‘ਆਪ’ ਵੱਲੋਂ ਹਸਦਿਓ ਜੰਗਲਾਂ ਵਿੱਚ ਕੋਲਾ ਮਾਈਨਿੰਗ ਬੰਦ ਕਰਵਾਉਣ ਦੀ ਮੰਗ
ਪੱਤਰ ਪ੍ਰੇਰਕ
ਨਵੀਂ ਦਿੱਲੀ, 29 ਜਨਵਰੀ
ਆਮ ਆਦਮੀ ਪਾਰਟੀ ਨੇ ਕੇਂਦਰ ਅਤੇ ਰਾਜ ਸਰਕਾਰ ਤੋਂ ਛੱਤੀਸਗੜ੍ਹ ਦੇ ਹਸਦਿਓ ਦੇ ਜੰਗਲਾਂ ਵਿੱਚ ਅਡਾਨੀ ਗਰੁੱਪ ਵੱਲੋਂ ਕੀਤੀ ਜਾ ਰਹੀ ਕੋਲਾ ਮਾਈਨਿੰਗ ਨੂੰ ਤੁਰੰਤ ਬੰਦ ਕਰਨ ਦੀ ਮੰਗ ਕੀਤੀ ਹੈ। ‘ਆਪ’ ਦੇ ਸੀਨੀਅਰ ਆਗੂ ਕੁਲਦੀਪ ਕੁਮਾਰ ਨੇ ਦੱਸਿਆ ਕਿ ਹਸਦਿਓ ਜੰਗਲ ਪੰਜਵੇਂ ਸ਼ਡਿਊਲ ’ਚ ਆਉਂਦਾ ਹੈ। ਇਸ ਲਈ ਮਾਈਨਿੰਗ ਲਈ ਉਥੋਂ ਦੀਆਂ ਪਿੰਡਾਂ ਦੀਆਂ ਕੌਂਸਲਾਂ ਤੋਂ ਐਨਓਸੀ ਲੈਣੀ ਜ਼ਰੂਰੀ ਹੈ। ਇਸ ਦੌਰਾਨ ‘ਆਪ’ ਛੱਤੀਸਗੜ੍ਹ ਦੀ ਸੂਬਾ ਸਕੱਤਰ ਪ੍ਰਿਅੰਕਾ ਸ਼ੁਕਲਾ ਨੇ ਕਿਹਾ ਕਿ 20 ਗ੍ਰਾਮ ਸਭਾਵਾਂ ਨੇ ਮਾਈਨਿੰਗ ਦਾ ਵਿਰੋਧ ਕੀਤਾ ਹੈ ਫਿਰ ਵੀ ਮਾਈਨਿੰਗ ਲਗਾਤਾਰ ਹੋ ਰਹੀ ਹੈ। 2021 ਵਿੱਚ ਰਾਜਪਾਲ ਨੇ ਮਾਈਨਿੰਗ ’ਤੇ ਰੋਕ ਲਗਾ ਦਿੱਤੀ ਅਤੇ ਗ੍ਰਾਮ ਸਭਾ ਦੇ ਫਰਜ਼ੀ ਐਨਓਸੀ ਦੀ ਜਾਂਚ ਦੇ ਆਦੇਸ਼ ਦਿੱਤੇ ਪਰ ਕੋਈ ਜਾਂਚ ਨਹੀਂ ਹੋਈ। ਕੇਂਦਰ ਸਰਕਾਰ ਦੀ ਸੰਸਥਾ ਡਬਲਿਊਆਈਆਈ ਨੇ ਵੀ ਆਪਣੀ ਰਿਪੋਰਟ ਵਿੱਚ ਕਿਹਾ ਹੈ ਕਿ ਜੇ ਹਸਦਿਓ ਦੇ ਜੰਗਲਾਂ ਵਿੱਚ ਮਾਈਨਿੰਗ ਕੀਤੀ ਜਾਂਦੀ ਹੈ ਤਾਂ ਇਸ ਦੇ ਮਾੜੇ ਪ੍ਰਭਾਵ ਹੋਣਗੇ। ਪ੍ਰਿਅੰਕਾ ਨੇ ਕਿਹਾ ਕਿ ਛੱਤੀਸਗੜ੍ਹ ’ਚ ਜਦੋਂ ਭਾਜਪਾ ਵਿਰੋਧੀ ਧਿਰ ’ਚ ਸੀ ਤਾਂ ਸਰਕਾਰ ’ਤੇ ਦੋਸ਼ ਲਾਉਂਦੀ ਸੀ ਪਰ ਹੁਣ ਉਹ ਸਰਕਾਰ ’ਚ ਹੈ ਫਿਰ ਵੀ ਉਹ ਕੁਝ ਨਹੀਂ ਕਰ ਰਹੀ। ਉਨ੍ਹਾਂ ਕਿਹਾ ਕਿ ਹਸਦਿਓ ਜੰਗਲ ’ਚੋਂ ਲਗਭਗ 4 ਲੱਖ ਦਰੱਖਤ ਕੱਟੇ ਜਾਣਗੇ।