‘ਆਪ’ ਦਾ ਵਫ਼ਦ ਜਥੇਦਾਰ ਹਰਪ੍ਰੀਤ ਸਿੰਘ ਨੂੰ ਮਿਲਿਆ
ਪੱਤਰ ਪ੍ਰੇਰਕ
ਤਲਵੰਡੀ ਸਾਬੋ, 17 ਅਕਤੂਬਰ
ਆਮ ਆਦਮੀ ਪਾਰਟੀ ਦੇ ਸਰਦੂਲਗੜ੍ਹ ਤੋਂ ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ, ਬਠਿੰਡਾ ਸ਼ਹਿਰੀ ਤੋਂ ਵਿਧਾਇਕ ਜਗਰੂਪ ਸਿੰਘ ਗਿੱਲ ਅਤੇ ਪਾਰਟੀ ਦੇ ਸੀਨੀਅਰ ਮੁੱਖ ਬੁਲਾਰੇ ਨੀਲ ਗਰਗ ਨੇ ਅੱਜ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨਾਲ ਮੁਲਾਕਾਤ ਕੀਤੀ।
ਸਿੰਘ ਸਾਹਿਬ ਨੂੰ ਮਿਲਣ ਮਗਰੋਂ ‘ਆਪ’ ਆਗੂਆਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਸਿਆਸੀ ਤੌਰ ’ਤੇ ਨਹੀਂ ਸਗੋਂ ਨਿਮਾਣਿਆਂ ਵਜੋਂ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੂੰ ਮਿਲਣ ਆਏ ਹਨ। ਉਨ੍ਹਾਂ ਕਿਹਾ ਕਿ ਸ਼ੋਮਣੀ ਅਕਾਲੀ ਦਲ ਜੋ ਸਿੱਖ ਪੰਥ ਦੇ ਹਿੱਤਾਂ ਦੀ ਰਾਖੀ ਵਾਲੀ ਪਾਰਟੀ ਹੈ, ਜਿਸ ਦਾ ਮੁੱਖ ਮਕਸਦ ਸਿੱਖ ਪੰਥ ਦੇ ਹਿੱਤਾਂ ਅਤੇ ਅਕਾਲ ਤਖ਼ਤ ਸਾਹਿਬ ਦੀ ਮਾਣ ਮਰਿਆਦਾ ਨੂੰ ਕਾਇਮ ਰੱਖਣ ਲਈ ਸੰਗਤਾਂ ਨੂੰ ਪ੍ਰੇਰਿਤ ਕਰਨਾ ਹੈ। ਦੁੱਖ ਦੀ ਗੱਲ ਹੈ ਕਿ ਅਕਾਲੀ ਦਲ ਦੇ ਸੀਨੀਅਰ ਆਗੂ ਹੀ ਸਿੰਘ ਸਾਹਿਬਾਨ ਤੇ ਤਖ਼ਤ ਸਾਹਿਬਾਨ ਨੂੰ ਟਿੱਚ ਸਮਝ ਰਹੇ ਹਨ। ਉਨ੍ਹਾਂ ਅਕਾਲੀ ਦਲ ’ਤੇ ਸਿੰਘ ਸਾਹਿਬਾਨਾਂ ਤੋਂ ਉਨ੍ਹਾਂ ’ਤੇ ਦਬਾਅ ਪਾ ਕੇ ਆਪਣੇ ਹਿੱਤਾਂ ਲਈ ਫੈਸਲੇ ਕਰਵਾਉਣ ਦਾ ਦੋਸ਼ ਲਾਇਆ।
ਉਨ੍ਹਾਂ ਕਿਹਾ ਕਿ ਅਜਿਹੇ ਵਿਅਕਤੀਆਂ ਖ਼ਿਲਾਫ਼ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ। ਉਨ੍ਹਾਂ ਜਥੇਦਾਰਾਂ ਨੂੰ ਪੰਥ ਵਿਰੋਧੀ ਖ਼ਿਲਾਫ਼ ਲੋਕਾਂ ਖ਼ਿਲਾਫ਼ ਸਖ਼ਤ ਫੈਸਲੇ ਲੈਣ ਲਈ ਵੀ ਆਖਿਆ। ‘ਆਪ’ ਆਗੂਆਂ ਨੇ ਕਿਹਾ ਕਿ ਉਨ੍ਹਾਂ ਜਥੇਦਾਰ ਹਰਪ੍ਰੀਤ ਸਿੰਘ ਨੂੰ ਅਪੀਲ ਕੀਤੀ ਕਿ ਉਹ ਸਿੱਖ ਕੌਮ ਦੀ ਅਗਵਾਈ ਕਰਦੇ ਰਹਿਣ ਕਿਉਂਕਿ ਸਿੱਖ ਕੌਮ ਨੂੰ ਉਨ੍ਹਾਂ ਦੀ ਸੇਵਾਵਾਂ ਦੀ ਬਹੁਤ ਲੋੜ ਹੈ।