ਆੜ੍ਹਤੀਆਂ ਤੇ ਕਿਸਾਨਾਂ ਨੇ ਅਨਾਜ ਮੰਡੀ ਦੇ ਗੇਟ ਨੂੰ ਤਾਲਾ ਲਾਇਆ
ਸ਼ਸ਼ੀ ਪਾਲ ਜੈਨ
ਖਰੜ, 24 ਅਕਤੂਬਰ
ਖਰੜ ਅਨਾਜ ਮੰਡੀ ਵਿੱਚ ਖਰੀਦੇ ਗਏ ਝੋਨੇ ਦੇ ਅੰਬਾਰ ਲੱਗ ਚੁੱਕੇ ਹਨ। ਇਸ ਝੋਨੇ ਦੀ ਲਿਫਟਿੰਗ ਨਾ ਹੋਣ ਦੇ ਵਿਰੋਧ ਵਿੱਚ ਅੱਜ ਆੜ੍ਹਤੀਆਂ ਅਤੇ ਕਿਸਾਨਾਂ ਵੱਲੋਂ ਅਨਾਜ ਮੰਡੀ ਦਾ ਗੇਟ ਬੰਦ ਕਰ ਦਿੱਤਾ ਗਿਆ ਤੇ ਉਹ ਧਰਨੇ ’ਤੇ ਬੈਠ ਗਏ। ਆੜ੍ਹਤੀ ਐਸੋਸੀਏਸਨ ਦੇ ਪ੍ਰਧਾਨ ਨਰਿੰਦਰ ਸ਼ਰਮਾ ਨੇ ਦੱਸਿਆ ਕਿ ਖਰੜ ਅਨਾਜ ਮੰਡੀ ਵਿੱਚ ਝੋਨੇ ਦੀ ਢਾਈ ਲੱਖ ਦੇ ਕਰੀਬ ਬੋਰੀ ਪਈ ਹੈ ਅਤੇ ਕੋਈ ਲਿਫਟਿੰਗ ਨਹੀਂ ਹੋ ਰਹੀ। ਇਸ ਧਰਨੇ ਵਿੱਚ ਕਿਸਾਨ ਯੂਨੀਅਨ ਦੇ ਆਗੂ ਜਸਪਾਲ ਸਿੰਘ ਨਿਆਮੀਆਂ ਅਤੇ ਦਵਿੰਦਰ ਸਿੰਘ ਦੇਹਕਲਾਂ ਵੀ ਸ਼ਾਮਲ ਸਨ। ਉਨ੍ਹਾਂ ਦੱਸਿਆ ਕਿ ਇਹ ਧਰਨਾ ਕਈ ਘੰਟੇ ਚੱਲਿਆ ਅਤੇ ਇੱਥੇ ਝੋਨੇ ਦੀ ਕੋਈ ਬੋਲੀ ਨਹੀਂ ਹੋਈ ਹੈ ਤੇ ਨਾ ਹੀ ਕੋਈ ਟਰਾਲੀ ਅਨਲੋਡ ਹੋਈ ਹੈ।
ਖਰੜ ਦੇ ਐੱਸਡੀਐੱਮ ਗੁਰਮੰਦਰ ਸਿੰਘ ਅਤੇ ਡੀਐੱਸਪੀ ਕਰਨ ਸਿੰਘ ਸੰਧੂ ਨੇ ਮੌਕੇ ’ਤੇ ਪਹੁੰਚ ਕੇ ਸਾਰਿਆਂ ਨੂੰ ਸਮਝਾਇਆ। ਉਨ੍ਹਾਂ ਖਰੀਦ ਏਜੰਸੀ ਦੇ ਇੰਸਪੈਕਟਰ ਨੂੰ ਮੌਕੇ ’ਤੇ ਸੱਦਿਆ ਅਤੇ ਲੋਡਿੰਗ ਕਰਨ ਵਾਲੇ ਠੇਕੇਦਾਰ ਨੂੰ ਵੀ ਮੌਕੇ ’ਤੇ ਸੱਦ ਕੇ ਹਦਾਇਤ ਕੀਤੀ ਕਿ ਭਲਕ ਤੋਂ ਲਿਫਟਿੰਗ ਤੇਜ਼ ਕੀਤੀ ਜਾਵੇ।
ਐੱਸਡੀਐੱਮ ਨੇ ਕਿਹਾ ਕਿ ਜੇ ਕਿਸੇ ਨੇ ਇਸ ਸਬੰਧੀ ਕੁਤਾਹੀ ਕੀਤੀ ਤਾਂ ਉਸ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ। ਐੱਸਡੀਐੱਮ ਦੇ ਕਹਿਣ ’ਤੇ ਆੜ੍ਹਤੀਆਂ ਅਤੇ ਕਿਸਾਨਾਂ ਨੇ ਧਰਨਾ ਸਮਾਪਤ ਕਰ ਦਿੱਤਾ।