ਦਫ਼ਤਰਾਂ ’ਚ ਪੁੱਛ-ਪ੍ਰਤੀਤ’ ਨਾ ਹੋਣ ਕਾਰਨ ‘ਆਪ’ ਵਰਕਰ ਔਖੇ
ਪੱਤਰ ਪ੍ਰੇਰਕ
ਮੁਕੇਰੀਆਂ, 6 ਜੂਨ
ਦਫ਼ਤਰਾਂ ਵਿੱਚ ‘ਆਪ’ ਕਾਰਕੁਨਾਂ ਦੀ ‘ਪੁੱਛ ਪ੍ਰਤੀਤ’ ਨਾ ਹੋਣ ਖ਼ਿਲਾਫ਼ ਸੱਦੀ ਮੀਟਿੰਗ ਵਿੱਚ ਮਾਰਕੀਟ ਕਮੇਟੀ ਦੇ ਚੇਅਰਮੈਨ ਹਰਜੀਤ ਸਿੰਘ ਸਹੋਤਾ ਦੀ ਚੇਅਰਮੈਨੀ ਦਾ ਵਿਰੋਧ ਕਰਨ ਵਾਲੇ ਅਮਰਜੀਤ ਸਿੰਘ ਛੰਨੀ ਨੰਦ ਸਿੰਘ ਮੀਟਿੰਗ ਤੋਂ ਹੀ ਪਾਸਾ ਵੱਟ ਗਏ। ਇਨ੍ਹਾਂ ਵਰਕਰਾਂ ਦੀ ਮੀਟਿੰਗ ਪਾਰਟੀ ਦੇ ਸਾਬਕਾ ਹਲਕਾ ਇੰਚਾਰਜ ਸੁਲੱਖਣ ਸਿੰਘ ਜੱਗੀ ਦੀ ਪ੍ਰਧਾਨਗੀ ਹੇਠ ਹੋਈ। ਇਸ ਦੌਰਾਨ ਕਾਰਕੁਨਾਂ ਨੇ ਪ੍ਰਸ਼ਾਸਨਿਕ ਦਫ਼ਤਰਾਂ ਵਿੱਚ ਉਨ੍ਹਾਂ ਦੀ ਸੁਣਵਾਈ ਨਾ ਹੋਣ ਦੇ ਦੋਸ਼ ਲਗਾਉਂਦਿਆਂ ਇਹ ਮਾਮਲਾ ਪਾਰਟੀ ਦੇ ਹਲਕਾ ਇੰਚਾਰਜ ਕੋਲ ਉਠਾਉਣ ਦਾ ਫ਼ੈਸਲਾ ਕੀਤਾ ਹੈ।
ਦੱਸਣਯੋਗ ਹੈ ਕਿ ਸਰਕਾਰ ਵਲੋਂ ਹਰਜੀਤ ਸਿੰਘ ਸਹੋਤਾ ਨੂੰ ਮਾਰਕੀਟ ਕਮੇਟੀ ਮੁਕੇਰੀਆਂ ਦਾ ਚੇਅਰਮੈਨ ਲਗਾਇਆ ਗਿਆ ਸੀ। ਇਸ ਦਾ ਵਿਰੋਧ ਕਰਦਿਆਂ ਪਾਰਟੀ ਦੇ ਆਗੂ ਅਮਰਜੀਤ ਸਿੰਘ ਛੰਨੀ ਨੰਦ ਸਿੰਘ ਵੱਲੋਂ ਪੁਰਾਣੇ ਵਰਕਰਾਂ ਦੀ ਮੀਟਿੰਗ ਸੱਦੀ ਗਈ ਸੀ। ਇਸ ਵਿੱਚ ਪਾਰਟੀ ਦੇ ਸਾਬਕਾ ਹਲਕਾ ਇੰਚਾਰਜ ਸੁਲੱਖਣ ਸਿੰਘ ਜੱਗੀ ਨੂੰ ਵੀ ਸੱਦਾ ਦਿੱਤਾ ਗਿਆ ਸੀ ਪਰ ਅਮਰਜੀਤ ਸਿੰਘ ਖ਼ੁਦ ਮੀਟਿੰਗ ਤੋਂ ਟਾਲਾ ਵੱਟ ਗਏ।
ਇਸ ਸਬੰਧੀ ਸੁਲੱਖਣ ਜੱਗੀ ਨੇ ਦੱਸਿਆ ਕਿ ਪਾਰਟੀ ਦੇ ਪੁਰਾਣੇ ਵਰਕਰਾਂ ਵਿੱਚ ਪ੍ਰਸ਼ਾਸਨਿਕ ਦਫ਼ਤਰਾਂ ਵਿੱਚ ਉਨ੍ਹਾਂ ਦੇ ਕੰਮ ਨਾ ਹੋਣ ਨੂੰ ਲੈ ਕੇ ਰੋਸ ਹੈ। ਇੱਥੋਂ ਤੱਕ ਕਿ ਪਾਰਟੀ ਆਗੂ ਬੇਮੌਸਮੀ ਬਾਰਸ਼ ਕਾਰਨ ਨੁਕਸਾਨੀ ਕਣਕ ਦੀ ਗਿਰਦਾਵਰੀ ਤੇ ਮੁਆਵਜ਼ੇ ਦੇ ਮਾਮਲੇ ਤੋਂ ਨਿਰਾਸ਼ ਹਨ। ਸੁਲੱਖਣ ਜੱਗੀ ਨੇ ਦੱਸਿਆ ਕਿ ਪਾਰਟੀ ਕਾਰਕੁਨਾਂ ਨੇ ਸਰਬਸੰਮਤੀ ਨਾਲ ਫ਼ੈਸਲਾ ਕੀਤਾ ਹੈ ਕਿ ਉਹ ਪਹਿਲਾਂ ਮੌਜੂਦਾ ਹਲਕਾ ਇੰਚਾਰਜ ਨੂੰ ਮਿਲ ਕੇ ਮਸਲਾ ਉਠਾਉਣਗੇ, ਜੇ ਫਿਰ ਵੀ ਸੁਣਵਾਈ ਨਾ ਹੋਈ ਤਾਂ ਜ਼ਿਲ੍ਹਾ ਪੱਧਰ ਅਤੇ ਇਸ ਤੋਂ ਬਾਅਦ ਮੁੱਖ ਮੰਤਰੀ ਕੋਲ ਇਹ ਮੁੱਦਾ ਉਠਾਇਆ ਜਾਵੇਗਾ।