ਹਰਿਆਣਾ ਵਿੱਚ ‘ਆਪ’ ਵੱਲੋਂ ਬਿਜਲੀ ਅੰਦੋਲਨ ਦੀ ਸ਼ੁਰੂਆਤ
ਪੀ.ਪੀ. ਵਰਮਾ
ਪੰਚਕੂਲਾ, 9 ਜੁਲਾਈ
ਆਮ ਆਦਮੀ ਪਾਰਟੀ ਵੱਲੋਂ ਅੱਜ ਸੂਬੇ ਭਰ ’ਚ ਪੰਚਕੂਲਾ ਤੋਂ ਬਿਜਲੀ ਅੰਦੋਲਨ ਦੀ ਸ਼ੁਰੂਆਤ ਕੀਤੀ ਗਈ। ਇਸ ਮੌਕੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਬਿਜਲੀ ਕੱਟਾਂ ਦੇ ਮੁੱਦੇ ’ਤੇ ਸੱਤਾਧਾਰੀ ਪਾਰਟੀ ਭਾਜਪਾ ’ਤੇ ਨਿਸ਼ਾਨਾ ਸੇਧਦਿਆਂ ਕਿਹਾ ਕਿ ਜੇ ਮੁਫ਼ਤ ਬਿਜਲੀ ਪੰਜਾਬ ਤੇ ਦਿੱਲੀ ਵਿੱਚ ਦਿੱਤੀ ਜਾ ਸਕਦੀ ਹੈ ਤਾਂ ਹਰਿਆਣਾ ਵਿੱਚ ਕਿਉਂ ਨਹੀਂ। ਇਸ ਮੌਕੇ ਕੇਜਰੀਵਾਲ ਨਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਮੌਜੂਦ ਸਨ।
ਇੱਥੋਂ ਦੇ ਇੰਦਰਧਨੁਸ਼ ਆਡੀਟੋਰੀਅਮ ਵਿੱਚ ਸਮਾਗਮ ਦੌਰਾਨ ਸੰਬੋਧਨ ਕਰਦਿਆਂ ਕੇਜਰੀਵਾਲ ਨੇ ਕਿਹਾ ਕਿ ਹਰਿਆਣਾ ਵਿੱਚ ਬਿਜਲੀ ਨਾ ਮਿਲਣ ਕਾਰਨ ਲੋਕ ਆਤਮਹੱਤਿਆ ਕਰਨ ਲਈ ਮਜਬੂਰ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਦਿੱਲੀ ਵਿੱਚ 200 ਯੂਨਿਟ ਬਿਜਲੀ ਦਾ ਬਿੱਲ ਅਤੇ ਪੰਜਾਬ ਵਿੱਚ 300 ਯੂਨਿਟ ਬਿਜਲੀ ਦਾ ਬਿੱਲ ਜ਼ੀਰੋ ਰੁਪਏ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਭਾਜਪਾ ਦੇ ਕੁਝ ਨੇਤਾ ਦਿੱਲੀ ਛੱਡ ਕੇ ਗੁਰੂਗ੍ਰਾਮ ਰਹਿਣ ਲੱਗ ਪਏ ਅਤੇ ਕੁਝ ਮਹੀਨਿਆਂ ਬਾਅਦ ਉਨ੍ਹਾਂ ਨੂੰ ਅਹਿਸਾਸ ਹੋਇਆ ਕਿ ਗੁਰੂਗ੍ਰਾਮ ਵਿੱਚ 8 ਤੋਂ 10 ਘੰਟੇ ਬਿਜਲੀ ਦਾ ਕੱਟ ਲੱਗਦਾ ਹੈ ਅਤੇ ਦਿੱਲੀ ਵਿੱਚ ਬਿਜਲੀ ਦਾ ਕੋਈ ਕੱਟ ਨਹੀਂ ਲੱਗਦਾ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਬੜੇ ਸ਼ਰਮ ਦੀ ਗੱਲ ਹੈ ਕਿ ਚੰਦਰਯਾਨ ਚੰਦ ਉੱਤੇ ਤਾਂ ਜਾ ਰਿਹਾ ਹੈ ਪਰ ਹਰਿਆਣਾ ਨੂੰ ਬਿਜਲੀ ਨਹੀਂ ਮਿਲ ਰਹੀ ਅਤੇ ਹਰਿਆਣਾ ਬਿਜਲੀ-ਬਿਜਲੀ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਸੂਬੇ ਵਿੱਚ 200 ਯੂਨਿਟ ਬਿਜਲੀ ਦਾ ਬਿੱਲ 1200 ਰੁਪਏ ਤੋਂ 1300 ਰੁਪਏ ਆਉਂਦਾ ਹੈ ਜਦਕਿ ਦਿੱਲੀ ਵਿੱਚ 200 ਯੂਨਿਟ ਬਿਜਲੀ ਦਾ ਬਿੱਲ ਜ਼ੀਰੋ ਰੁਪਏ ਆਉਂਦਾ ਹੈ। ਇਸ ਮੌਕੇ ‘ਆਪ’ ਦੇ ਕੌਮੀ ਜਨਰਲ ਸਕੱਤਰ ਡਾ. ਸੰਦੀਪ ਪਾਠਕ, ਪ੍ਰਦੇਸ਼ ਪ੍ਰਧਾਨ ਡਾ. ਸੁਸ਼ੀਲ ਗੁਪਤਾ, ਕੌਮੀ ਜੁਆਇੰਟ ਸੈਕਟਰੀ ਨਿਰਮਲ ਸਿੰਘ, ਹਰਿਆਣਾ ਪ੍ਰਚਾਰ ਸਮਿਤੀ ਦੇ ਪ੍ਰਧਾਨ ਡਾ. ਅਸ਼ੋਕ ਤੰਵਰ ਸਣੇ ਕਈ ਆਗੂ ਸ਼ਾਮਲ ਸਨ।