂ ਤੇਰੇ ਦੁਆਰ ’ਤੇ ਆਵਾਂ,
ਮੇਰਾ ਕੋਈ ਗੀਤ ਨਹੀਂ ਐਸਾ, ਜੋ ਤੇਰੇ ਮੇਚ ਆ ਜਾਵੇ।
ਖ਼ਾਲਸਾ ਪੰਥ ਸਾਜਣ, ਵੱਡੇ ਸਾਹਿਬਜ਼ਾਦਿਆਂ ਦੀ ਚਮਕੌਰ ਦੀ ਜੰਗ ਵਿੱਚ ਸ਼ਹੀਦੀ ਅਤੇ ਛੋਟੇ ਸਾਹਿਬਜ਼ਾਦਿਆਂ ਦੇ ਨੀਹਾਂ ਵਿੱਚ ਚਿਣੇ ਜਾਣ ਤੋਂ ਬਾਅਦ ਗੁਰੂ ਜੀ ਦੁਆਰਾ ਮਾਛੀਵਾੜੇ ਦੇ ਜੰਗਲਾਂ ਵਿੱਚ ‘ਯਾਰੜੇ ਦਾ ਸਾਨੂੰ ਸੱਥਰ ਚੰਗਾ’ ਦੇ ਉਚਾਰਣ ਦੇ ਦ੍ਰਿਸ਼ਾਂ ਨੂੰ ਸਾਹਵੇਂ ਰੱਖ ਕੇ ਬਟਾਲਵੀ ਆਪਣੇ ਆਪ ਤੇ ਆਪਣੇ ਗੀਤਾਂ ਨੂੰ ਬੇਹੱਦ ਨੀਵਾਂ ਦੱਸਦਿਆਂ ਲਿਖਦਾ ਹੈ:
ਭਰੇ ਬਾਜ਼ਾਰ ਵਿੱਚ ਜਾ ਕੇ ਜੋ, ਆਪਣਾ ਸਿਰ ਕਟਾ ਆਵੇ,
ਜੋ ਆਪਣੇ ਸੋਹਲ ਸ਼ਿੰਦੇ ਬੋਲ, ਨੀਹਾਂ ਵਿੱਚ ਚਿਣਾ ਆਵੇ,
ਤਿਹਾਏ ਸ਼ਬਦ ਨੂੰ ਤਲਵਾਰ ਦਾ ਪਾਣੀ ਪਿਆ ਆਵੇ,
ਜੋ ਲੁੱਟ ਜਾਵੇ ਤੇ ਫਿਰ ਵੀ ਯਾਰੜੇ ਦੇ ਸੱਥਰੀਂ ਗਾਵੇ॥
‘ਸਵਾ ਲਾਖ ਸੇ ਏਕ ਲੜਾਊਂ ਤਬੈ ਗੋਬਿੰਦ ਸਿੰਘ ਨਾਮ ਕਹਾਊਂ, ਚਿੜੀਓਂ ਸੇ ਮੈਂ ਬਾਜ ਤੁੜਾਊਂ ਤਬੈ ਗੋਬਿੰਦ ਸਿੰਘ ਨਾਮ ਕਹਾਊਂ’ ਵਾਲੀ ਸ਼ਖ਼ਸੀਅਤ ਦੇ ਸਨਮੁਖ ਸ਼ਿਵ ਆਖਦਾ ਹੈ:
ਚਿੜੀ ਦੇ ਖੰਭ ਦੀ ਲਲਕਾਰ ਸੌ ਬਾਜਾਂ ਨੂੰ ਖਾ ਜਾਵੇ,
ਮੈਂ ਕਿੰਜ ਤਲਵਾਰ ਦੀ ਗਾਨੀ ਅੱਜ ਆਪਣੇ ਗੀਤ ਦੇ ਗਲ਼ ਪਾਵਾਂ?/ ਮੇਰਾ ਹਰ ਗੀਤ ਬੁਜ਼ਦਿਲ ਹੈ, ਮੈਂ ਕਿਹੜਾ ਗੀਤ ਅੱਜ ਗਾਵਾਂ?
ਮੈਂ ਕਿਹੜੇ ਬੋਲ ਦੀ ਭੇਟਾ ਲੈ, ਤੇਰੇ ਦੁਆਰ ’ਤੇ ਆਵਾਂ ?
ਉਂਜ ਸ਼ਿਵ ਆਪਣੀ ਸ਼ਾਇਰੀ ਵਿੱਚ ਪੰਜਾਬੀ ਧੁਨਾਂ, ਸੁਗੰਧੀਆਂ, ਰੁੱਖਾਂ ਅਤੇ ਪੰਛੀਆਂ ਦੀ ਉਭਾਰੂ ਬਿੰਬਾਵਲੀ, ਜੜ੍ਹਾਂ ਤੇ ਗੌਰਵ ਦਾ ਅਨੁਭਵ ਦੇ ਕੇ ਪੰਜਾਬੀਆਂ ਦੇ ਦਿਲਾਂ ਦੀ ਧੜਕਣ ਬਣਦਾ ਹੋਇਆ ਖੁਸ਼ਬੋਈਆਂ ਦੇ ਬਿੰਬ ਉਜਾਗਰ ਕਰਦਾ ਹੈ ਜਿਨ੍ਹਾਂ ਵਿੱਚ ਸਾਹ ਲੈਣ ਨਾਲ ਮਨੁੱਖ ਬੇਖ਼ੁਦੀ ਦੀ ਅਵਸਥਾ ਵਿੱਚ ਪੁੱਜ ਜਾਂਦਾ ਹੈ, ਪਰ ਆਪਣੀ ਔਲਾਦ ਵਰਗੇ ਉਦਾਸੀ, ਨਿਰਾਸ਼ਾ, ਬਿਰਹਾ ਨਾਲ ਭਰੇ ਕੌੜੇ-ਕੁਸੈਲ਼ੇ ਗੀਤਾਂ ਦੀ ਮਹਿਫ਼ਿਲ ’ਚੋਂ ਉਸ ਨੂੰ ਕੋਈ ਇੱਕ ਗੀਤ ਵੀ ਨਹੀਂ ਲੱਭਦਾ ਜੋ ਬਲਵਾਨ, ਨਿਧੜਕ, ਨਿਡਰ, ਕੁਰਬਾਨੀ ਦੇਣ ਵਾਲਾ ਤੇ ਬੁਲੰਦ ਹੌਸਲੇ ਵਾਲਾ ਹੋਵੇ, ਜੋ ਲੋੜ ਪੈਣ ’ਤੇ ਆਪਣਾ ਸੀਸ ਤਲ਼ੀ ’ਤੇ ਧਰ ਸਕੇ। ਉਹ ਲਿਖਦਾ ਹੈ:
ਮੇਰੇ ਗੀਤਾਂ ਦੀ ਮਹਿਫ਼ਲ ’ਚੋਂ, ਕੋਈ ਉਹ ਗੀਤ ਨਹੀਂ ਲੱਭਦਾ,
ਜੋ ਤੇਰੇ ਸੀਸ ਮੰਗਣ ’ਤੇ, ਤੇਰੇ ਸਾਹਵੇਂ ਖੜ੍ਹਾ ਹੋਵੇ,
ਜੋ ਮੈਲ਼ੇ ਹੋ ਚੁਕੇ ਲੋਹੇ ਨੂੰ, ਆਪਣੇ ਖ਼ੂਨ ਵਿੱਚ ਧੋਵੇ,
ਕਿ ਜਿਸ ਨੂੰ ਪੀੜ ਤਾਂ ਕੀ, ਪੀੜ ਦਾ ਅਹਿਸਾਸ ਵੀ ਨਾ ਛੋਹਵੇ,
ਜੋ ਲੋਹਾ ਪੀ ਸਕੇ, ਉਹ ਗੀਤ ਕਿੱਥੋਂ ਲੈ ਕੇ ਮੈਂ ਆਵਾਂ?
ਮੈਂ ਆਪਣੀ ਪੀੜ ਦੇ ਅਹਿਸਾਸ ਕੋਲੋਂ ਦੂਰ ਕਿੰਜ ਜਾਵਾਂ?
ਬਟਾਲਵੀ ਦੀ ਸ਼ਾਇਰੀ ਵਿੱਚ ਇਹ ਜੁਗਤ ਹੈ ਕਿ ਉਹ ਗੀਤਾਂ ਨੂੰ ਮਨੁੱਖ ਬਣਾ ਦਿੰਦਾ ਹੈ (ਗੀਤਾਂ ਦੇ ਨੈਣਾਂ ਵਿੱਚ ਬਿਰਹੋਂ ਦੀ ਰੜਕ ਪਵੇ)। ਉਹ ਮਹਿਸੂਸ ਕਰਦਾ ਹੈ ਕਿ ਦਸਮ ਪਿਤਾ ਦੀ ਉਸਤਤ ਵਾਸਤੇ ਕੋਈ ਐਸਾ ਗੀਤ ਹੋਣਾ ਚਾਹੀਦਾ ਹੈੈ ਜਿਹਦੇ ਹੱਥ ਵਿੱਚ ਸੱਚ ਦੀ ਤੇਗ਼ ਹੋਵੇ, ਨੈਣਾਂ ਵਿੱਚ ਬਹਾਦਰੀ ਵਾਲਾ ਗੁੱਸਾ ਹੋਵੇ ਤੇ ਦੇਸ਼ ਕੌਮ ਦੀ ਮਿੱਟੀ ਵਾਸਤੇ ਮੋਹ-ਪਿਆਰ ਹੋਵੇ। ਸ਼ਿਵ ਮੰਨਦਾ ਹੈ ਕਿ ਮੇਰੇ ਗੀਤ ਤਾਂ ਬੁਜ਼ਦਿਲ ਹਨ, ਮੈਂ ਐਸੇ ਗੀਤ ਲੈ ਕੇ ਗੁਰੂ ਜੀ ਦੇ ਦੁਆਰ, ਕਿਸ ਮੂੰਹ ਨਾਲ ਜਾਵਾਂ?
ਮੈਂ ਤੇਰੀ ਉਸਤਤੀ ਦਾ ਗੀਤ, ਚਾਹੁੰਦਾ ਹਾਂ ਕਿ ਉਹ ਹੋਵੇ,
ਜਿਹਦੇ ਹੱਥ, ਸੱਚ ਦੀ ਤਲਵਾਰ ਤੇ ਨੈਣਾਂ ’ਚ ਰੋਹ ਹੋਵੇ,
ਜਿਹਦੇ ਵਿੱਚ ਵਤਨ ਦੀ ਮਿੱਟੀ ਲਈ ਅੰਤਾਂ ਦਾ ਮੋਹ ਹੋਵੇ,
ਜਿਹਦੇ ਵਿੱਚ ਲਹੂ ਤੇਰੇ ਦੀ ਰਲ਼ੀ, ਲਾਲੀ ਤੇ ਲੋਅ ਹੋਵੇ,
ਮੈਂ ਆਪਣੇ ਲਹੂ ਦਾ, ਕਿਸੇ ਗੀਤ ਨੂੰ ਟਿੱਕਾ ਕਿਵੇਂ ਲਾਵਾਂ?
ਮੈਂ ਬੁਜ਼ਦਿਲ ਗੀਤ ਲੈ ਕੇ, ਕਿਸ ਤਰ੍ਹਾਂ ਤੇਰੇ ਦੁਆਰ ’ਤੇ ਆਵਾਂ?
ਆਪਣੇ ਆਪ ਤੇ ਆਪਣੇ ਗੀਤਾਂ ਨੂੰ ਨਿਗੂਣਾ ਤੇ ਮੈਲ਼ਾ ਦੱਸਦਾ ਸ਼ਿਵ ਕਹਿੰਦਾ ਹੈ:
ਮੈਂ ਚਾਹੁੰਦਾ ਹਾਂ, ਏਸ ਤੋਂ ਪਹਿਲਾਂ ਕਿ ਤੇਰੀ ਆਰਤੀ ਗਾਵਾਂ,
ਮੈਂ ਮੈਲ਼ੇ ਸ਼ਬਦ ਧੋ ਕੇ, ਜੀਭ ਦੀ ਕਿੱਲੀ ’ਤੇ ਪਾ ਆਵਾਂ।
ਤੇ ਮੈਲ਼ੇ ਸ਼ਬਦ ਸੁੱਕਣ ਤੀਕ, ਤੇਰੀ ਹਰ ਪੈੜ ਚੁੰਮ ਆਵਾਂ,
ਤੇਰੀ ਹਰ ਪੈੜ ’ਤੇ, ਹੰਝੂ ਦਾ ਇੱਕ ਸੂਰਜ ਜਗਾ ਆਵਾਂ।
ਮੈਂ ਲੋਹਾ ਪੀਣ ਦੀ ਆਦਤ, ਜ਼ਰਾ ਗੀਤਾਂ ਨੂੰ ਪਾ ਆਵਾਂ,
ਮੈਂ ਸ਼ਾਇਦ ਫੇਰ, ਕੁਝ ਭੇਟਾ ਕਰਨ ਦੇ ਯੋਗ ਹੋ ਜਾਵਾਂ।
ਮੈਂ ਬੁਜ਼ਦਿਲ ਗੀਤ ਲੈ ਕੇ, ਕਿਸ ਤਰ੍ਹਾਂ ਤੇਰੇ ਦੁਆਰ ’ਤੇ ਆਵਾਂ?
ਮੈਂ ਕਿਹੜੇ ਸ਼ਬਦ ਦੇ ਬੂਹੇ ’ਤੇ ਮੰਗਣ, ਗੀਤ ਅੱਜ ਜਾਵਾਂ?
ਮੇਰਾ ਹਰ ਗੀਤ ਬੁਜ਼ਦਿਲ ਹੈ, ਮੈਂ ਕਿਹੜਾ ਗੀਤ ਅੱਜ ਗਾਵਾਂ?
ਗੁਰੂ ਗੋਬਿੰਦ ਸਿੰਘ ਜੀ ਦੀ ਸ਼ਖ਼ਸੀਅਤ ਅਤੇ ਉਨ੍ਹਾਂ ਦੀ ਕਲਮ ਨੂੰ ਸਿਜਦਾ ਕਰਨ ਦਾ ਇਹ ਨਿਵੇਕਲਾ ਕੰਮ ਸ਼ਿਵ ਬਟਾਲਵੀ ਦਾ ਹੈ ਜਿਸ ਨੇ ਆਪਣੀ ਕਲਮ ਦੀ ਨਿਮਰਤਾ ਨਾਲ ਗੁਰੂ ਸਾਹਿਬ ਦੀ ਕਰਣੀ ਨੂੰ ਵਿਲੱਖਣ ਅੰਦਾਜ਼ ਵਿੱਚ ਵਡਿਆਇਆ ਹੈ।
ਸੰਪਰਕ: 98728-43491

Advertisement
Author Image

Advertisement
Advertisement
×