For the best experience, open
https://m.punjabitribuneonline.com
on your mobile browser.
Advertisement

ਕਾਂਗਰਸ ਦੇ ਵਿਸ਼ਵਾਸਘਾਤ ਕਾਰਨ ‘ਆਪ’ ਦੇ ਨਤੀਜੇ ਨਮੋਸ਼ੀਜਨਕ ਰਹੇ: ਤੰਵਰ

09:16 AM Dec 18, 2023 IST
ਕਾਂਗਰਸ ਦੇ ਵਿਸ਼ਵਾਸਘਾਤ ਕਾਰਨ ‘ਆਪ’ ਦੇ ਨਤੀਜੇ ਨਮੋਸ਼ੀਜਨਕ ਰਹੇ  ਤੰਵਰ
ਬਦਲਾਅ ਯਾਤਰਾ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਡਾ. ਅਸ਼ੋਕ ਤੰਵਰ।
Advertisement

ਇਕਬਾਲ ਸਿੰਘ ਸ਼ਾਂਤ
ਡੱਬਵਾਲੀ , 17 ਦਸੰਬਰ
ਆਮ ਆਦਮੀ ਪਾਰਟੀ ਦੀ ਚੋਣ ਪ੍ਰਚਾਰ ਕਮੇਟੀ ਦੇ ਸੂਬਾ ਪ੍ਰਧਾਨ ਡਾ. ਅਸ਼ੋਕ ਤੰਵਰ ਨੇ ਡੱਬਵਾਲੀ ਤੇ ਕਾਲਾਂਵਾਲੀ ਵਿੱਚ ਚਿੱਟੇ ਅਤੇ ਮੈਡੀਕਲ ਨਸ਼ੇ ਨੂੰ ਭਾਜਪਾ-ਜਜਪਾ ਗੱਠਜੋੜ ਸਰਕਾਰ ਦੀ ਦੇਣ ਦੱਸਿਆ ਹੈ। ਉਨ੍ਹਾਂ ਦੋਸ਼ ਲਾਇਆ ਸਰਕਾਰੀ ਸ਼ਹਿ ’ਤੇ ਮੈਡੀਕਲ ਤੇ ਚਿੱਟੇ ਦਾ ਨਸ਼ਾ ਰਾਜਸਥਾਨ ਤੋਂ ਤਸਕਰੀ ਰਾਹੀਂ ਡੱਬਵਾਲੀ ਵਿੱਚ ਲਿਆਂਦਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਡੱਬਵਾਲੀ ਨੂੰ ਪੁਲੀਸ ਜ਼ਿਲ੍ਹਾ ਵੀ ਬਣਾਇਆ ਗਿਆ ਪਰ ਫਿਰ ਵੀ ਖੇਤਰ ਵਿੱਚ ਨਸ਼ਿਆਂ ਨੂੰ ਨੱਥ ਨਹੀਂ ਪੈ ਸਕੀ। ਸ੍ਰੀ ਤੰਵਰ ਸੂਬਾ ਪੱਧਰੀ ਬਦਲਾਅ ਯਾਤਰਾ ਦੇ ਤੀਸਰੇ ਦਿਨ ਡੱਬਵਾਲੀ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਇਸ ਦੌਰਾਨ ਡੱਬਵਾਲੀ ਵਿੱਚ ਯਾਤਰਾ ਦਾ ਭਰਵਾਂ ਸਵਾਗਤ ਹੋਇਆ।
ਚਾਰ ਸੂਬਿਆਂ ਦੇ ਵਿਧਾਨ ਸਭਾ ਚੋਣ ਨਤੀਜਿਆਂ ਵਿੱਚ ‘ਆਪ’ ਨੂੰ ਨੋਟਾ ਤੋਂ ਵੀ ਘੱਟ ਵੋਟ ਪੈਣ ਦੇ ਸੁਆਲ ’ਤੇ ਉਨ੍ਹਾਂ ਕਿਹਾ ਕਿ ਉਨ੍ਹਾਂ ਸੂਬਿਆਂ ਵਿੱਚ ਸੰਗਠਨ ਨਾ ਹੋਣ ਦੇ ਬਾਵਜੂਦ ਨਵੀਂ ਕੋਸ਼ਿਸ਼ ਸੀ ਅਤੇ ਦੂਸਰਾ ਇੰਡੀਆ ਗੱਠਜੋੜ ਤਹਿਤ ਕਾਂਗਰਸ ਵੱਲੋਂ ‘ਆਪ’ ਨਾਲ ਕੀਤੇ ਵਿਸ਼ਵਾਸਘਾਤ ਦੇ ਨਮੋਸ਼ੀਜਨਕ ਨਤੀਜੇ ਆਏ।
ਉਨ੍ਹਾਂ ਕਿਹਾ ਕਿ ਦਿੱਲੀ ਅਤੇ ਪੰਜਾਬ ਵਿਚਕਾਰ ਹੋਣ ਕਾਰਨ ਹਰਿਆਣਾ ‘ਚ ‘ਆਪ’ ਦਾ ਸੰਗਠਨ ਵੱਧ ਮਜ਼ਬੂਤ ਅਤੇ ਸਰਗਰਮ ਹੈ। ਇੱਥੇ ਦੀ ਜਨਤਾ ਨੂੰ ਦਿੱਲੀ ਅਤੇ ਪੰਜਾਬ ਮਾਡਲ ਖੂਬ ਪਸੰਦ ਆ ਰਹੇ ਹਨ। ‘ਆਪ’ ਦੇ ਪੰਜਾਬ ਅਤੇ ਹਰਿਆਣਾ ਦੇ ਸਿਆਸੀ ਮਾਡਲਾਂ ਵਿਚਕਾਰ ਦੋਵਾਂ ਸੂਬਿਆਂ ਦੇ ਆਪਸੀ ਪਾਣੀਆਂ ਦੇ ਵਿਵਾਦ ਉੱਤੇ ‘ਆਪ’ ਹਰਿਆਣਾ ਦੇ ਸਟੈਂਡ ਬਾਰੇ ਸਵਾਲ ’ਤੇ ਸਾਬਕਾ ਸੰਸਦ ਮੈਂਬਰ ਨੇ ਕਿਹਾ ਕਿ ‘ਆਪ’ ਪੁਰਾਣੀ ਸਮੱਸਿਆਵਾਂ ਦੇ ਹੱਲ ਦੀ ਰਾਜਨੀਤੀ ਕਰਦੀ ਹੈ, ਸਮੱਸਿਆਵਾਂ ’ਤੇ ਰਾਜਨੀਤਕ ਰੋਟੀਆਂ ਸੇਕਣ ਦਾ ਕੰਮ ਨਹੀਂ ਕਰਦੀ। ਸ੍ਰੀ ਤੰਵਰ ਨੇ ਕਿਹਾ ਕਿ ਹਰਿਆਣਾ ਵਿੱਚ ਮੌਜੂਦਾ ਸੱਤਾ ਪੱਖ ਅਤੇ ਵਿਰੋਧੀ ਪੱਖ ਦੋਵੇਂ ਅਸਫ਼ਲ ਸਾਬਤ ਹੋਏ ਹਨ। ਉਨ੍ਹਾਂ ਕਿਹਾ ਕਿ ਬਦਲਾਅ ਯਾਤਰਾ ਨਾਲ ਸੂਬੇ ਦੀ ਰਾਜਨੀਤੀ ’ਚ ਬਦਲਾਅ ਆਵੇਗਾ। ਇਸ ਮੌਕੇ ‘ਆਪ’ ਸਿਰਸਾ ਲੋਕ ਸਭਾ ਦੇ ਇੰਚਾਰਜ ਕੁਲਦੀਪ ਗਦਰਾਣਾ, ਸੀਨੀਅਰ ਆਗੂ ਕੁਲਦੀਪ ਭਾਂਬੂ, ਪੂਨਮ ਗੋਦਾਰਾ, ਵਿੱਕੀ ਗਿੱਲ ਸਮੇਤ ‘ਆਪ’ ਵਰਕਰ ਅਤੇ ਅਹੁਦੇਦਾਰ ਮੌਜੂਦ ਸਨ।

Advertisement

ਡੱਬਵਾਲੀ ਅਗਨੀ ਕਾਂਡ ਸਮਾਰਕ ਨੂੰ ਸਮਾਰਕ ਦਾ ਦਰਜਾ ਦੇਣ ਦੀ ਮੰਗ
ਅਸ਼ੋਕ ਤੰਵਰ ਨੇ ਹਰਿਆਣਾ ਸਰਕਾਰ ਤੋਂ 23 ਦਸੰਬਰ 1995 ਨੂੰ ਵਾਪਰੇ ਹੌਲਨਾਕ ਡੱਬਵਾਲੀ ਅਗਨੀਕਾਂਡ ਸਮਾਰਕ ਨੂੰ ਰਾਸ਼ਟਰੀ/ਰਾਜ ਪੱਧਰੀ ਸਮਾਰਕ ਦਾ ਦਰਜਾ ਦੇਣ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਡੱਬਵਾਲੀ ਅਗਨੀਕਾਂਡ ਸ਼ਹੀਦੀ ਸਮਾਰਕ ਨਾਲ ਡੱਬਵਾਲੀ ਹੀ ਨਹੀਂ ਹਰਿਆਣਾ, ਪੰਜਾਬ ਤੇ ਰਾਜਸਥਾਨ ਦੇ ਲੱਖਾਂ ਲੋਕਾਂ ਦੀਆਂ ਭਾਵਨਾਵਾਂ ਜੁੜੀਆਂ ਹਨ। ਇਹ ਦੇਸ਼ ਨੂੰ ਹਿਲਾਉਣ ਵਾਲਾ ਹਾਦਸਾ ਸੀ ਜਿਸਨੂੰ ਅੱਜ ਤੱਕ ਪੂਰਾ ਦੇਸ਼ ਅਤੇ ਡੱਬਵਾਲੀ ਦੇ ਲੋਕ ਨਹੀਂ ਭੁੱਲ ਸਕੇ ਹਨ। ਉਨ੍ਹਾਂ ਕਿਹਾ ਕਿ ਜੇਕਰ ਮੌਜੂਦਾ ਸਰਕਾਰ ਇਸਨੂੰ ਰਾਸ਼ਟਰੀ ਸਮਾਰਕ ਦਾ ਦਰਜਾ ਨਹੀਂ ਦਿੰਦੀ ਤਾਂ ਸੂਬੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਦੇ ਹੀ ਇਸ ਸਮਾਰਕ ਨੂੰ ਰਾਸ਼ਟਰੀ ਸਮਾਰਕ ਦਾ ਦਰਜਾ ਦਿਵਾਇਆ ਜਾਵੇਗਾ।

Advertisement
Author Image

Advertisement
Advertisement
×