Kejriwal ‘ਆਪ’ ਦਿੱਲੀ ਦੀਆਂ 70 ’ਚੋਂ 60 ਸੀਟਾਂ ’ਤੇੇ ਮੁੜ ਜਿੱਤ ਦਰਜ ਕਰੇਗੀ: ਕੇਜਰੀਵਾਲ
ਨਵੀਂ ਦਿੱਲੀ, 31 ਜਨਵਰੀ
‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਸ਼ੁੱਕਰਵਾਰ ਨੂੰ ਦਾਅਵਾ ਕੀਤਾ ਕਿ ਉਨ੍ਹਾਂ ਦੀ ਪਾਰਟੀ 5 ਫਰਵਰੀ ਨੂੰ ਹੋਣ ਵਾਲੀਆਂ ਦਿੱਲੀ ਅਸੈਂਬਲੀ ਦੀਆਂ ਚੋਣਾਂ ਵਿਚ ਕੁੱਲ 70 ਸੀਟਾਂ ਵਿਚੋਂ 60 ਉੱਤੇ ਮੁੜ ਜਿੱਤ ਦਰਜ ਕਰੇਗੀ। ਪੂਰਬੀ ਦਿੱਲੀ ਦੇ ਲਕਸ਼ਮੀ ਨਗਰ ਹਲਕੇ ਵਿਚ ‘ਜਨਸਭਾ’ ਨੂੰ ਸੰਬੋਧਨ ਕਰਦਿਆਂ ਕੇਜਰੀਵਾਲ ਨੇ ਦਾਅਵਾ ਕੀਤਾ ਕਿ ਭਾਜਪਾ ਨੇ ਪਹਿਲਾਂ ਹੀ ਆਪਣੀ ਹਾਰ ਮੰਨ ਲਈ ਹੈ। ਕੇਜਰੀਵਾਲ ਨੇ ਕਿਹਾ, ‘‘ਭਾਜਪਾ ਨੇ ਆਪਣੀ ਹਾਰ ਮੰਨ ਲਈ ਹੈ। ਜੇ ਭਾਜਪਾ ਦੀ ਗੁੰਡਾਗਰਦੀ ਖਿਲਾਫ਼ ਹਰੇਕ ਵੋਟ ‘ਝਾੜੂ’ ਨੂੰ ਜਾਂਦੀ ਹੈ ਤਾਂ ਅਸੀਂ ਮੁੜ 60 ਤੋਂ ਵੱਧ ਸੀਟਾਂ ਜਿੱਤਾਂਗੇ।’’ ਆਮ ਆਦਮੀ ਪਾਰਟੀ ਨੇ 2020 ਦੀਆਂ ਅਸੈਂਬਲੀ ਚੋਣਾਂ ਵਿਚ 70 ’ਚੋਂ 62 ਸੀਟਾਂ ਤੇ 2015 ਵਿਚ 67 ਸੀਟਾਂ ਜਿੱਤੀਆਂ ਸਨ। ਕੇਜਰੀਵਾਲ ਨੇ ਵੋਟਰਾਂ ਨੂੰ ਚੇਤਾਵਨੀ ਦਿੱਤੀ ਕਿ ਜੇ ਭਾਜਪਾ ਸੱਤਾ ਵਿਚ ਆ ਗਈ ਤਾਂ ਉਹ ‘ਆਪ’ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਮੁਫ਼ਤ ਬਿਜਲੀ, ਪਾਣੀ ਤੇ ਮਹਿਲਾਵਾਂ ਲਈ ਬੱਸ ਸਫ਼ਰ ਸਣੇ ਮੁਫ਼ਤ ਭਲਾਈ ਸਕੀਮਾਂ ਬੰਦ ਕਰ ਦੇੇੇਵੇਗੀ। ਉਨ੍ਹਾਂ ਦਾਅਵਾ ਕੀਤਾ ਕਿ ‘ਆਪ’ ਦੀਆਂ ਨੀਤੀਆਂ ਕਰਕੇ ਦਿੱਲੀ ਦੇ ਘਰਾਂ ਵਿਚ ਔਸਤ 2500 ਰੁਪਏ ਦੀ ਬੱਚਤ ਹੁੰਦੀ ਹੈ ਅਤੇ ਜੇ ਪਾਰਟੀ ਮੁੜ ਜਿੱਤ ਕੇ ਆਉਂਦੀ ਹੈ ਤਾਂ ਨਵੀਆਂ ਪਹਿਲਕਦਮੀਆਂ ਨਾਲ ਇਸ ਬੱਚਤ ਵਿਚ 10,000 ਰੁਪਏ ਹੋਰ ਜੁੜ ਜਾਣਗੇ। ਇਸ ਤੋਂ ਪਹਿਲਾਂ ਅੱਜ ਦਿਨੇਂ ਕੇਜਰੀਵਾਲ ਨੇ ‘ਆਪ’ ਦੀ ‘ਬੱਚਤ ਪੱਤਰ’ ਮੁਹਿੰਮ ਦਾ ਆਗਾਜ਼ ਕੀਤਾ ਤੇ ਪਾਰਟੀ ਵੱਲੋਂ ਸ਼ੁਰੂ ਕੀਤੀਆਂ ਭਲਾਈ ਸਕੀਮਾਂ ਦੇ ਵਿੱਤੀ ਲਾਭਾਂ ਉੱਤੇ ਰੌਸ਼ਨੀ ਪਾਈ। ਦਿੱਲੀ ਅਸੈਂਬਲੀ ਦੀਆਂ ਚੋਣਾਂ ਲਈ 5 ਫਰਵਰੀ ਨੂੰ ਵੋਟਾਂ ਪੈਣਗੀਆਂ ਤੇ ਨਤੀਜੇ 8 ਫਰਵਰੀ ਨੂੰ ਐਲਾਨੇ ਜਾਣਗੇ। -ਪੀਟੀਆਈ