‘ਆਪ’ ਨੇ ਕੂੜੇ ਦੇ ਢੇਰਾਂ ਲਈ ਅਕਾਲੀ-ਭਾਜਪਾ ਨੂੰ ਘੇਰਿਆ
ਟ੍ਰਿਬਿਉੂਨ ਨਿਉੂਜ਼ ਸਰਵਿਸ
ਅੰਮ੍ਰਿਤਸਰ, 10 ਮਈ
ਆਮ ਆਦਮੀ ਪਾਰਟੀ ਦੇ ਲੋਕ ਸਭਾ ਉਮੀਦਵਾਰ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਅੱਜ ਅਚਾਨਕ ਰਣਜੀਤ ਐਵੇਨਿਊ ਸਥਿਤ ਆਨੰਦ ਪਾਰਕ ਦੇ ਕੋਲ ਲੱਗੇ ਕੂੜੇ ਦੇ ਢੇਰ ਵਾਲੀ ਥਾਂ ’ਤੇ ਪੁੱਜੇ ਅਤੇ ਮੌਕਾ ਦੇਖਿਆ। ਇਸ ਮਗਰੋਂ ਪ੍ਰਸ਼ਾਸਨ ਨੇ ਇਕ ਘੰਟੇ ਵਿੱਚ ਹੀ ਉਥੋਂ ਉਹ ਸਾਰਾ ਕੂੜਾ ਚੁਕਵਾ ਦਿੱਤਾ।
ਧਾਲੀਵਾਲ ਨੇ ਕਿਹਾ ਕਿ ਅੱਜ ਸ਼ਹਿਰ ਵਾਸੀ ਕਈ ਅਜਿਹੀਆ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਹਨ ਜਿਹੜੀਆਂ ਪਿਛਲੀਆਂ ਸਰਕਾਰਾਂ ਦੀਆਂ ਗਲਤ ਨੀਤੀਆਂ ਦਾ ਨਤੀਜਾ ਹਨ। ਉਨ੍ਹਾਂ ਕਿਹਾ ਕਿ ਸ਼ਹਿਰ ਵਿੱਚੋਂ ਕੂੜਾ ਚੁੱਕਣ ਵਾਲੀਆਂ ਦੋ ਪ੍ਰਾਈਵੇਟ ਕੰਪਨੀਆਂ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਇਨ੍ਹਾਂ ਦੋਹਾਂ ਕੰਪਨੀਆਂ ਨੂੰ 18 ਮਾਰਚ 2016 ਨੂੰ ਅਕਾਲੀ ਭਾਜਪਾ ਦੀ ਸਰਕਾਰ ਮੌਕੇ 25 ਸਾਲ ਦਾ ਠੇਕਾ ਕੂੜਾ ਚੁੱਕਣ ਵਾਸਤੇ ਦਿੱਤਾ ਗਿਆ ਪਰ ਇਹ ਕੰਪਨੀ ਪੂਰੀ ਤਰਾਂ ਫੇਲ੍ਹ ਸਾਬਤ ਹੋਈ। ਉਨ੍ਹਾਂ ਕਿਹਾ ਕਿ ਉਸ ਸਮੇਂ ਦੀ ਅਕਾਲੀ ਭਾਜਪਾ ਦੀ ਸਰਕਾਰ ਵਿੱਚ ਮੰਤਰੀ ਰਹੇ ਅਨਿਲ ਜੋਸ਼ੀ ਜੋ ਅੱਜ ਅਕਾਲੀ ਦਲ ਦੇ ਉਮੀਦਵਾਰ ਵੀ ਹਨ, ਉਹ ਲੋਕਾਂ ਨੂੰ ਜਵਾਬ ਦੇਣ ਕਿ ਇਨ੍ਹਾਂ ਕੰਪਨੀਆਂ ਨਾਲ 25 ਸਾਲ ਦਾ ਠੇਕਾ ਕਿਉਂ ਕੀਤਾ ਗਿਆ। ਜਦ ਕਿ ਨਿਯਮਾਂ ਦੇ ਮੁਤਾਬਕ ਇੰਨਾ ਲੰਮਾ ਠੇਕਾ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਰਣਜੀਤ ਐਵੀਨਿਊ ਵਰਗੇ ਇਲਾਕੇ ਵਿੱਚ ਇਹ ਜਗ੍ਹਾ ਕੂੜਾ ਸੁੱਟਣ ਦੀ ਨਹੀਂ ਹੈ ਪਰ ਕੰਪਨੀ ਵੱਲੋਂ ਇਥੇ ਆਪਣੀ ਵਰਕਸ਼ਾਪ ਬਣਾਈ ਗਈ ਹੈ, ਜਿੱਥੇ ਉਹ ਆਪਣੀਆਂ ਗੱਡੀਆਂ ਤੋਂ ਕੂੜਾ ਵੀ ਸੁੱਟ ਦਿੰਦੇ ਹਨ ਤੇ ਉਸ ਤੋਂ ਬਾਅਦ ਉਸੇ ਕੂੜੇ ਨੂੰ ਅੱਗ ਲਗਾ ਦਿੰਦੇ ਹਨ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਚੋਣਾਂ ਦੌਰਾਨ ਵੋਟਾਂ ਮੰਗਣ ਆਉਣ ਸਮੇਂ ਇਨ੍ਹਾਂ ਆਗੂਆਂ ਦੀ ਜਵਾਬਤਲਬੀ ਕੀਤੀ ਜਾਵੇ।