‘ਆਪ’ ਨੇ ਥਾਣਾ ਆਈਟੀ ਪਾਰਕ ਦੀ ਪੁਲੀਸ ਖ਼ਿਲਾਫ਼ ਧਰਨਾ ਲਾਇਆ
ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 16 ਨਵੰਬਰ
ਇੱਥੋਂ ਦੇ ਥਾਣਾ ਆਈਟੀ ਪਾਰਕ ਦੀ ਪੁਲੀਸ ਦੇ ਰਵੱਈਏ ਖ਼ਿਲਾਫ਼ ਅੱਜ ਆਮ ਆਦਮੀ ਪਾਰਟੀ ਨੇ ਥਾਣੇ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ। ਇਸ ਮੌਕੇ ‘ਆਪ’ ਚੰਡੀਗੜ੍ਹ ਦੇ ਸਹਿ ਇੰਚਾਰਜ ਐੱਸ.ਐੱਸ. ਆਹਲੂਵਾਲੀਆ ਦੀ ਅਗਵਾਈ ਹੇਠ ‘ਆਪ’ ਕੌਂਸਲਰ ਵੀ ਇੰਦਰਾ ਕਲੋਨੀ ਦੇ ਵਸਨੀਕਾਂ ਨਾਲ ਮੌਜੂਦ ਰਹੇ। ਇੰਦਰਾ ਕਲੋਨੀ ਵਾਸੀਆਂ ਤੇ ‘ਆਪ’ ਆਗੂਆਂ ਨੇ ਪੁਲੀਸ ’ਤੇ ਆਪਣੇ ਮੁਲਾਜ਼ਮਾਂ ਨੂੰ ਬਚਾਉਣ ਲਈ ਆਮ ਲੋਕਾਂ ’ਤੇ ਕੇਸ ਦਰਜ ਕਰਨ ਦੇ ਦੋਸ਼ ਲਗਾਏ ਹਨ।
ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਬੁੱਧਵਾਰ ਰਾਤ ਨੂੰ ਓਲਡ ਇੰਦਰਾ ਕਲੋਨੀ ਵਿੱਚ ਝਗੜਾ ਹੋ ਗਿਆ ਸੀ। ਇਸ ਬਾਰੇ ਜਾਣਕਾਰੀ ਪੁਲੀਸ ਨੂੰ ਦਿੱਤੀ ਗਈ ਤਾਂ ਪੀਸੀਆਰ ਦੀ ਟੀਮ ਕਲੋਨੀ ਵਿੱਚ ਪਹੁੰਚੀ। ਉਨ੍ਹਾਂ ਦੋਸ਼ ਲਾਇਆ ਕਿ ਪੀਸੀਆਰ ਦੇ ਮੁਲਾਜ਼ਮ ਗੱਡੀ ਵਿੱਚ ਸ਼ਰਾਬ ਪੀ ਰਹੇ ਸਨ, ਜਿਸ ਦਾ ਇਲਾਕਾ ਵਾਸੀਆਂ ਨੇ ਵਿਰੋਧ ਕਰਦਿਆਂ ਵੀਡੀਓ ਬਣਾ ਲਈ। ਇਸੇ ਦੌਰਾਨ ਪੁਲੀਸ ਤੇ ਲੋਕਾਂ ਵਿਚਾਲੇ ਮਾਮੂਲੀ ਤਕਰਾਰ ਵੀ ਹੋਏ ਅਤੇ ਪੁਲੀਸ ਮੁਲਾਜ਼ਮ ਮੌਕੇ ਤੋਂ ਚਲੇ ਗਏ। ਵੀਰਵਾਰ ਸਵੇਰੇ ਥਾਣਾ ਆਈਟੀ ਪਾਰਕ ਦੀ ਪੁਲੀਸ ਵੱਲੋਂ ਇੰਦਰਾ ਕਲੋਨੀ ਦੇ ਵਸਨੀਕਾਂ ਹੀਰਾ ਲਾਲ ਤੇ ਗੋਪਾਲ ਵਿਰੁੱਧ ਕੇਸ ਦਰਜ ਕਰਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।
ਪੁਲੀਸ ਕਾਰਵਾਈ ਦੇ ਵਿਰੋਧ ’ਚ ਅੱਜ ਸ਼ਾਮ ਸਮੇਂ ‘ਆਪ’ ਆਗੂ ਡਾ. ਐੱਸ.ਐੱਸ. ਆਹਲੂਵਾਲੀਆ ਦੀ ਅਗਵਾਈ ਹੇਠ ਪ੍ਰੇਮ ਗਰਗ, ਕੌਂਸਲਰ ਸੁਮਨ ਸ਼ਰਮਾ, ਦਮਨਪ੍ਰੀਤ ਸਿੰਘ, ਅੰਜੂ ਕਤਿਆਲ, ਜਸਵਿੰਦਰ ਕੌਰ, ਪੂਨਮ ਕੁਮਾਰੀ, ਜਸਬੀਰ ਸਿੰਘ ਲਾਡੀ, ਕੁਲਦੀਪ ਕੁਮਾਰ, ਸੁਖਰਾਜ ਸੰਧੂ, ਰਾਜਿੰਦਰ ਹਿੰਦੂਸਤਾਨੀ ਤੇ ਰਵੀ ਮਣੀ ਨੇ ਲੋਕਾਂ ਨਾਲ ਮਿਲ ਕੇ ਥਾਣੇ ਮੂਹਰੇ ਧਰਨਾ ਦਿੱਤਾ। ਇਸ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਆਮ ਲੋਕਾਂ ਵਿਰੁੱਧ ਦਰਜ ਕੀਤਾ ਕੇਸ ਰੱਦ ਕਰ ਕੇ ਪੁਲੀਸ ਮੁਲਾਜ਼ਮਾਂ ਵਿਰੁੱਧ ਕੇਸ ਦਰਜ ਕਰਨ ਦੀ ਮੰਗ ਕੀਤੀ।
ਕੀ ਕਹਿੰਦੇ ਨੇ ਅਧਿਕਾਰੀ
ਇਸ ਸਬੰਧੀ ਚੰਡੀਗੜ੍ਹ ਪੁਲੀਸ ਦੇ ਡੀਐੱਸਪੀ ਅਭਿਨੰਦਨ ਨੇ ਕਿਹਾ ਕਿ ਉਨ੍ਹਾਂ ਵੱਲੋਂ ਪੁਲੀਸ ਮੁਲਾਜ਼ਮਾਂ ਦਾ ਮੈਡੀਕਲ ਕਰਵਾਇਆ ਗਿਆ ਹੈ, ਜਿਸ ਦੀ ਰਿਪੋਰਟ ਦੇ ਆਧਾਰ ’ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।