For the best experience, open
https://m.punjabitribuneonline.com
on your mobile browser.
Advertisement

ਪੰਜਾਬ ’ਚ ‘ਆਪ’ ਦੀ ਚੋਣ ਮੁਹਿੰਮ ਅੱਜ ਤੋਂ ਹੋਵੇਗੀ ਸ਼ੁਰੂ

08:42 AM Mar 11, 2024 IST
ਪੰਜਾਬ ’ਚ ‘ਆਪ’ ਦੀ ਚੋਣ ਮੁਹਿੰਮ ਅੱਜ ਤੋਂ ਹੋਵੇਗੀ ਸ਼ੁਰੂ
Advertisement

ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 10 ਮਾਰਚ
‘ਆਪ’ ਭਲਕੇ ਮੁਹਾਲੀ ਤੋਂ ਪੰਜਾਬ ਵਿੱਚ ਆਪਣੀ ਚੋਣ ਮੁਹਿੰਮ ਦੀ ਸ਼ੁਰੂਆਤ ਕਰੇਗੀ। ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਅੱਜ ਪੰਜਾਬ ਪੁੱਜ ਗਏ ਹਨ। ਦਿੱਲੀ ਅਤੇ ਹਰਿਆਣਾ ਮਗਰੋਂ ਸੋਮਵਾਰ ਨੂੰ ਇੱਕ ਪ੍ਰੈੱਸ ਕਾਨਫਰੰਸ ਕਰਕੇ ਅਰਵਿੰਦ ਕੇਜਰੀਵਾਲ ਤੇ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਦੀ ਚੋਣ ਮੁਹਿੰਮ ਦਾ ਆਗਾਜ਼ ਕਰਨਗੇ। ਪੰਜਾਬ ਲਈ ‘ਆਪ’ ਵੱਲੋਂ ਨਵਾਂ ਨਾਅਰਾ ਦਿੱਤਾ ਜਾਵੇਗਾ। ‘ਆਪ’ ਸਰਕਾਰ ਵੱਲੋਂ ਦੋ ਵਰ੍ਹਿਆਂ ਦੇ ਕਾਰਜਕਾਲ ਦੌਰਾਨ ਕੀਤੇ ਕੰਮਾਂ ਦਾ ਬਿਊਰਾ ਤਿਆਰ ਕੀਤਾ ਗਿਆ ਹੈ। ਇਨ੍ਹਾਂ ਵਿੱਚ ਪੰਜਾਬ ’ਚ ਜ਼ੀਰੋ ਬਿੱਲ, ਰੁਜ਼ਗਾਰ ਮੁਹਿੰਮ, ਆਮ ਆਦਮੀ ਕਲੀਨਿਕ, ਹਰ ਖੇਤ ਨਹਿਰੀ ਪਾਣੀ ਅਤੇ ਭ੍ਰਿਸ਼ਟਾਚਾਰ ਵਿਰੋਧੀ ਮੁਹਿੰਮ ਨੂੰ ਪ੍ਰਮੁੱਖਤਾ ਦਿੱਤੀ ਜਾਵੇਗੀ। ਲੋਕ ਸਭਾ ਚੋਣਾਂ ’ਚ ਕੇਂਦਰ ਸਰਕਾਰ ਵੱਲੋਂ ਦੋ ਸਾਲਾਂ ਦੌਰਾਨ ਪੰਜਾਬ ਦੇ ਰੋਕੇ ਫੰਡਾਂ ਅਤੇ ਪ੍ਰਾਜੈਕਟਾਂ ਦੀ ਗੱਲ ਕੀਤੀ ਜਾਵੇਗੀ। ਕੇਜਰੀਵਾਲ ਅੱਜ ਸ਼ਾਮ ਕੁਰੂਕਸ਼ੇਤਰ ਤੋਂ ਚੰਡੀਗੜ੍ਹ ਪੁੱਜੇ ਹਨ। ‘ਆਪ’ ਵੱਲੋਂ 14 ਮਾਰਚ ਤੋਂ ਬਾਅਦ ਪਾਰਟੀ ਉਮੀਦਵਾਰਾਂ ਦਾ ਐਲਾਨ ਕੀਤਾ ਜਾ ਸਕਦਾ ਹੈ ਅਤੇ ਇਸ ਵੇਲੇ ਸਰਵੇਖਣ ਕਰਵਾਏ ਜਾ ਰਹੇ ਹਨ ਤਾਂ ਜੋ ਉਮੀਦਵਾਰਾਂ ਦੇ ਨਾਵਾਂ ਨੂੰ ਅੰਤਿਮ ਛੋਹਾਂ ਦਿੱਤੀਆਂ ਜਾ ਸਕਣ। ਸਾਬਕਾ ਕਾਂਕਰਸੀ ਵਿਧਾਇਕ ਗੁਰਪ੍ਰੀਤ ਸਿੰਘ ਜੀਪੀ ਨੂੰ ਪਾਰਟੀ ’ਚ ਸ਼ਾਮਲ ਕਰਾ ਕੇ ‘ਆਪ’ ਇਸ ਨੂੰ ਕਾਂਗਰਸ ਲਈ ਵੱਡਾ ਝਟਕਾ ਸਮਝ ਰਹੀ ਹੈ। ਐਤਕੀਂ ਲੋਕ ਸਭਾ ਚੋਣਾਂ ਵਿੱਚ ਪੰਜਾਬ ਦੀ ਸਮੁੱਚੀ ਚੋਣ ਮੁਹਿੰਮ ਭਗਵੰਤ ਮਾਨ ਦੇ ਹੱਥ ਰਹੇਗੀ। ਪੰਜਾਬ ਵਿੱਚ ਇਨ੍ਹਾਂ ਚੋਣਾਂ ਵਿੱਚ ‘ਆਪ’ ਤੇ ਕਾਂਗਰਸ ਵੱਲੋਂ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਨੂੰ ਨਿਸ਼ਾਨੇ ’ਤੇ ਰੱਖਿਆ ਜਾਵੇਗਾ। ਜੇਕਰ ਅਕਾਲੀ ਦਲ ਤੇ ਭਾਜਪਾ ਦਰਮਿਆਨ ਗੱਠਜੋੜ ਹੁੰਦਾ ਹੈ ਤਾਂ ‘ਆਪ’ ਵੱਲੋਂ ਕਿਸਾਨਾਂ ਦੇ ਮੁੱਦੇ ’ਤੇ ਘੇਰਾਬੰਦੀ ਕੀਤੀ ਜਾਵੇਗੀ। ਦਿੱਲੀ ਅੰਦੋਲਨ ’ਚ 750 ਕਿਸਾਨਾਂ ਦੀ ਸ਼ਹੀਦੀ ਨੂੰ ਉਭਾਰਿਆ ਜਾਵੇਗਾ। ਇਸੇ ਤਰ੍ਹਾਂ ਬੇਅਦਬੀ ਦੇ ਮੁੱਦੇ ਨੂੰ ਵੀ ਚੁੱਕਿਆ ਜਾਵੇਗਾ। ਸੂਤਰ ਦੱਸਦੇ ਹਨ ਕਿ ‘ਆਪ’ ਇੱਕਾ-ਦੁੱਕਾ ਕੈਬਨਿਟ ਮੰਤਰੀਆਂ ਨੂੰ ਵੀ ਚੋਣ ਪਿੜ ਵਿੱਚ ਉਤਾਰ ਸਕਦੀ ਹੈ। ਭਾਵੇਂ ਪਾਰਟੀ ਵੱਲੋਂ ਹਰ ਹਲਕੇ ’ਚੋਂ ਤਿੰਨ-ਤਿੰਨ ਨਾਵਾਂ ਦੀ ਸੰਭਾਵੀ ਉਮੀਦਵਾਰ ਵਜੋਂ ਚੋਣ ਕੀਤੀ ਗਈ ਹੈ ਪਰ ਵੱਡੇ ਚਿਹਰਿਆਂ ਨੂੰ ਤਰਜੀਹ ਦਿੱਤੀ ਜਾਣੀ ਹੈ। ‘ਆਪ’ ਵੱਲੋਂ ਵਿਰੋਧੀ ਉਮੀਦਵਾਰਾਂ ’ਤੇ ਵੀ ਨਜ਼ਰ ਰੱਖੇਗੀ। ‘ਆਪ’ ਵੱਲੋਂ ਅੰਮ੍ਰਿਤਸਰ ਸਾਹਿਬ, ਖਡੂਰ ਸਾਹਿਬ ਅਤੇ ਸ੍ਰੀ ਆਨੰਦਪੁਰ ਸਾਹਿਬ ਤੋਂ ਪੰਥਕ ਛਵੀ ਵਾਲੇ ਚਿਹਰੇ ਉਤਾਰੇ ਜਾਣ ਦੀ ਸੰਭਾਵਨਾ ਹੈ।

Advertisement

ਅਕਾਲੀ ਦਲ ਅਤੇ ਭਾਜਪਾ ਵਿੱਚ ਗੱਠਜੋੜ ਦਾ ਅੱਜ ਹੋ ਸਕਦੈ ਫੈਸਲਾ

ਸ਼੍ਰੋਮਣੀ ਅਕਾਲੀ ਦਲ ਦਾ ਭਾਜਪਾ ਨਾਲ ਗੱਠਜੋੜ ਦਾ ਮਾਮਲਾ ਆਉਂਦੇ ਦੋ ਦਿਨਾਂ ਵਿਚ ਵਿਚਾਰਿਆ ਜਾ ਸਕਦਾ ਹੈ। ਭਾਜਪਾ ਦੇ ਪਾਰਲੀਮਾਨੀ ਬੋਰਡ ਦੀ ਅੱਜ ਮੀਟਿੰਗ ਸ਼ੁਰੂ ਹੋ ਗਈ ਹੈ, ਜੋ ਸੋਮਵਾਰ ਸ਼ਾਮ ਤੱਕ ਚੱਲੇਗੀ। ਸੂਤਰ ਦੱਸਦੇ ਹਨ ਕਿ ਸੋਮਵਾਰ ਵਾਲੇ ਦਿਨ ਇਸ ਬੋਰਡ ਦੀ ਮੀਟਿੰਗ ਵਿਚ ਪੰਜਾਬ ਦਾ ਮਾਮਲਾ ਵਿਚਾਰੇ ਜਾਣ ਦੀ ਸੰਭਾਵਨਾ ਹੈ। ਅੱਜ ਮਰਹੂਮ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਬਰਸੀ ਸਮਾਗਮਾਂ ਵਿੱਚ ਭਾਜਪਾ ਦੀ ਕੇਂਦਰੀ ਲੀਡਰਸ਼ਿਪ ਦੇ ਨਾ ਪੁੱਜਣ ਦੇ ਵੀ ਸਿਆਸੀ ਮਾਅਨੇ ਕੱਢੇ ਜਾ ਰਹੇ ਹਨ।

Advertisement

Advertisement
Author Image

Advertisement