ਨਰੋਟ ਜੈਮਲ ਸਿੰਘ ਦੀ ਨਗਰ ਪੰਚਾਇਤ ਉੱਪਰ ‘ਆਪ’ ਕਾਬਜ਼
ਐੱਨਪੀ ਧਵਨ
ਪਠਾਨਕੋਟ, 9 ਜਨਵਰੀ
ਨਗਰ ਪੰਚਾਇਤ ਨਰੋਟ ਜੈਮਲ ਸਿੰਘ ਅੰਦਰ ਆਮ ਆਦਮੀ ਪਾਰਟੀ ਦਾ ਮੁਕੰਮਲ ਕਬਜ਼ਾ ਹੋ ਗਿਆ ਹੈ। ਅੱਜ ਹੋਈ ਚੋਣ ਵਿੱਚ ਵਾਰਡ ਨੰਬਰ-8 ਤੋਂ ਬਣੇ ਕੌਂਸਲਰ ਬਬਲੀ ਕੁਮਾਰ ਬੱਬੀ ਨੂੰ ਪ੍ਰਧਾਨ ਚੁਣ ਲਿਆ ਗਿਆ ਜਦ ਕਿ ਕੌਂਸਲਰਜ਼ ਮਾਇਆ ਦੇਵੀ ਤੇ ਮਨੀਸ਼ਾ ਮਹਾਜਨ ਨੂੰ ਉਪ-ਪ੍ਰਧਾਨ ਚੁਣਿਆ ਗਿਆ। ਇਹ ਚੋਣ ਰਿਟਰਨਿੰਗ ਅਧਿਕਾਰੀ-ਕਮ-ਐੱਸਡੀਐੱਮ ਅਰਸ਼ਦੀਪ ਸਿੰਘ ਅਤੇ ਕਾਰਜ ਸਾਧਕ ਅਫਸਰ ਮਨਜਿੰਦਰ ਸਿੰਘ ਬਦੇਸ਼ਾ ਦੀ ਅਗਵਾਈ ਵਿੱਚ ਹੋਈ।
ਨਰੋਟ ਜੈਮਲ ਸਿੰਘ ਨਗਰ ਪੰਚਾਇਤ ਅੰਦਰ ਪਿਛਲੇ ਮਹੀਨੇ 21 ਤਰੀਕ ਨੂੰ 11 ਵਾਰਡਾਂ ਦੀਆਂ ਹੋਈਆਂ ਚੋਣਾਂ ਵਿੱਚ 5 ਸੀਟਾਂ ਉਪਰ ਆਮ ਆਦਮੀ ਪਾਰਟੀ, 5 ਸੀਟਾਂ ਉਪਰ ਕਾਂਗਰਸ ਪਾਰਟੀ ਅਤੇ 1 ਸੀਟ ਉਪਰ ਭਾਜਪਾ ਦੇ ਉਮੀਦਵਾਰ ਜਿੱਤੇ ਸਨ ਪਰ ਬਾਅਦ ਵਿੱਚ ਭਾਜਪਾ ਦੀ ਜਿੱਤੀ ਹੋਈ ਉਮੀਦਵਾਰ ਮਾਇਆ ਦੇਵੀ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਈ ਸੀ ਜਦ ਕਿ ਨਗਰ ਕੌਂਸਲ ਦੇ ਸਦਨ ਵਿੱਚ ਇੱਕ ਵੋਟ ਮੌਜੂਦਾ ਵਿਧਾਇਕ ਦੀ ਵੀ ਹੁੰਦੀ ਹੈ ਜੋ ਆਮ ਆਦਮੀ ਪਾਰਟੀ ਦੇ ਲਾਲ ਚੰਦ ਕਟਾਰੂਚੱਕ ਹਨ ਤੇ ਖੁਦ ਮੰਤਰੀ ਵੀ ਹਨ। ਇਸ ਤਰ੍ਹਾਂ ਆਮ ਆਦਮੀ ਪਾਰਟੀ ਦੀਆਂ ਕੁੱਲ 7 ਵੋਟਾਂ ਹੋ ਜਾਂਦੀਆਂ ਹਨ। ਅੱਜ ਚੋਣ ਸਮੇਂ ਕਾਂਗਰਸ ਪਾਰਟੀ ਨਾਲ ਸਬੰਧਤ 5 ਕੌਂਸਲਰ ਹਾਜ਼ਰ ਨਾ ਹੋਏ ਅਤੇ ਆਮ ਆਦਮੀ ਪਾਰਟੀ ਦੇ ਮੰਤਰੀ ਅਤੇ 6 ਕੌਂਸਲਰ ਚੋਣ ਵਿੱਚ ਹਾਜ਼ਰ ਹੋਏ ਤੇ 7 ਵੋਟਾਂ ਹੋਣ ਕਰਕੇ ਬਹੁਮਤ ਦੇ ਆਧਾਰ ’ਤੇ ਪ੍ਰਧਾਨ ਅਤੇ ਦੋਨੋਂ ਉਪ-ਪ੍ਰਧਾਨਾਂ ਦੀ ਚੋਣ ਕਰ ਲਈ ਗਈ। ਇਸ ਚੋਣ ਤੋਂ ਪਹਿਲਾਂ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਜਿੱਤੇ ਹੋਏ ਕੌਂਸਲਰਾਂ ਨਾਲ ਲੰਬੀ ਮੀਟਿੰਗ ਕੀਤੀ ਤੇ ਫਿਰ ਉਨ੍ਹਾਂ ਪ੍ਰਧਾਨ ਤੇ ਉਪ-ਪ੍ਰਧਾਨਾਂ ਦੇ ਨਾਂ ਐਲਾਨ ਦਿੱਤੇ ਜਿਨ੍ਹਾਂ ਦੀ ਸਭਨਾਂ ਨੇ ਸਹਿਮਤੀ ਦੇ ਦਿੱਤੀ। ਐੱਸਡੀਐੱਮ ਅਰਸ਼ਦੀਪ ਸਿੰਘ ਨੇ ਸਾਰੇ ਜਿੱਤੇ ਕੌਂਸਲਰਾਂ ਨੂੰ ਉਨ੍ਹਾਂ ਦੇ ਆਹੁਦੇ ਦੀ ਸੰਵਿਧਾਨ ਅਨੁਸਾਰ ਸਹੁੰ ਚੁਕਾਈ। ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਕਿਹਾ ਕਿ ਨਰੋਟ ਜੈਮਲ ਸਿੰਘ ਵਿਕਾਸ ਕਾਰਜਾਂ ਲਈ 23 ਕਰੋੜ ਰੁਪਏ ਦਿੱਤੇ ਗਏ ਹਨ ਤੇ ਇਹ ਵਿਕਾਸ ਕਾਰਜ ਲਗਾਤਾਰ ਜਾਰੀ ਰਹਿਣਗੇ।