ਐੱਮਸੀਡੀ ਸਥਾਈ ਕਮੇਟੀ ਦੀ ਚੋਣ ਖ਼ਿਲਾਫ਼ ਅਦਾਲਤ ਜਾਵੇਗੀ ‘ਆਪ’
ਨਵੀਂ ਦਿੱਲੀ, 28 ਸਤੰਬਰ
ਦਿੱਲੀ ਦੀ ਮੁੱਖ ਮੰਤਰੀ ਆਤਿਸ਼ੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਦਿੱਲੀ ਨਗਰ ਨਿਗਮ (ਐੱਮਸੀਡੀ) ਦੀ ਬੀਤੇ ਦਿਨ ਹੋਈ ਸਥਾਈ ਕਮੇਟੀ ਦੀ ਚੋਣ ਲਈ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕਰੇਗੀ। ਜ਼ਿਕਰਯੋਗ ਹੈ ਕਿ ਭਾਜਪਾ ਨੇ ਐੱਮਸੀਡੀ ਦੀ 18 ਮੈਂਬਰੀ ਸਥਾਈ ਕਮੇਟੀ ਦੀ ਇੱਕ ਸੀਟ ’ਤੇ ਸ਼ੁੱਕਰਵਾਰ ਨੂੰ ਨਿਰਵਿਰੋਧ ਜਿੱਤ ਹਾਸਲ ਕੀਤੀ ਸੀ। ਇਸ ਦੌਰਾਨ ਸੱਤਾਧਾਰੀ ‘ਆਪ’ ਅਤੇ ਕਾਂਗਰਸ ਦੇ ਕੌਂਸਲਰਾਂ ਨੇ ਚੋਣ ਦਾ ਬਾਈਕਾਟ ਕੀਤਾ ਹੋਇਆ ਸੀ। ਪ੍ਰੈੱਸ ਕਾਨਫਰੰਸ ਦੌਰਾਨ ਮੁੱਖ ਮੰਤਰੀ ਆਤਿਸ਼ੀ ਨੇ ਭਾਜਪਾ ਨੂੰ ਐੱਮਸੀਡੀ ਨੂੰ ਭੰਗ ਕਰਨ ਅਤੇ ਮੁੜ ਚੋਣਾਂ ਕਰਵਾਉਣ ਦੀ ਚੁਣੌਤੀ ਦਿੱਤੀ। ਉਨ੍ਹਾਂ ਕਿਹਾ ਕਿ ਭਾਜਪਾ ਨਗਰ ਨਿਗਮ ਚੋਣਾਂ ਵਿੱਚ ‘ਆਪ’ ਅੱਗੇ ਕਿਤੇ ਵੀ ਟਿਕ ਨਹੀਂ ਸਕੇਗੀ। ਉਨ੍ਹਾਂ ਕਿਹਾ ਕਿ ਚੋਣਾਂ ਦੌਰਾਨ ਭਾਜਪਾ ਨੂੰ ਪਤਾ ਲਗ ਜਾਵੇਗਾ ਕਿ ਲੋਕ ਕਿਸ ਪਾਰਟੀ ਨੂੰ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਭਾਜਪਾ ਨੇ ਉਪ ਰਾਜਪਾਲ ਅਤੇ ਅਧਿਕਾਰੀਆਂ ਦੀ ਦੁਰਵਰਤੋਂ ਕਰਕੇ ਇਹ ਚੋਣ ਜਿੱਤੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਨਿਗਮ ਦਾ ਮੇਅਰ ਹੀ ਐੱਮਸੀਡੀ ਦੇ ਸਦਨ ਦੀ ਬੈਠਕ ਦੀ ਤਾਰੀਖ਼ ਅਤੇ ਸਥਾਨ ਤੈਅ ਕਰ ਸਕਦਾ ਹੈ ਅਤੇ ਮੇਅਰ ਦੀ ਅਗਵਾਈ ਹੇਠ ਹੀ ਉਹ ਮੀਟਿੰਗ ਹੋ ਸਕਦੀ ਹੈ। ਇਸ ਲਈ ਭਾਜਪਾ ਨੇ ਇਹ ਚੋਣ ਜਿੱਤਣ ਲਈ ਹਰ ਨਾਜਾਇਜ਼ ਤਰੀਕੇ ਦੀ ਵਰਤੋਂ ਕੀਤੀ ਹੈ। ਕਾਬਲੇਗੌਰ ਹੈ ਕਿ ਸ਼ੁੱਕਰਵਾਰ ਨੂੰ ਹਾਈ ਡਰਾਮਾ ਵੋਟਿੰਗ ਪ੍ਰਕਿਰਿਆ ਤੋਂ ਬਾਅਦ ਦਿੱਲੀ ਐੱਮਸੀਡੀ ਸਥਾਈ ਕਮੇਟੀ ਦੀ ਆਖ਼ਰੀ ਖਾਲੀ ਸੀਟ ਭਾਜਪਾ ਉਮੀਦਵਾਰ ਸੁੰਦਰ ਸਿੰਘ ਤੰਵਰ ਨੇ ਜਿੱਤੀ ਸੀ। ਭਾਜਪਾ ਦੇ ਉਮੀਦਵਾਰ ਨੂੰ 115 ਵੋਟਾਂ ਮਿਲੀਆਂ ਸਨ ਜਦੋਂਕਿ ‘ਆਪ’ ਉਮੀਦਵਾਰ ਨਿਰਮਲਾ ਕੁਮਾਰੀ ਨੂੰ ਕੋਈ ਵੋਟ ਨਹੀਂ ਮਿਲੀ। ਐੱਮਸੀਡੀ ਸਥਾਈ ਕਮੇਟੀ ਵਿੱਚ ਕੁੱਲ 18 ਮੈਂਬਰ ਹਨ, ਜਿਨ੍ਹਾਂ ਵਿੱਚੋਂ 17 ਮੈਂਬਰ ਚੁਣੇ ਗਏ ਹਨ। ਇਨ੍ਹਾਂ ਵਿੱਚੋਂ 9 ਭਾਜਪਾ ਅਤੇ 8 ਆਮ ਆਦਮੀ ਪਾਰਟੀ ਦੇ ਹਨ। 250 ਮੈਂਬਰੀ ਐਮਸੀਡੀ ਦੇ ਇੱਕ ਕੌਂਸਲਰ ਨੇ ਅਸਤੀਫਾ ਦੇ ਦਿੱਤਾ ਹੈ। ‘ਆਪ’ ਦੀਆਂ 125 ਸੀਟਾਂ, ਭਾਜਪਾ ਕੋਲ 115, ਕਾਂਗਰਸ ਕੋਲ 9 ਸੀਟਾਂ ਹਨ। ਕਾਂਗਰਸ ਅਤੇ ‘ਆਪ’ ਨੇ ਇਸ ਚੋਣ ਤੋਂ ਦੂਰੀ ਬਣਾ ਲਈ ਸੀ ਅਤੇ ਇਸ ਦੌਰਾਨ ਭਾਜਪਾ ਜੇਤੂ ਰਹੀ ਸੀ। -ਪੀਟੀਆਈ