ਵਿਧਾਇਕਾ ਮਾਣੂੰਕੇ ਦੇ ਹੱਕ ’ਚ ਸੜਕਾਂ ’ਤੇ ਉੱਤਰੇ ‘ਆਪ’ ਵਾਲੰਟੀਅਰ
ਜਸਬੀਰ ਸਿੰਘ ਸ਼ੇਤਰਾ
ਜਗਰਾਉਂ, 13 ਜੁਲਾਈ
ਆਮ ਆਦਮੀ ਪਾਰਟੀ ਦੇ ਹਲਕਾ ਜਗਰਾਉਂ ਨਾਲ ਸਬੰਧਤ ਵਾਲੰਟੀਅਰਾਂ ਅਤੇ ਅਹੁਦੇਦਾਰਾਂ ਨੇ ਇਕੱਠੇ ਹੋ ਕੇ ਵਿਧਾਇਕ ਸਰਵਜੀਤ ਕੌਰ ਮਾਣੂੰਕੇ ਦੇ ਹੱਕ ਵਿੱਚ ਪ੍ਰਦਰਸ਼ਨ ਕੀਤਾ। ਇਸ ਮੌਕੇ ਵਿਧਾਇਕਾ ਮਾਣੂੰਕੇ ਦੇ ਹੱਕ ‘ਚ ਨਾਅਰੇਬਾਜ਼ੀ ਕਰਦਿਆਂ ਪਰਵਾਸੀ ਪੰਜਾਬੀ ਔਰਤ ਅਤੇ ਕੁਝ ਜਨਤਕ ਜਥੇਬੰਦੀਆਂ ਵੱਲੋਂ ਕੂੜ ਪ੍ਰਚਾਰ ਰਾਹੀਂ ਗਿਣੀ ਮਿਥੀ ਸਾਜਿਸ਼ ਤਹਿਤ ਵਿਧਾਇਕਾ ਨੂੰ ਬਦਨਾਮ ਕਰਨ ਦੇ ਦੋਸ਼ ਲਾਏ ਗਏ। ਪ੍ਰਦਰਸ਼ਨਕਾਰੀਆਂ ਨੇ ਜ਼ਿਲ੍ਹਾ ਪੁਲੀਸ ਮੁਖੀ ਨਵਨੀਤ ਸਿੰਘ ਬੈਂਸ ਨਾਲ ਮੁਲਾਕਾਤ ਕਰਕੇ ਮੰਗ-ਪੱਤਰ ਵੀ ਦਿੱਤਾ। ‘ਆਪ’ ਆਗੂਆਂ ਦਾ ਕਹਿਣਾ ਸੀ ਕਿ ਕਿ ਮਾਣੂੰਕੇ ਨੇ ਕਰਮ ਸਿੰਘ ਤੋਂ ਕੋਠੀ ਕਿਰਾਏ ‘ਤੇ ਲਈ ਸੀ ਅਤੇ ਰੌਲਾ ਪੈਣ ‘ਤੇ ਕੋਠੀ ਖਾਲੀ ਕਰ ਦਿੱਤੀ। ਇਸ ਮਾਮਲੇ ਵਿੱਚ ਵਿਧਾਇਕਾ ਦਾ ਹੁਣ ਕੋਈ ਵੀ ਲੈਣਾ-ਦੇਣਾ ਨਹੀਂ ਹੈ ਪਰ ਫਿਰ ਵੀ ਜਾਣਬੁੱਝ ਕੇ ਕੂੜ ਪ੍ਰਚਾਰ ਕੀਤਾ ਜਾ ਰਿਹਾ ਹੈ। ਇਸ ਮੌਕੇ ‘ਆਪ’ ਆਗੂ ਹਰਜੀਤ ਸਿੰਘ ਮਾਨ, ਗੋਪੀ ਸ਼ਰਮਾ, ਜੱਗਾ ਧਾਲੀਵਾਲ, ਗੁਰਪ੍ਰੀਤ ਸਿੰਘ ਨੋਨੀ, ਕਮਲਜੀਤ ਸਿੰਘ ਕਮਾਲਪੁਰਾ, ਕਰਮਜੀਤ ਸਿੰਘ ਡੱਲਾ, ਅਮਰਦੀਪ ਸਿੰਘ ਟੂਰੇ, ਛਿੰਦਰਪਾਲ ਸਿੰਘ ਮੀਨੀਆਂ, ਨਿਰਭੈ ਸਿੰਘ ਕਮਾਲਪੁਰਾ, ਸਰਪੰਚ ਸੁਰਜੀਤ ਸਿੰਘ ਜਨੇਤਪੁਰਾ ਹਾਜ਼ਰ ਸਨ।
‘ਆਪ’ ਨਾਲ ਸਬੰਧਤ ਸਾਬਕਾ ਸਰਪੰਚ ਨੇ ਮੁਆਫ਼ੀ ਮੰਗੀ
ਵਿਧਾਇਕ ਮਾਣੂੰਕੇ ਦੇ ਹੱਕ ‘ਚ ਪ੍ਰਦਰਸ਼ਨ ਦੌਰਾਨ ਜੋਸ਼ ਵਿੱਚ ਆ ਕੇ ਕਿਸਾਨ ਜਥੇਬੰਦੀਆਂ ਦੇ ਆਗੂਆਂ ਬਾਰੇ ਆਖੇ ਸ਼ਬਦਾਂ ਲਈ ਸਾਬਕਾ ਸਰਪੰਚ ਸੁਰਜੀਤ ਸਿੰਘ ਜਨੇਤਪੁਰਾ ਨੇ ਮੁਆਫ਼ੀ ਮੰਗ ਲਈ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਬਿਆਨ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਜਦਕਿ ਉਨ੍ਹਾਂ ਦੀ ਭਾਵਨਾ ਕਿਸਾਨ ਜਥੇਬੰਦੀਆਂ ਤੇ ਆਗੂਆਂ ਦੇ ਵਿਰੋਧ ਵਾਲੀ ਉੱਕਾ ਨਹੀਂ ਸੀ। ਦੂਜੇ ਪਾਸੇ ਕਿਸਾਨ ਜਥੇਬੰਦੀਆਂ ਨੇ ਇਹ ਮੁੱਦਾ ਵਿਚਾਰਨ ਲਈ ਭਲਕੇ ਮੀਟਿੰਗ ਸੱਦ ਲਈ ਹੈ।