‘ਆਪ’ ਨੂੰ ਵਿਦੇਸ਼ ਤੋਂ 7 ਕਰੋੜ ਰੁਪਏ ਦੇ ਫੰਡ ਮਿਲੇ: ਈਡੀ
* ‘ਆਪ’ ਨੇ ਦੋਸ਼ ਖਾਰਜ ਕਰਦਿਆਂ ਭਾਜਪਾ ਦੀ ਨਵੀਂ ਸਾਜ਼ਿਸ਼ ਦੱਸਿਆ
ਨਵੀਂ ਦਿੱਲੀ, 20 ਮਈ
ਈਡੀ ਨੇ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਪੱਤਰ ਲਿਖ ਕੇ ਦਾਅਵਾ ਕੀਤਾ ਹੈ ਕਿ ਦਿੱਲੀ ਤੇ ਪੰਜਾਬ ਵਿਚ ਸਰਕਾਰਾਂ ਚਲਾ ਰਹੀ ਆਮ ਆਦਮੀ ਪਾਰਟੀ ਨੇ ਫੌਰੇਨ ਕੰਟਰੀਬਿਊਸ਼ਨ ਰੈਗੂਲੇਟਰੀ ਐਕਟ (ਐੱਫਸੀਆਰਏ) ਦੀ ਕਥਿਤ ਉਲੰਘਣਾ ਕਰਕੇ ਵਿਦੇਸ਼ ਤੋਂ 7 ਕਰੋੜ ਰੁਪਏ ਦੇ ਫੰਡ ਹਾਸਲ ਕੀਤੇ ਹਨ, ਜਿਸ ਦੀ ਜਾਂਚ ਕਰਨੀ ਬਣਦੀ ਹੈ। ‘ਆਪ’ ਨੇ ਦੋਸ਼ ਖਾਰਜ ਕਰਦਿਆਂ ਕਿਹਾ ਕਿ ਇਹ ਭਾਜਪਾ ਦੀ ਨਵੀਂ ਸਾਜ਼ਿਸ਼ ਹੈ। ਸੰਘੀ ਜਾਂਚ ਏਜੰਸੀ ਨੇ ਦਾਅਵਾ ਕੀਤਾ ਕਿ ਪੰਜਾਬ ਤੋਂ ਆਮ ਆਦਮੀ ਪਾਰਟੀ ਦੇ ਸਾਬਕਾ ਵਿਧਾਇਕ ਸੁਖਪਾਲ ਸਿੰਘ ਖਹਿਰਾ ਤੇ ਕੁਝ ਹੋਰਨਾਂ ਖਿਲਾਫ਼ ਡਰੱਗਜ਼ ਨਾਲ ਜੁੜੇ ਮਨੀ ਲਾਂਡਰਿੰਗ ਕੇਸ ਦੀ ਜਾਂਚ ਦੌਰਾਨ ਉਸ ਦੇ ਹੱਥ ਕੁਝ ਦਸਤਾਵੇਜ਼ ਤੇ ਈਮੇਲਾਂ ਲੱਗੀਆਂ ਹਨ, ਜਿਸ ਤੋਂ ਉਪਰੋਕਤ ਖੁਲਾਸਾ ਹੁੰਦਾ ਹੈ। ਈਡੀ ਨੇ ਇਹ ਜਾਂਚ 2021 ਵਿਚ ਸ਼ੁਰੂ ਕੀਤੀ ਸੀ ਤੇ ਖਹਿਰਾ ਨੂੰ ਉਸੇ ਸਾਲ ਗ੍ਰਿਫ਼ਤਾਰ ਵੀ ਕੀਤਾ ਗਿਆ ਸੀ। ਖਹਿਰਾ ਇਸ ਵੇਲੇ ਕਾਂਗਰਸ ਪਾਰਟੀ ਵਿਚ ਹਨ। ਅਧਿਕਾਰਤ ਸੂਤਰਾਂ ਨੇ ਕਿਹਾ ਕਿ ਈਡੀ ਨੇ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਪਿਛਲੇ ਸਾਲ ਅਗਸਤ ਵਿਚ ਇਸ ਬਾਰੇ ਤਫ਼ਸੀਲ ਵਿਚ ਚਿੱਠੀ ਪੱਤਰ ਲਿਖਿਆ ਸੀ। ਈਡੀ ਨੇ ਹਾਲ ਹੀ ਵਿਚ ਇਸ ਕੇਸ ’ਚ ਕੁਝ ਨਵੀਂ ਜਾਣਕਾਰੀ ਕੇਂਦਰੀ ਗ੍ਰਹਿ ਮੰਤਰਾਲੇ ਨਾਲ ਸਾਂਝੀ ਕੀਤੀ ਸੀ। ਉਧਰ ਆਮ ਆਦਮੀ ਪਾਰਟੀ ਨੇ ਵਿਦੇਸ਼ ਤੋਂ ਫੰਡ ਹਾਸਲ ਕਰਨ ਦੇ ਦੋਸ਼ਾਂ ਨੂੰ ਖਾਰਜ ਕਰਦਿਆਂ ਇਸ ਨੂੰ ਭਾਜਪਾ ਦੀ ਨਵੀਂ ਸਾਜ਼ਿਸ਼ ਕਰਾਰ ਦਿੱਤਾ ਹੈ। ‘ਆਪ’ ਆਗੂ ਆਤਿਸ਼ੀ ਤੇ ਸੰਦੀਪ ਪਾਠਕ ਨੇ ਦਾਅਵਾ ਕੀਤਾ ਕਿ ਭਾਜਪਾ ਆਮ ਆਦਮੀ ਪਾਰਟੀ (ਆਪ) ਨੂੰ ਨਿਸ਼ਾਨਾ ਬਣਾਉਣ ਲਈ ਪੁਰਾਣੇ ਮਸਲੇ ਕੁਰੇਦ ਰਹੀ ਹੈ। ਪਾਰਟੀ ਨੇ ਦਾਅਵਾ ਕੀਤਾ ਕਿ ਦਿੱਲੀ ਵਿਚ ਜਿਉਂ ਜਿਉਂ ਚੋਣਾਂ ਨੇੜੇ ਆ ਰਹੀਆਂ ਹਨ, ਅਜਿਹੇ ਕਈ ਦੋਸ਼ ਆਪ ’ਤੇ ਲੱਗਣਗੇ। -ਪੀਟੀਆਈ