For the best experience, open
https://m.punjabitribuneonline.com
on your mobile browser.
Advertisement

ਸਿਆਸੀ ਦਫ਼ਤਰਾਂ ਲਈ ‘ਆਪ’ ਨੂੰ ਮਿਲੇਗੀ ਸਸਤੀ ਜ਼ਮੀਨ

07:53 AM Aug 10, 2024 IST
ਸਿਆਸੀ ਦਫ਼ਤਰਾਂ ਲਈ ‘ਆਪ’ ਨੂੰ ਮਿਲੇਗੀ ਸਸਤੀ ਜ਼ਮੀਨ
Advertisement

ਚਰਨਜੀਤ ਭੁੱਲਰ
ਚੰਡੀਗੜ੍ਹ, 9 ਅਗਸਤ
ਆਮ ਆਦਮੀ ਪਾਰਟੀ (ਆਪ) ਨੂੰ ਜ਼ਿਲ੍ਹਾ ਪੱਧਰ ’ਤੇ ਸਿਆਸੀ ਦਫ਼ਤਰ ਬਣਾਉਣ ਲਈ ਸਸਤੇ ਭਾਅ ’ਤੇ ਸਰਕਾਰੀ ਜ਼ਮੀਨਾਂ ਦੇਣ ਦੀ ਵਿਉਂਤ ਮੁੱਢਲੇ ਪੜਾਅ ’ਤੇ ਸ਼ੁਰੂ ਹੋ ਗਈ ਹੈ। ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਨੂੰ ਜਿਸ ਤਰ੍ਹਾਂ ਗੱਠਜੋੜ ਸਰਕਾਰ ਦੇ ਕਾਰਜਕਾਲ ਵੇਲੇ ਰਿਆਇਤੀ ਦਰਾਂ ’ਤੇ ਜ਼ਮੀਨਾਂ ਸਿਆਸੀ ਦਫ਼ਤਰ ਖੋਲ੍ਹਣ ਵਾਸਤੇ ਦਿੱਤੀਆਂ ਗਈਆਂ ਸਨ, ਉਸੇ ਤਰ੍ਹਾਂ ‘ਆਪ’ ਵੀ ਜ਼ਿਲ੍ਹਾ ਪੱਧਰ ’ਤੇ ਰਿਆਇਤੀ ਭਾਅ ’ਤੇ ਜ਼ਮੀਨਾਂ ਲੈਣ ਦੀ ਇੱਛੁਕ ਹੈ। ਇਸ ਬਾਰੇ ਹੁਣ ਫ਼ੈਸਲਾ ਮੁੱਖ ਮੰਤਰੀ ਨੇ ਕਰਨਾ ਹੈ।
‘ਆਪ’ ਨੂੰ ਹਾਲ ਹੀ ਵਿੱਚ ਨਵੀਂ ਦਿੱਲੀ ’ਚ ਪਾਰਟੀ ਦਫ਼ਤਰ ਬਣਾਉਣ ਵਾਸਤੇ ਨਵਾਂ ਬੰਗਲਾ ਅਲਾਟ ਹੋਇਆ ਹੈ। ਕੌਮੀ ਪਾਰਟੀ ਦੀ ਹੈਸੀਅਤ ਤਹਿਤ ‘ਆਪ’ ਹੁਣ ਪੰਜਾਬ ’ਚ ਆਪਣੇ ਪੱਕੇ ਦਫ਼ਤਰ ਉਸਾਰਨਾ ਚਾਹੁੰਦੀ ਹੈ। ਪਾਰਟੀ ਦੇ ਜਨਰਲ ਸਕੱਤਰ ਹਰਚੰਦ ਸਿੰਘ ਬਰਸਟ ਨੇ ਬੀਤੇ ਦਿਨੀਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਮੰਗ ਪੱਤਰ ਦੇ ਕੇ ‘ਆਪ’ ਨੂੰ ਹਰ ਜ਼ਿਲ੍ਹਾ ਹੈਡਕੁਆਰਟਰ ’ਤੇ ਦਫ਼ਤਰ ਖੋਲ੍ਹਣ ਲਈ ਘੱਟੋ ਘੱਟ ਇੱਕ ਹਜ਼ਾਰ ਵਰਗ ਗਜ਼ ਜਗ੍ਹਾ ਘੱਟ ਕੀਮਤ ’ਤੇ ਦੇਣ ਦੀ ਮੰਗ ਕੀਤੀ ਸੀ।
ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਗੱਠਜੋੜ ਹਕੂਮਤ ਸਮੇਂ ਸਿਆਸੀ ਪਾਰਟੀਆਂ ਨੂੰ ਜ਼ਿਲ੍ਹਾ ਪੱਧਰ ’ਤੇ ਸਸਤੇ ਭਾਅ ’ਤੇ ਜ਼ਮੀਨਾਂ ਦੇਣ ਦੀ ਨੀਤੀ ਬਣੀ ਸੀ। ਉਸ ਵੇਲੇ ਸਥਾਨਕ ਸਰਕਾਰਾਂ ਵਿਭਾਗ ਨੇ 6 ਅਪਰੈਲ 2010 ਨੂੰ ਨੋਟੀਫਿਕੇਸ਼ਨ ਨੰਬਰ 5,10,09 (5) 3 ਐੱਲਜੀ 2,528 ਪਾਸ ਕਰਕੇ ਨਿਯਮਾਂ ਵਿੱਚ ਸੋਧ ਕੀਤੀ ਸੀ ਕਿ ਵਿਧਾਨ ਸਭਾ ਵਿੱਚ ਮਾਨਤਾ ਪ੍ਰਾਪਤ ਪਾਰਟੀਆਂ ਨੂੰ ਜ਼ਿਲ੍ਹਾ ਪੱਧਰ ’ਤੇ ਪਾਰਟੀ ਦਫ਼ਤਰ ਬਣਾਉਣ ਖ਼ਾਤਰ ਜ਼ਮੀਨ ਦਿੱਤੀ ਜਾ ਸਕਦੀ ਹੈ। ਇਸੇ ਨੀਤੀ ਤਹਿਤ ਹੁਣ ‘ਆਪ’ ਨੂੰ ਦਫ਼ਤਰ ਵਾਸਤੇ ਜਗ੍ਹਾ ਦੇਣ ਦਾ ਰਾਹ ਖੁੱਲ੍ਹ ਗਿਆ ਹੈ। ਸਰਕਾਰੀ ਨੀਤੀ ਅਨੁਸਾਰ ਉਨ੍ਹਾਂ ਸਿਆਸੀ ਪਾਰਟੀਆਂ ਨੂੰ ਦਫ਼ਤਰ ਬਣਾਉਣ ਲਈ ਜ਼ਮੀਨ ਰਿਆਇਤੀ ਭਾਅ ’ਤੇ ਦਿੱਤੀ ਜਾ ਸਕਦੀ ਹੈ ਜਿਸ ਪਾਰਟੀ ਕੋਲ ਆਪਣਾ ਜ਼ਿਲ੍ਹਾ ਪੱਧਰ ’ਤੇ ਕੋਈ ਦਫ਼ਤਰ ਨਹੀਂ ਹੈ। ਜਦੋਂ ਇਹ ਨੀਤੀ ਬਣੀ ਸੀ ਤਾਂ ਇਸ ਨੀਤੀ ਦਾ ਲਾਹਾ ਸਿਰਫ਼ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਨੂੰ ਹੀ ਮਿਲਿਆ ਸੀ। ਨਗਰ ਸੁਧਾਰ ਟਰੱਸਟਾਂ ਨੇ ਕਈ ਜ਼ਿਲ੍ਹਿਆਂ ਵਿੱਚ ਰਾਖਵੀਂ ਕੀਮਤ ਤੋਂ ਕਾਫ਼ੀ ਘੱਟ ਕੀਮਤ ’ਤੇ ਅਹਿਮ ਜਾਇਦਾਦ ਦੀ ਅਲਾਟਮੈਂਟ ਪਾਰਟੀ ਦਫ਼ਤਰ ਬਣਾਉਣ ਵਾਸਤੇ ਕੀਤੀ ਸੀ। ਸੰਗਰੂਰ ਦੇ ਨਗਰ ਸੁਧਾਰ ਟਰੱਸਟ ਨੇ ਭਾਜਪਾ ਨੂੰ ਰਾਖਵੀਂ ਕੀਮਤ ਦੇ ਚੌਥੇ ਹਿੱਸੇ ਦੇ ਭਾਅ ਵਿੱਚ ਹੀ 747.33 ਗਜ਼ ਜਗ੍ਹਾ ਅਲਾਟ ਕੀਤੀ। ਸੰਗਰੂਰ ਦੀ ਮਹਾਰਾਜਾ ਰਣਜੀਤ ਸਿੰਘ ਮਾਰਕੀਟ (7 ਏਕੜ ਸਕੀਮ) ਵਿੱਚ ਭਾਜਪਾ ਨੂੰ ਪਾਰਟੀ ਦਫ਼ਤਰ ਵਾਸਤੇ 12.33 ਲੱਖ ਰੁਪਏ ਵਿੱਚ ਹੀ ਜਗ੍ਹਾ ਦਿੱਤੀ ਗਈ ਸੀ। ਬਠਿੰਡਾ ਦੇ ਨਗਰ ਸੁਧਾਰ ਟਰੱਸਟ ਨੇ ਭਾਜਪਾ ਨੂੰ 16.44 ਏਕੜ ਸਕੀਮ ਵਿੱਚ 698 ਗਜ਼ ਜਗ੍ਹਾ ਸਿਰਫ਼ 2,000 ਰੁਪਏ ਪ੍ਰਤੀ ਗਜ਼ ਦੇ ਹਿਸਾਬ ਨਾਲ ਦੇ ਦਿੱਤੀ ਜਦਕਿ ਇਸ ਸਕੀਮ ਵਿੱਚ ਮਾਰਕੀਟ ਭਾਅ ਬਹੁਤ ਜ਼ਿਆਦਾ ਸੀ। ਭਾਜਪਾ ਨੂੰ ਸਰਕਾਰੀ ਮਦਦ ਨਾਲ ਪੌਣੇ ਦੋ ਕਰੋੜ ਰੁਪਏ ਦਾ ਫ਼ਾਇਦਾ ਹੋਇਆ। ਇਸੇ ਤਰ੍ਹਾਂ ਟਰੱਸਟ ਨੇ ਮਤਾ ਨੰਬਰ 9 ਮਿਤੀ 14 ਮਾਰਚ 2011 ਨੂੰ ਟਰਾਂਸਪੋਰਟ ਨਗਰ ਵਿੱਚ ਜਨਤਕ ਇਮਾਰਤ ਲਈ ਰਾਖਵੀਂ ਜਾਇਦਾਦ ’ਚੋਂ 3,978 ਗਜ਼ ਜਗ੍ਹਾ ਸ਼੍ਰੋਮਣੀ ਅਕਾਲੀ ਦਲ ਨੂੰ ਅਲਾਟ ਕਰ ਦਿੱਤੀ ਜਿਸ ਦਾ ਭਾਅ 1,180 ਰੁਪਏ ਪ੍ਰਤੀ ਗਜ਼ ਦੇ ਹਿਸਾਬ ਨਾਲ ਵਸੂਲਿਆ ਗਿਆ। ਅਕਾਲੀ ਦਲ ਨੂੰ 7.95 ਕਰੋੜ ਰੁਪਏ ਦੀ ਜਗ੍ਹਾ 46.94 ਲੱਖ ਰੁਪਏ ਵਿੱਚ ਹੀ ਮਿਲ ਗਈ ਸੀ।

Advertisement

ਨਗਰ ਸੁਧਾਰ ਟਰੱਸਟ ਜਲੰਧਰ ਨੇ 1,097 ਰੁਪਏ ਪ੍ਰਤੀ ਗਜ਼ ਦੇ ਹਿਸਾਬ ਨਾਲ ਦਿੱਤੀ ਸੀ ਜ਼ਮੀਨ

ਅਕਾਲੀ-ਭਾਜਪਾ ਹਕੂਮਤ ਵੇਲੇ ਨਗਰ ਸੁਧਾਰ ਟਰੱਸਟ ਜਲੰਧਰ ਨੇ ਭਾਜਪਾ ਨੂੰ ਚਾਰ ਕਨਾਲ ਜਗ੍ਹਾ 2,717 ਰੁਪਏ ਪ੍ਰਤੀ ਗਜ਼ ਅਤੇ ਅਕਾਲੀ ਦਲ ਨੂੰ ਚਾਰ ਕਨਾਲ ਜਗ੍ਹਾ 1,097 ਰੁਪਏ ਪ੍ਰਤੀ ਗਜ਼ ਦੇ ਹਿਸਾਬ ਨਾਲ ਦਿੱਤੀ ਸੀ। ਇਹ ਜਗ੍ਹਾ ਕੁਲੈਕਟਰ ਰੇਟ ਦੇ ਇੱਕ ਚੌਥਾਈ ਭਾਅ ਵਿੱਚ ਹੀ ਜਗ੍ਹਾ ਦਿੱਤੀ ਹੈ। ਹੁਸ਼ਿਆਰਪੁਰ ਦੇ ਨਗਰ ਸੁਧਾਰ ਟਰੱਸਟ ਨੇ ਭਾਜਪਾ ਨੂੰ ਜ਼ਿਲ੍ਹਾ ਦਫ਼ਤਰ ਲਈ 746.66 ਗਜ਼ ਜਗ੍ਹਾ ਚੰਡੀਗੜ੍ਹ ਰੋਡ ਸਥਿਤ ਸਕੀਮ ਨੰਬਰ 11 ਵਿੱਚ 24.03 ਲੱਖ (ਕਰੀਬ 3,221 ਰੁਪਏ ਪ੍ਰਤੀ ਗਜ਼) ਅਲਾਟ ਕੀਤੀ ਅਤੇ ਅਕਾਲੀ ਦਲ ਨੂੰ 21.84 ਲੱਖ ਰੁਪਏ (ਕਰੀਬ 2,928 ਰੁਪਏ ਪ੍ਰਤੀ ਗਜ਼) ਵਿੱਚ 746.66 ਗਜ਼ ਜਗ੍ਹਾ ਅਲਾਟ ਕੀਤੀ ਗਈ। ਨਗਰ ਸੁਧਾਰ ਟਰੱਸਟ ਫਗਵਾੜਾ, ਬਰਨਾਲਾ ਅਤੇ ਫ਼ਰੀਦਕੋਟ ਵੱਲੋਂ ਸਿਆਸੀ ਪਾਰਟੀਆਂ ਨੂੰ ਦਫ਼ਤਰਾਂ ਲਈ ਜਗ੍ਹਾ ਦੇਣ ਵਾਸਤੇ ਪਾਸ ਮਤੇ ਕਿਸੇ ਤਣ ਪੱਤਣ ਨਹੀਂ ਲੱਗੇ ਸਨ। ਨਗਰ ਸੁਧਾਰ ਟਰੱਸਟ ਪਠਾਨਕੋਟ ਨੇ ਵੀ ਭਾਜਪਾ ਨੂੰ ਟਰੱਕ ਸਟੈਂਡ ਸਕੀਮ ਵਿੱਚ 1500 ਵਰਗ ਗਜ਼ ਦਾ ਪਲਾਟ ਅਲਾਟ ਕੀਤਾ ਸੀ।

Advertisement

Advertisement
Author Image

joginder kumar

View all posts

Advertisement