7 AAP MLAs quit party ਦਿੱਲੀ ’ਚ ‘ਆਪ’ ਨੂੰ ਝਟਕਾ, 7 ਵਿਧਾਇਕਾਂ ਵੱਲੋਂ ਅਸਤੀਫ਼ੇ
ਉਜਵਲ ਜਲਾਲੀ
ਨਵੀਂ ਦਿੱਲੀ, 31 ਜਨਵਰੀ
ਦਿੱਲੀ ਅਸੈਂਬਲੀ ਚੋਣਾਂ ਤੋਂ ਪਹਿਲਾਂ ਅੱਜ ਆਮ ਆਦਮੀ ਪਾਰਟੀ (ਆਪ) ਨੂੰ ਸੱਤ ਮੌਜੂਦਾ ਵਿਧਾਇਕਾਂ ਵੱਲੋਂ ਦਿੱਤੇ ਅਸਤੀਫ਼ਿਆਂ ਨਾਲ ਵੱਡਾ ਝਟਕਾ ਲੱਗਾ ਹੈ। ਪਾਰਟੀ ਛੱਡਣ ਵਾਲੇ ਵਿਧਾਇਕਾਂ ਵਿਚ ਪਾਲਮ ਤੋਂ ਭਾਵਨਾ ਗੌੜ, ਮਹਿਰੌਲੀ ਤੋਂ ਨਰੇਸ਼ ਯਾਦਵ, ਜਨਕਪੁਰੀ ਤੋਂ ਰਾਜੇਸ਼ ਰਿਸ਼ੀ, ਕਸਤੂਰਬਾ ਨਗਰ ਤੋਂ ਮਦਨ ਲਾਲ, ਤ੍ਰਿਲੋਕਪੁਰੀ ਤੋਂ ਰੋਹਿਤ ਮਹਿਰੌਲੀਆ, ਬੀਜਵਾਸਨ ਤੋਂ ਭੁਪਿੰਦਰ ਸਿੰਘ ਜੂਨ ਤੇ ਆਦਰਸ਼ ਨਗਰ ਤੋਂ ਪਵਨ ਸ਼ਰਮਾ ਸ਼ਾਮਲ ਹਨ। ਕਾਬਿਲੇਗੌਰ ਹੈ ਕਿ ‘ਆਪ’ ਨੇ ਅਸੈਂਬਲੀ ਚੋਣਾਂ ਲਈ ਇਨ੍ਹਾਂ ਵਿਚੋਂ ਕਿਸੇ ਨੂੰ ਵੀ ਟਿਕਟ ਨਹੀਂ ਦਿੱਤੀ ਸੀ। ਬਹੁਤੇ ਵਿਧਾਇਕਾਂ ਨੇ ਆਪਣੇ ਅਸਤੀਫ਼ਿਆਂ ਵਿਚ ਪਾਰਟੀ ਆਗੂਆਂ ਦੀ ਭ੍ਰਿਸ਼ਟਾਚਾਰ ਘੁਟਾਲਿਆਂ ਵਿਚ ਕਥਿਤ ਸ਼ਮੂਲੀਅਤ ਤੇ ਹਵਾਲੇ ਨਾਲ ਪਾਰਟੀ ਵਿਚ ਵਿਸ਼ਵਾਸ ਨਾ ਰਹਿਣ ਦੀ ਗੱਲ ਆਖੀ ਹੈ।
ਮਹਿਰੌਲੀ ਤੋਂ ਵਿਧਾਇਕ ਨਰੇਸ਼ ਯਾਦਵ ਨੇ ਪੱਤਰ ਵਿਚ ਕਿਹਾ, ‘‘ਮੈਂ ਇਮਾਨਦਾਰੀ ਕਰਕੇ ਆਮ ਆਦਮੀ ਪਾਰਟੀ ’ਚ ਸ਼ਾਮਲ ਹੋਇਆ ਸੀ। ਪਰ ਅੱਜ ਮੈਨੂੰ ਕਿਤੇ ਵੀ ਇਮਾਨਦਾਰੀ ਨਜ਼ਰ ਨਹੀਂ ਆਉਂਦੀ। ਮੈਂ ਆਪਣੇ ਮਹਿਰੌਲੀ ਹਲਕੇ ਦੇ ਕਈ ਲੋਕਾਂ ਨਾਲ ਗੱਲ ਕੀਤੀ ਤੇ ਇਨ੍ਹਾਂ ਵਿਚੋਂ ਬਹੁਤਿਆਂ ਨੇ ਕਿਹਾ ਕਿ ‘ਆਪ’ ਪੂਰੀ ਤਰ੍ਹਾਂ ਭ੍ਰਿਸ਼ਟਾਚਾਰ ਵਿਚ ਧਸੀ ਹੋਈ ਹੈ।’’ ਮਾਲੇਰਕੋਟਲਾ ਕੋਰਟ ਨੇ 2026 ਦੇ ਕੁਰਾਨ ਬੇਅਦਬੀ ਕੇਸ ਵਿਚ ਯਾਦਵ ਨੂੰ ਪਿਛਲੇ ਮਹੀਨੇ ਦੋ ਸਾਲ ਕੈਦ ਦੀ ਸਜ਼ਾ ਸੁਣਾਈ ਸੀ। ਕੋਰਟ ਵੱਲੋਂ ਸਜ਼ਾ ਸੁਣਾਏ ਜਾਣ ਮਗਰੋਂ ਯਾਦਵ ਨੇ 20 ਦਸੰਬਰ ਨੂੰ ਐਕਸ ’ਤੇ ਇਕ ਪੋਸਟ ਵਿਚ ਅਰਵਿੰਦ ਕੇਜਰੀਵਾਲ ਨੂੰ ਅਪੀਲ ਕੀਤੀ ਸੀ ਕਿ ਉਹ ਅਸੈਂਬਲੀ ਚੋਣਾਂ ਲਈ ਉਸ ਨੂੰ ਟਿਕਟ ਨਾ ਦੇਣ। ਯਾਦਵ ਨੇ ਕਿਹਾ ਸੀ, ‘‘ਜਦੋਂ ਤੱਕ ਮੈਨੂੰ ਪੂਰੇ ਸਨਮਾਨ ਨਾਲ ਰਿਹਾਈ ਨਹੀਂ ਮਿਲਦੀ ਮੈਂ ਚੋਣ ਨਹੀਂ ਲੜਾਂਗਾ। ਮੈਂ ਪੂਰੀ ਤਰ੍ਹਾਂ ਬੇਕਸੂਰ ਹਾਂ ਤੇ ਮੇਰੇ ਖਿਲਾਫ਼ ਲੱਗੇ ਦੋਸ਼ ਸਿਆਸਤ ਤੋਂ ਪ੍ਰੇਰਿਤ ਤੇ ਝੂਠੇ ਹਨ। ਇਹੀ ਵਜ੍ਹਾ ਹੈ ਕਿ ਮੈਂ ਮੰਗ ਕੀਤੀ ਕਿ ਮੈਨੂੰ ਚੋਣ ਨਾ ਲੜਾਈ ਜਾਵੇ।’’
ਉਧਰ ਬਿਜਵਾਸਨ ਤੋਂ ਵਿਧਾਇਕ ਜੂਨ ਨੇ ਕਿਹਾ ਕਿ ‘ਆਪ’ ਦੇ ਆਪਣੇ ਮੁੱਲਾਂ ਤੇ ਸਿਧਾਂਤਾਂ ਤੋਂ ਥਿੜਕਣ ਕਰਕੇ ਉਨ੍ਹਾਂ ਇਹ ਫੈਸਲਾ ਲਿਆ ਹੈ। ਉਨ੍ਹਾਂ ਕਿਹਾ ਕਿ ਪਾਰਟੀ ਨੇ ਸ਼ੁਰੂਆਤ ਵਿਚ ਅਪਰਾਧਿਕ ਪਿਛੋਕੜ ਵਾਲੇ ਵਿਅਕਤੀਆਂ ਨੂੰ ਟਿਕਟ ਜਾਂ ਮੈਂਬਰਸ਼ਿਪ ਨਾ ਦੇਣ ਦਾ ਸਖ਼ਤ ਫੈਸਲਾ ਲਿਆ ਸੀ, ਪਰ ਪਾਰਟੀ ਨੇ ਬਿਜਵਾਸਨ ਅਸੈਂਬਲੀ ਹਲਕੇ ਤੋਂ ਜਿਸ ਉਮੀਦਵਾਰ ਨੂੰ ਚੋਣ ਪਿੜ ਵਿਚ ਉਤਾਰਿਆ ਹੈ, ਉਸ ਖਿਲਾਫ਼ ਕਈ ਅਪਰਾਧਿਕ ਕੇਸ ਦਰਜ ਹਨ।