ਦਿੱਲੀ ਰੈਲੀ ਲਈ ਪੰਜਾਬ ਵਿੱਚ ‘ਆਪ’ ਵਰਕਰ ਹੋਏ ਪੱਬਾਂ ਭਾਰ
ਜੋਗਿੰਦਰ ਸਿੰਘ ਮਾਨ
ਮਾਨਸਾ, 29 ਮਾਰਚ
ਵਿਰੋਧੀ ਧਿਰ ‘ਇੰਡੀਆ’ ਗੱਠਜੋੜ ਵੱਲੋਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਗ੍ਰਿਫ਼ਤਾਰੀ ਦਾ ਵਿਰੋਧ ਕਰਨ ਲਈ 31 ਮਾਰਚ ਨੂੰ ਦਿੱਲੀ ਦੇ ਰਾਮਲੀਲਾ ਮੈਦਾਨ ਵਿੱਚ ਕੀਤੀ ਜਾ ਰਹੀ ਮਹਾਂ ਰੈਲੀ ਲਈ ਪੰਜਾਬ ਭਰ ’ਚੋਂ ਆਮ ਆਦਮੀ ਪਾਰਟੀ ਦੇ ਵਰਕਰਾਂ ਵੱਲੋਂ ਦਿੱਲੀ ਜਾਣ ਦੀਆਂ ਜ਼ੋਰਦਾਰ ਤਿਆਰੀਆਂ ਵਿੱਢ ਦਿੱਤੀਆਂ ਗਈਆਂ ਹਨ। ‘ਆਪ’ ਅਤੇ ਕਾਂਗਰਸ ਨੇ ਦੇਸ਼ ਦੇ ਹਿੱਤਾਂ ਅਤੇ ਲੋਕਤੰਤਰ ਦੀ ਰਾਖੀ ਲਈ ਇਸ ਰੈਲੀ ਦਾ ਐਲਾਨ ਕੀਤਾ ਹੋਇਆ ਹੈ, ਜਿਸ ਲਈ ਪੰਜਾਬ ਦੇ ਹਰੇਕ ਵਿਧਾਨ ਸਭਾ ਹਲਕੇ ’ਚੋਂ ਰਾਜ ਦੀ ਸੱਤਾਧਾਰੀ ਪਾਰਟੀ ਨੇ ਇੱਕ ਹਜ਼ਾਰ ਵਰਕਰ ਨੂੰ ਲਿਜਾਣ ਦਾ ਟੀਚਾ ਮਿੱਥਿਆ ਹੋਇਆ ਹੈ। ਆਮ ਆਦਮੀ ਪਾਰਟੀ ਦੇ ਸੂਬਾ ਕਾਰਜਕਾਰੀ ਪ੍ਰਧਾਨ ਅਤੇ ਬੁਢਲਾਡਾ ਤੋਂ ਵਿਧਾਇਕ ਪ੍ਰਿੰਸੀਪਲ ਬੁੱਧਰਾਮ ਇਸ ਰੈਲੀ ਦੀਆਂ ਤਿਆਰੀਆਂ ਲਈ ਅੱਜ ਸਾਰਾ ਦਿਨ ਵਰਕਰ ਮੀਟਿੰਗਾਂ ਲਈ ਰੁੱਝੇ ਰਹੇ। ਉਨ੍ਹਾਂ ਦੱਸਿਆ ਕਿ ਪਾਰਟੀ ਵਰਕਰ ਭਲਕੇ ਹੀ ਕਾਫ਼ਲਿਆਂ ਰਾਹੀਂ ਦਿੱਲੀ ਨੂੰ ਰਵਾਨਾ ਹੋਣਗੇ ਅਤੇ ਦਿੱਲੀ ਵਿੱਚ ਇਸ ਗ੍ਰਿਫ਼ਤਾਰੀ ਦੇ ਵਿਰੋਧ ’ਚ ਮੋਦੀ ਸਰਕਾਰ ਖਿਲਾਫ਼ ਇੱਕ ਵੱਡਾ ਇਕੱਠ ਕਰ ਕੇ ਕੇਂਦਰ ਸਰਕਾਰ ਦੀ ਧੱਕੇਸ਼ਾਹੀ ਦਾ ਜਵਾਬ ਦੇਣਗੇ।
ਉਨ੍ਹਾਂ ਦੱਸਿਆ ਕਿ ਪੰਜਾਬ ਤੋਂ ਜਾਣ ਵਾਲੇ ਵਰਕਰਾਂ ਦੀਆਂ ਸੂਚੀਆਂ ਵੀ ਮਿਲ ਗਈਆਂ ਹਨ ਅਤੇ ਉਨ੍ਹਾਂ ਦੇ ਲੰਗਰ-ਪਾਣੀ ਦਾ ਬੰਦੋਬਸਤ ਪਾਰਟੀ ਆਗੂਆਂ ਵੱਲੋਂ ਬਾਕਾਇਦਾ ਦਿੱਲੀ ਵਿੱਚ ਕੀਤਾ ਗਿਆ ਹੈ।
ਪ੍ਰਿੰਸੀਪਲ ਬੁੱਧਰਾਮ ਨੇ ਇਹ ਵੀ ਦੱਸਿਆ ਕਿ ਇੰਡੀਆ ਗੱਠਜੋੜ ਵੱਲੋਂ ਕੀਤੀ ਜਾ ਰਹੀ ਇਸ ਮਹਾਂਰੈਲੀ ਲਈ ਬਕਾਇਦਾ ਮਨਜ਼ੂਰੀ ਲਈ ਗਈ ਹੈ, ਪਰ ਫਿਰ ਵੀ ਮੋਦੀ ਸਰਕਾਰ ਵੱਲੋਂ ਰੈਲੀ ਵਿੱਚ ਕਈ ਤਰ੍ਹਾਂ ਦੇ ਅੜਿੱਕੇ ਖੜ੍ਹੇ ਕੀਤੇ ਜਾ ਸਕਦੇ ਹਨ, ਜਿਸ ਲਈ ਹਰ ਤਰ੍ਹਾਂ ਦਾ ਬਦਲਵਾਂ ਪ੍ਰਬੰਧ ਦਿੱਲੀ ਵਿਚਲੇ ਆਗੂਆਂ ਵੱਲੋਂ ਕਰ ਲਿਆ ਗਿਆ ਹੈ।
ਉਧਰ, ਇਸ ਰੈਲੀ ਲਈ ਵਿਧਾਇਕ ਐਡਵੋਕੇਟ ਗੁਰਪ੍ਰੀਤ ਸਿੰਘ ਬਣਾਂਵਾਲੀ ਨੇ ਪਾਰਟੀ ਵਰਕਰਾਂ ਦੀ ਮੀਟਿੰਗ ਸੰਬੋਧਨ ਕਰਦਿਆਂ ਕਿਹਾ ਕਿ ਹੁਣ ਦੇਸ਼ ਦੇ ਲੋਕਤੰਤਰ ਅਤੇ ਦੇਸ਼ ਨੂੰ ਖ਼ਤਰੇ ’ਚੋਂ ਕੱਢਣ ਲਈ ਸਾਰੀਆਂ ਪਾਰਟੀਆਂ ਨੂੰ ਇੱਕਜੁੱਟ ਹੋਣ ਦੀ ਵੱਡੀ ਲੋੜ ਹੈ। ਇਸੇ ਮਾਮਲੇ ਨੂੰ ਲੈ ਕੇ ਹੀ ਦਿੱਲੀ ਦੀ
ਇਸ ਮਹਾਂਰੈਲੀ ਵਿੱਚ ਪੰਜਾਬ ਭਰ ’ਚੋਂ ਪਾਰਟੀ ਵਰਕਰ ਕੇਂਦਰ ਸਰਕਾਰ ਵਿਰੁੱਧ ਅਵਾਜ਼ ਬੁਲੰਦ ਕਰਨ ਲਈ ਦਿੱਲੀ ਜਾਣ ਵਾਸਤੇ ਪੱਬਾਂ ਭਾਰ ਹੋਏ ਬੈਠੇ ਹਨ। ਉਨ੍ਹਾਂ ਕਿਹਾ ਕਿ ਪਾਰਟੀ ਦੇ ਬਹੁਤੇ ਵਰਕਰ ਤੇ ਆਗੂ ਦਿੱਲੀ ਦੇ ਕਿਸਾਨ ਅੰਦੋਲਨ ਵਾਂਗ ਰੇਲਾਂ ਰਾਹੀਂ ਜਾਣ ਨੂੰ ਤਰਜੀਹ ਦੇ ਰਹੇ ਹਨ ਅਤੇ ਉਨ੍ਹਾਂ ਨੂੰ ਡਰ ਹੈ ਕਿ ਕੇਂਦਰ ਸਰਕਾਰ ਬੱਸਾਂ ਨੂੰ ਘੇਰ ਕੇ ਨਵੀਂ ਰੁਕਾਵਟ ਖੜ੍ਹੀ ਕਰ ਸਕਦੀ ਹੈ।