ਜ਼ਿਮਨੀ ਚੋਣਾਂ ਵਿੱਚ ‘ਆਪ’ ਵੱਡੀ ਜਿੱਤ ਹਾਸਲ ਕਰੇਗੀ: ਪਠਾਣਮਾਜਰਾ
ਮੁਖਤਿਆਰ ਸਿੰਘ ਨੌਗਾਵਾਂ
ਦੇਵੀਗੜ੍ਹ, 15 ਨਵੰਬਰ
ਆਮ ਆਦਮੀ ਪਾਰਟੀ ਵੱਲੋਂ ਪੰਜਾਬ ਦੀਆਂ ਚਾਰ ਵਿਧਾਨ ਸਭਾ ਸੀਟਾਂ ’ਤੇ ਹੋਣ ਵਾਲੀਆਂ ਜ਼ਿਮਨੀ ਚੋਣਾਂ ਲਈ ਚੋਣ ਪ੍ਰਚਾਰ ਜ਼ੋਰਾਂ ’ਤੇ ਹੈ। ਪਾਰਟੀ ਉਮੀਦਵਾਰ ਤੇ ਵਰਕਰ ਜ਼ੋਰਾਂ-ਸ਼ੋਰਾਂ ਨਾਲ ਪ੍ਰਚਾਰ ਵਿੱਚ ਲੱਗੇ ਹੋਏ ਹਨ। ਕੈਬਨਿਟ ਮੰਤਰੀ ਅਤੇ ਸਾਰੇ ਵਿਧਾਇਕ ਪਾਰਟੀ ਦੇ ਸਾਰੇ ਸਰਕਲਾਂ ਵਿੱਚ ਸਰਗਰਮ ਹਨ ਅਤੇ ਸਰਕਾਰ ਦੇ ਕੰਮਾਂ ਨੂੰ ਲੋਕਾਂ ਵਿੱਚ ਲਿਜਾ ਰਹੇ ਹਨ। ਜ਼ਿਕਰਯੋਗ ਹੈ ਕਿ ਪੰਜਾਬ ਦੀਆਂ ਚਾਰ ਵਿਧਾਨ ਸਭਾ ਸੀਟਾਂ ’ਤੇ ਜ਼ਿਮਨੀ ਚੋਣਾਂ 20 ਨਵੰਬਰ ਨੂੰ ਹੋਣ ਵਾਲੀਆਂ ਹਨ, ਜਿਹਨਾਂ ਵਿੱਚ ਗਿੱਦੜਬਾਹਾ, ਚੱਬੇਵਾਲ, ਡੇਰਾ ਬਾਬਾ ਨਾਨਕ ਤੇ ਬਰਨਾਲਾ ਸੀਟ ਸ਼ਾਮਲ ਹਨ। ਜ਼ਿਮਨੀ ਚੋਣਾਂ ਨੂੰ ਲੈ ਕੇ ਆਮ ਆਦਮੀ ਹਲਕਾ ਸਨੌਰ ਦੇ ਵਿਧਾਇਕ ਹਰਮੀਤ ਸਿੰਘ ਪਠਾਨਮਾਜਰਾ ਨੇ ਦਾਅਵਾ ਕੀਤਾ ਹੈ ਕਿ ਜ਼ਿਮਨੀ ਚੋਣਾਂ ਵਿੱਚ ਆਮ ਆਦਮੀ ਪਾਰਟੀ (ਆਪ) ਜਲੰਧਰ (ਪੱਛਮੀ) ਵਾਂਗ ਵੱਡੀ ਜਿੱਤ ਪ੍ਰਾਪਤ ਕਰੇਗੀ। ਵਿਧਾਇਕ ਪਠਾਣਮਾਜਰਾ ਨੇ ਜ਼ਿਮਨੀ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੀ ਜਿੱਤ ਦਾ ਭਰੋਸਾ ਪ੍ਰਗਟ ਕਰਦਿਆਂ ਕਿਹਾ ਕਿ ਇਹ ਚੋਣ ਪੰਜਾਬ ਲਈ ਸੈਮੀਫਾਈਨਲ ਹੈ। ਆਮ ਆਦਮੀ ਪਾਰਟੀ ਨੇ ਸਾਫ਼-ਸੁਥਰਾ ਅਤੇ ਪਾਰਦਰਸ਼ੀ ਪ੍ਰਸ਼ਾਸਨ ਦੇਣ ਸਮੇਤ ਆਪਣੇ ਸਾਰੇ ਵਾਅਦੇ ਪੂਰੇ ਕੀਤੇ ਹਨ। ਉਨ੍ਹਾਂ ਲੋਕਾਂ ਨੂੰ ਡਰ ਦੀ ਪੁਰਾਣੀ ਰਾਜਨੀਤੀ ਨੂੰ ਨਕਾਰ ਕੇ ਪੰਜਾਬ ਨੂੰ ਇਕਜੁੱਟ ਕਰਨ ਅਤੇ ਮਜ਼ਬੂਤ ਬਣਾਉਣ ਦੀ ਅਪੀਲ ਕਰਦਿਆਂ ਦਾਅਵਾ ਕੀਤਾ ਕਿ ‘ਆਪ’ ਦੇ ਉਮੀਦਵਾਰ ਸਾਰੀਆਂ ਚਾਰੋਂ ਸੀਟਾਂ ’ਤੇ ਵੱਡੀ ਜਿੱਤ ਹਾਸਲ ਕਰਨਗੇ।
ਉਨ੍ਹਾਂ ਕਿਹਾ ਕਿ ਅਕਾਲੀ ਦਲ ਨੇ ਆਪਣੇ ਉਮੀਦਵਾਰ ਖੜ੍ਹੇ ਨਹੀਂ ਕੀਤੇ। ਇਸ ਤੋਂ ਇਲਾਵਾ ਭਾਜਪਾ ਤੇ ਕਾਂਗਰਸ ਚੱਲੇ ਹੋਏ ਕਾਰਤੂਸ ਹਨ, ਜਿਨ੍ਹਾਂ ਨੇ ਲੋਕਾਂ ਲਈ ਕਦੇ ਕੁਝ ਨਹੀਂ ਕੀਤਾ। ਇਸ ਮੌਕੇ ਉਨ੍ਹਾਂ ਨਾਲ ਹਰਜਸ਼ਨ ਸਿੰਘ ਪਠਾਣਮਾਜਰਾ, ਗੁਰਬਚਨ ਸਿੰਘ ਵਿਰਕ, ਬਲਜਿੰਦਰ ਸਿੰਘ ਨੰਦਗੜ੍ਹ, ਗੁਰਪ੍ਰੀਤ ਗੂਰੀ ਪੀ.ਏ., ਜੱਸੀ ਹਸਨਪੁਰ ਹਾਜ਼ਰ ਸਨ।