‘ਆਪ’ ਵਰਕਰਾਂ ਤੇ ਸਮਰਥਕਾਂ ਨੂੰ ਮਿਲੇ ਇਸ਼ਾਂਕ ਚੱਬੇਵਾਲ
ਹਰਪ੍ਰੀਤ ਕੌਰ
ਹੁਸ਼ਿਆਰਪੁਰ, 24 ਨਵੰਬਰ
ਚੱਬੇਵਾਲ ਹਲਕੇ ਤੋਂ ਜੇਤੂ ਨੌਜਵਾਨ ਵਿਧਾਇਕ ਡਾ. ਇਸ਼ਾਂਕ ਕੁਮਾਰ ਚੋਣ ਜਿੱਤਣ ਤੋਂ ਬਾਅਦ ਅੱਜ ਪਹਿਲੇ ਦਿਨ ਤੜਕੇ ਹੀ ਉੱਠ ਗਏ ਅਤੇ ਮਾਤਾ ਚਿੰਤਪੁਰਨੀ ਮੰਦਰ ਮੱਥਾ ਟੇਕਣ ਨਿਕਲ ਪਏ। ਇਸ ਤੋਂ ਬਾਅਦ ਉਨ੍ਹਾਂ ਹੋਰ ਡੇਰਿਆਂ ਅਤੇ ਧਾਰਮਿਕ ਅਸਥਾਨਾਂ ’ਤੇ ਸੀਸ ਨਿਵਾਇਆ।
ਕਈ ਪਿੰਡਾਂ ਦਾ ਗੇੜਾ ਵੀ ਮਾਰਿਆ। ਇਸ ਤੋਂ ਬਾਅਦ ਆਪਣੀ ਰਿਹਾਇਸ਼ ’ਤੇ ਪਾਰਟੀ ਵਰਕਰਾਂ ਤੇ ਸਮਰਥਕਾਂ ਨਾਲ ਮੁਲਾਕਾਤ ਕੀਤੀ।
ਦੇਰ ਸ਼ਾਮ ਤੱਕ ਮੀਟਿੰਗਾਂ ਦਾ ਸਿਲਸਿਲਾ ਚੱਲਦਾ ਰਿਹਾ। ਉਨ੍ਹਾਂ ਵਰਕਰਾਂ ਤੋਂ ਵੱਖ-ਵੱਖ ਪੋਲਿੰਗ ਬੂਥਾਂ ’ਤੇ ਹੋਈ ਪੋਲਿੰਗ ਬਾਰੇ ਫੀਡਬੈਕ ਲਈ। ਇਕ ਪਾਸੇ ਉਨ੍ਹਾਂ ਦੇ ਪਿਤਾ ਡਾ. ਰਾਜ ਕੁਮਾਰ ਸੰਸਦ ਮੈਂਬਰ ਪਾਰਟੀ ਵਰਕਰਾਂ ਅਤੇ ਕੰਮ ਕਰਾਉਣ ਆਏ ਲੋਕਾਂ ਨੂੰ ਮਿਲਦੇ ਰਹੇ, ਦੂਜੇ ਪਾਸੇ ਡਾ. ਇਸ਼ਾਂਕ ਕੁਮਾਰ ਵੀ ਮੀਟਿੰਗਾਂ ਵਿੱਚ ਰੁੱਝੇ ਰਹੇ। ਉਨ੍ਹਾਂ ਦਾ ਕਹਿਣਾ ਸੀ ਕਿ ਜਿਵੇਂ ਉਨ੍ਹਾਂ ਨੇ ਆਪਣੇ ਪਿਤਾ ਨੂੰ ਕਦੇ ਆਰਾਮ ਕਰਦੇ ਨਹੀਂ ਵੇਖਿਆ, ਉਹ ਵੀ ਹਮੇਸ਼ਾ ਗਤੀਸ਼ੀਲ ਰਹਿਣਾ ਚਾਹੁੰਦੇ ਹਨ।
ਇਸ ਦੌਰਾਨ ਜੇਤੂ ਉਮੀਦਵਾਰ ਇਸ਼ਾਂਕ ਚੱਬੇਵਾਲ ਨੇ ਕਿਹਾ ਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਉਹ ਅਜੇ ਵੀ ਇਲੈਕਸਸ਼ਨ ਮੋਡ ਵਿੱਚ ਹੀ ਹਨ। ਚੋਣ ਪ੍ਰਚਾਰ ਕਾਰਨ ਹੋਈ ਥਕਾਵਟ ਬਾਰੇ ਪੁੱਛਣ ’ਤੇ ਉਨ੍ਹਾਂ ਕਿਹਾ ਕਿ ਜਿੱਤ ਦੀ ਖੁਸ਼ੀ ਤੇ ਸਮਰਥਕਾਂ ਦੇ ਪਿਆਰ ਨੇ ਉਨ੍ਹਾਂ ਨੂੰ ਥਕਾਵਟ ਮਹਿਸੂਸ ਹੀ ਨਹੀਂ ਹੋਣ ਦਿੱਤੀ। ਡਾ. ਇਸ਼ਾਂਕ ਨੇ ਕੁਝ ਸਮਾਂ ਪਰਿਵਾਰ ਨਾਲ ਵੀ ਬਿਤਾਇਆ ਅਤੇ ਘਰ ਦਾ ਬਣਿਆ ਖਾਣਾ ਖਾਧਾ। ਉਨ੍ਹਾਂ ਨੇ ਸਾਰੇ ਸਮਰਥਕਾਂ ਤੇ ਵੋਟਰਾਂ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਉਨ੍ਹਾਂ ਦੀ ਜਿੱਤ ਨੂੰ ਮੁਮਕਿਨ ਬਣਾਇਆ।