‘ਆਪ’ ਨੇ ਦਰੱਖ਼ਤ ਵੱਢਣ ਦੇ ਮਾਮਲੇ ਵਿੱਚ ਉਪ ਰਾਜਪਾਲ ਨੂੰ ਘੇਰਿਆ
ਪੱਤਰ ਪ੍ਰੇਰਕ
ਨਵੀਂ ਦਿੱਲੀ, 26 ਅਗਸਤ
ਆਮ ਆਦਮੀ ਪਾਰਟੀ ਨੇ ਰਿੱਜ ਖੇਤਰ ਵਿੱਚ ਗੈਰ-ਕਾਨੂੰਨੀ ਢੰਗ ਨਾਲ ਕੱਟੇ ਗਏ 1100 ਦਰੱਖ਼ਤਾਂ ਦੇ ਮਾਮਲੇ ਵਿੱਚ ਐਲਜੀ ’ਤੇ ਜ਼ੋਰਦਾਰ ਹਮਲਾ ਕੀਤਾ ਹੈ। ਸੰਸਦ ਮੈਂਬਰ ਸੰਜੈ ਸਿੰਘ ਦਾ ਕਹਿਣਾ ਹੈ ਕਿ ਭਾਜਪਾ ਦੇ ਉਪ ਰਾਜਪਾਲ ਦਿੱਲੀ ਵਾਤਾਵਰਨ ਦੇ ਸਭ ਤੋਂ ਵੱਡੇ ਦੁਸ਼ਮਣ ਹਨ। ਉਨ੍ਹਾਂ ਨੂੰ ਦਿੱਲੀ ਦੇ ਵਾਤਾਵਰਨ ਅਤੇ ਲੋਕਾਂ ਦੀ ਚਿੰਤਾ ਨਹੀਂ ਹੈ, ਉਨ੍ਹਾਂ ਨੂੰ ਸਿਰਫ ਅਰਬਪਤੀਆਂ ਦੇ ਫਾਰਮ ਹਾਊਸਾਂ ਦੀ ਚਿੰਤਾ ਹੈ।
ਇਸੇ ਲਈ ਉਨ੍ਹਾਂ ਨੇ 1100 ਦਰੱਖ਼ਤ ਗ਼ੈਰ-ਕਾਨੂੰਨੀ ਢੰਗ ਨਾਲ ਵੱਢਣ ਦੀ ਮਨਜ਼ੂਰੀ ਦਿੱਤੀ ਹੈ। ਠੇਕੇਦਾਰ ਨੇ ਸੁਪਰੀਮ ਕੋਰਟ ਵਿੱਚ ਹਲਫ਼ਨਾਮਾ ਦਾਇਰ ਕਰਕੇ ਕਿਹਾ ਕਿ ਐਲਜੀ ਸਾਹਿਬ ਨੇ 3 ਫਰਵਰੀ ਨੂੰ ਮੌਕੇ ’ਤੇ ਆ ਕੇ 1100 ਦਰੱਖ਼ਤ ਕੱਟਣ ਦੇ ਹੁਕਮ ਦਿੱਤੇ ਸਨ। ਸੰਜੈ ਸਿੰਘ ਨੇ ਮੰਗ ਕਿ ਇਸ ਮਾਮਲੇ ਦੀ ਉੱਚ ਪੱਧਰੀ ਜਾਂਚ ਕਰਕੇ ਸਾਰੇ ਤੱਥ ਸੁਪਰੀਮ ਕੋਰਟ ਵਿੱਚ ਪੇਸ਼ ਕੀਤੇ ਜਾਣ ਅਤੇ ਐਲਜੀ ਸਮੇਤ ਸਾਰੇ ਜ਼ਿੰਮੇਵਾਰ ਵਿਅਕਤੀਆਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇ। ਇਸ ਦੌਰਾਨ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਕੈਬਨਿਟ ਮੰਤਰੀ ਸੌਰਭ ਭਾਰਦਵਾਜ ਨੇ ਪਾਰਟੀ ਹੈੱਡਕੁਆਰਟਰ ਵਿੱਚ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਭਾਰਤੀ ਜਨਤਾ ਪਾਰਟੀ ’ਤੇ ਦੋਸ਼ ਲਾਉਂਦੇ ਹੋਏ ਕਿਹਾ ਕਿ ਦਿੱਲੀ ਦੇ ਉਪ ਰਾਜਪਾਲ ਸਰ ਵਿਨੈ ਸਕਸੈਨਾ ਨੇ ਇਹ 1100 ਦਰੱਖਤ ਗੈਰ-ਕਾਨੂੰਨੀ ਢੰਗ ਨਾਲ ਕਟਵਾਏ ਹਨ। ਉਨ੍ਹਾਂ ਕਿਹਾ ਕਿ ਇਸ ਸਬੰਧੀ ਸਬੂਤ ਸੁਪਰੀਮ ਕੋਰਟ ਕੋਲ ਵੀ ਮੌਜੂਦ ਹਨ। ਮੰਤਰੀ ਸੌਰਭ ਭਾਰਦਵਾਜ ਨੇ ਕਿਹਾ ਕਿ ਡੀਡੀਏ ਨੇ ਜਿਸ ਕੰਪਨੀ ਨੂੰ ਠੇਕਾ ਦਿੱਤਾ ਸੀ ਉਸ ਨੇ ਹਲਫ਼ਨਾਮੇ ਵਿੱਚ ਸਾਫ਼ ਲਿਖਿਆ ਹੈ ਕਿ ਦਰੱਖਤ ਕੱਟਣ ਦਾ ਹੁਕਮ ਉਪ ਰਾਜਪਾਲ ਵੱਲੋਂ ਦਿੱਤਾ ਗਿਆ ਸੀ। ਸੌਰਭ ਭਾਰਦਵਾਜ ਨੇ ਕਿਹਾ ਕਿ 14 ਫਰਵਰੀ ਦੀ ਈਮੇਲ ਵਿੱਚ ਸਪੱਸ਼ਟ ਲਿਖਿਆ ਹੈ ਕਿ 3 ਫਰਵਰੀ 2024 ਨੂੰ ਲੈਫਟੀਨੈਂਟ ਗਵਰਨਰ, ਸਤਬੜੀ ਰਿਜ ਖੇਤਰ ਵਿੱਚ ਬਣ ਰਹੀ ਸੜਕ ਦਾ ਦੌਰਾ ਕਰਨ ਲਈ ਆਏ ਸਨ। ਉਨ੍ਹਾਂ ਨੇ ਹੀ ਜਲਦੀ ਤੋਂ ਜਲਦੀ ਦਰੱਖਤ ਕੱਟ ਕੇ ਸੜਕ ਨੂੰ ਚੌੜਾ ਕਰਨ ਦੀਆਂ ਹਦਾਇਤਾਂ ਜਾਰੀ ਕੀਤੀਆਂ ਸਨ।
ਵਰਤੋਂ ਤੇ ਸੁੱਟੋ ਨੀਤੀ ’ਤੇ ਚੱਲਦੀ ਹੈ ਭਾਜਪਾ: ਸੰਜੈ ਸਿੰਘ
ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਸੰਜੈ ਸਿੰਘ ਨੇ ਕਿਹਾ ਕਿ ਭਾਜਪਾ ਵੱਲੋਂ ਦਲਬਦਲ ਕੇ ਆਉਣ ਵਾਲੇ ਆਗੂਆਂ ਨੂੰ ‘‘ਵਰਤੋ ਅਤੇ ਸੁੱਟ’’ ਨੀਤੀ ਤਹਿਤ ਖੂੰਜੇ ਲਾ ਦਿੱਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਭਾਜਪਾ ਵਿੱਚ ਕੱਲ੍ਹ ਸ਼ਾਮਲ ਸ਼ਾਮਲ ਹੋਏ ‘ਆਪ’ ਦੇ ਪੰਜ ਕੌਂਸਲਰਾਂ ਨੂੰ ਐੱਮਸੀਡੀ ਸਟੈਂਡਿੰਗ ਕਮੇਟੀ ਚੋਣਾਂ ਤੋਂ ਬਾਅਦ ਕਿਨਾਰੇ ਲਾ ਦਿੱਤਾ ਜਾਵੇਗਾ। ਰਾਜ ਸਭਾ ਮੈਂਬਰ ਨੇ ਇੱਥੇ ਪ੍ਰੈੱਸ ਕਾਨਫਰੰਸ ਵਿੱਚ ਕਿਹਾ ਕਿ ਕੋਈ ਵੀ ਨੇਤਾ ਜੋ ‘ਆਪ’ ਛੱਡਦਾ ਹੈ, ਉਨ੍ਹਾਂ ਦਾ ਸਿਆਸੀ ਭਵਿੱਖ ਖਤਮ ਹੋ ਜਾਂਦਾ ਹੈ। ਉਨ੍ਹਾਂ ਕਿਹਾ ਕਿ ‘ਆਪ’ ਦਾ ਗਣਿਤ ਕਈ ਵਾਰ ‘ਵਿਗੜਿਆ’ ਜਾਪਦਾ ਹੈ ਪਰ ਆਖ਼ਰਕਾਰ ਸਭ ਕੁਝ ਯੋਜਨਾ ਮੁਤਾਬਕ ਹੁੰਦਾ ਹੈ ਅਤੇ ਇਹ ਸਥਾਈ ਕਮੇਟੀ ਦੀਆਂ ਚੋਣਾਂ ’ਚ ਸਪੱਸ਼ਟ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਇਨ੍ਹਾਂ ਪੰਜ ਕੌਂਸਲਰਾਂ ਨੂੰ ਵੀ ਸਥਾਈ ਕਮੇਟੀ ਚੋਣਾਂ ਤੋਂ ਬਾਅਦ ਪਾਸੇ ਕਰ ਦਿੱਤਾ ਜਾਵੇਗਾ। ‘ਆਪ’ ਨੇ 2022 ਦੀਆਂ ਚੋਣਾਂ ’ਚ 250 ਐਮਸੀਡੀ ਵਾਰਡਾਂ ’ਚੋਂ 134 ’ਤੇ ਜਿੱਤ ਦਰਜ ਕੀਤੀ ਸੀ। ਇਸ ਦੇ ਪੰਜ ਕੌਂਸਲਰ ਚਲੇ ਜਾਣ ਨਾਲ ਇਸ ਦੀ ਗਿਣਤੀ ਘੱਟ ਕੇ 127 ਤੇ ਭਾਜਪਾ ਦੀ ਗਿਣਤੀ 112 ਹੋ ਗਈ ਹੈ। ਦਿੱਲੀ ਮਿਉਂਸਪਲ ਕਾਰਪੋਰੇਸ਼ਨ (ਡੀਐਮਸੀ) ਐਕਟ ਅਨੁਸਾਰ ਸਥਾਈ ਕਮੇਟੀ ਦੇ 18 ਮੈਂਬਰਾਂ ਵਿੱਚੋਂ 6 ਸਦਨ ਤੋਂ ਚੁਣੇ ਜਾਂਦੇ ਹਨ ਜਦੋਂ ਕਿ ਬਾਕੀ 12 ਨਗਰ ਨਿਗਮ ਦੇ 12 ਜ਼ੋਨਾਂ ਵਿੱਚੋਂ ਹਰੇਕ ਵਿੱਚ ਗਠਿਤ ਵਾਰਡ ਕਮੇਟੀਆਂ ਵਿੱਚੋਂ ਚੁਣੇ ਜਾਂਦੇ ਹਨ।