‘ਆਪ’ 13 ਸੀਟਾਂ ਜਿੱਤ ਕੇ ਇਤਿਹਾਸ ਰਚੇਗੀ: ਭਗਵੰਤ ਮਾਨ
ਰਵਿੰਦਰ ਰਵੀ/ਪ੍ਰਸ਼ੋਤਮ ਬੱਲੀ
ਬਰਨਾਲਾ, 28 ਅਪਰੈਲ
ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਕਿਹਾ ਕਿ ਲੋਕਾਂ ਦੇ ਵਿਸ਼ਵਾਸ ਅਤੇ ਪਿੰਡਾਂ ’ਚ ਮਿਲ ਰਹੇ ਪਿਆਰ ਸਦਕਾ ਆਮ ਆਦਮੀ ਪਾਰਟੀ ਸੂਬੇ ਦੀਆਂ ਸਾਰੀਆਂ 13 ਸੀਟਾਂ ਜਿੱਤ ਕੇ ਨਵਾਂ ਇਤਿਹਾਸ ਰਚੇਗੀ ਤੇ ਸੰਸਦ ’ਚ ‘ਆਪ’ ਦੀ ਅਹਿਮ ਭੂਮਿਕਾ ਹੋਵੇਗੀ। ਉਹ ਸੰਗਰੂਰ ਹਲਕੇ ਤੋਂ ਪਾਰਟੀ ਦੇ ਉਮੀਦਵਾਰ ਗੁਰਮੀਤ ਸਿੰਘ ਮੀਤ ਹੇਅਰ ਦੇ ਹੱਕ ’ਚ ਕੀਤੇ ਸਥਾਨਕ ਮੈਰਿਜ ਪੈਲੇਸ ’ਚ ਕੀਤੇ ਭਰਵੇਂ ਇਕੱਠ ਨੂੰ ਸੰਬੋਧਨ ਕਰ ਰਹੇ ਸਨ।
ਸਮਾਗਮ ਨੂੰ ਸੰਬੋਧਨ ਕਰਦਿਆਂ ਭਗਵੰਤ ਮਾਨ ਨੇ ਕਿਹਾ ਕਿ ਦੇਸ਼ ਦੇ ਦੂਜੇ ਸੂਬਿਆਂ ਦੀਆਂ 190 ਸੰਸਦੀ ਹਲਕਿਆਂ ’ਚ ਪਈਆਂ ਵੋਟਾਂ ਦੇ ਰੁਝਾਨ ਨੂੰ ਦੇਖਦਿਆਂ ਲੱਗ ਰਿਹਾ ਹੈ ਕਿ ਆਮ ਆਦਮੀ ਪਾਰਟੀ ਕਈ ਸੀਟਾਂ ’ਤੇ ਜਿੱਤ ਪ੍ਰਾਪਤ ਕਰੇਗੀ। ਮੁੱਖ ਮੰਤਰੀ ਨੇ ਆਪਣੀ ਸਰਕਾਰ ਦੇ ਦੋ ਸਾਲਾਂ ਦੇ ਕਾਰਜਕਾਲ ਦੌਰਾਨ 42 ਹਜ਼ਾਰ ਨੌਕਰੀਆਂ ਦੇਣ, ਬਿਜਲੀ ਦੇ 90 ਫੀਸਦ ਬਿੱਲ ਜ਼ੀਰੋ ਆਉਣ, ਮੁਹੱਲਾ ਕਲੀਨਿਕਾਂ, ਵਧੀਆਂ ਸੜਕਾਂ ਅਤੇ ਆਧੁਨਿਕ ਕਿਸਮ ਦੇ ਸਕੂਲਾਂ ਤੋਂ ਇਲਾਵਾ ਸਰਕਾਰ ਵੱਲੋਂ ਕੀਤੇ ਗਏ ਹੋਰ ਵਿਕਾਸ ਕਾਰਜਾਂ ਦੀ ਚਰਚਾ ਕਰਦਿਆਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਪੰਜਾਬ ਵਿੱਚ ਦੋ ਨਹਿਰਾਂ ਵੀ ਕੱਢੀਆਂ ਜਾ ਰਹੀਆਂ ਹਨ।
ਪਾਰਟੀ ਦੇ ਉਮੀਦਵਾਰ ਮੀਤ ਹੇਅਰ ਨੇ ਕਿਹਾ ਕਿ ਪੰਜਾਬ ਨੂੰ ਮੁੜ ਰੰਗਲਾ, ਹੱਸਦਾ ਤੇ ਖੇਡਦਾ ਬਣਾਉਣ ਵਿੱਚ ਮੁੱਖ ਮੰਤਰੀ ਦੀ ਵੱਡੀ ਭੂਮਿਕਾ ਹੈ। ਆਮ ਆਦਮੀ ਪਾਰਟੀ ਨੂੰ ਸੰਗਰੂਰ ਸੰਸਦੀ ਹਲਕੇ ਦੇ ਵੋਟਰਾਂ ਉਤੇ ਪੂਰਾ ਮਾਣ ਹੈ ਜਿਨ੍ਹਾਂ ਭਗਵੰਤ ਮਾਨ ਨੂੰ ਦੋ ਵਾਰ ਸੰਸਦ ਭੇਜ ਕੇ ਸੂਬੇ ਵਿੱਚ ਬਦਲਵੀਂ ਰਾਜਨੀਤੀ ਦੀ ਸ਼ੁਰੂਆਤ ਕੀਤੀ। ਉਨ੍ਹਾਂ ਕਿਹਾ ਕਿ ਸਰਕਾਰ ਨੇ ਦੋ ਸਾਲਾਂ ਵਿੱਚ ਰਿਕਾਰਡ ਕੰਮ ਕੀਤੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਬਦਨਾਮ ਕਰਨ ਵਾਲੀਆਂ ਧਿਰਾਂ ਕੋਲ ਸਰਕਾਰ ਖ਼ਿਲਾਫ਼ ਬੋਲਣ ਲਈ ਇੱਕ ਵੀ ਨੁਕਤਾ ਨਹੀਂ। ਇਸ ਮੌਕੇ ਕੈਬਨਿਟ ਮੰਤਰੀ ਹਰਪਾਲ ਚੀਮਾ, ਅਮਨ ਅਰੋੜਾ ਅਤੇ ਵਿਧਾਇਕ ਨਰਿੰਦਰ ਕੌਰ ਭਰਾਜ, ਵਰਿੰਦਰ ਕੁਮਾਰ ਲਹਿਰਾਗਾਗਾ, ਕੁਲਵੰਤ ਸਿੰਘ ਪੰਡੋਰੀ ਤੋਂ ਇਲਾਵਾ ਕਈ ਹੋਰ ਆਗੂ ਤੇ ਵਰਕਰ ਮੌਜੂਦ ਸਨ।
ਕੇਜਰੀਵਾਲ ਨਾਲ ਭਲਕੇ ਮੁਲਾਕਾਤ ਕਰਨਗੇ ਭਗਵੰਤ ਮਾਨ
ਨਵੀਂ ਦਿੱਲੀ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ 30 ਅਪਰੈਲ ਨੂੰ ਤਿਹਾੜ ਜੇਲ੍ਹ ’ਚ ਬੰਦ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਾਲ ਮੁਲਾਕਾਤ ਕਰਨਗੇ। ਆਮ ਆਦਮੀ ਪਾਰਟੀ ਦੇ ਸੂਤਰਾਂ ਨੇ ਅੱਜ ਇਹ ਜਾਣਕਾਰੀ ਦਿੱਤੀ। ਤਿਹਾੜ ’ਚ ਭਗਵੰਤ ਮਾਨ ਦੀ ਕੇਜਰੀਵਾਲ ਨਾਲ ਇਹ ਦੂਜੀ ਮੁਲਾਕਾਤ ਹੈ। ਉਧਰ ਤਿਹਾੜ ਜੇਲ੍ਹ ਪ੍ਰਸ਼ਾਸਨ ਨੇ ਕੇਜਰੀਵਾਲ ਦੀ ਪਤਨੀ ਸੁਨੀਤਾ ਨੂੰ ਸੋਮਵਾਰ ਨੂੰ ਉਨ੍ਹਾਂ ਨਾਲ ਮੁਲਾਕਾਤ ਦੀ ਇਜਾਜ਼ਤ ਨਹੀਂ ਦਿੱਤੀ ਹੈ। -ਪੀਟੀਆਈ