‘ਆਪ’ ਵੱਲੋਂ ਮਨੀਪੁਰ ਘਟਨਾ ਖ਼ਿਲਾਫ਼ ਰੋਸ ਪ੍ਰਦਰਸ਼ਨ
ਨਿੱਜੀ ਪੱਤਰ ਪੇ੍ਰਕ
ਫਤਹਿਗੜ੍ਹ ਸਾਹਿਬ, 26 ਜੁਲਾਈ
ਆਮ ਆਦਮੀ ਪਾਰਟੀ ਵਰਕਰਾਂ ਨੇ ਅੱਜ ਮਨੀਪੁਰ ਘਟਨਾ ਖ਼ਿਲਾਫ਼ ਵਿਧਾਇਕ ਲਖਵੀਰ ਸਿੰਘ ਰਾਏ ਦੀ ਅਗਵਾਈ ਹੇਠ ਰੋਸ ਪ੍ਰਦਰਸ਼ਨ ਕੀਤਾ। ਇਸ ਮੌਕੇ ਵਿਧਾਇਕ ਨੇ ਕਿਹਾ ਕਿ ਮਨੀਪੁਰ ਹਿੰਸਾ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਸ ਦੀ ਲੀਡਰਸ਼ਿਪ ਨੇ ਪਿਛਲੇ 70-72 ਦਨਿਾਂ ਤੋਂ ਚੁੱਪ ਧਾਰੀ ਰੱਖੀ, ਜਿਸ ਨੇ ਇਹ ਸਾਬਤ ਕਰ ਦਿੱਤਾ ਕਿ ਨਰਿੰਦਰ ਮੋਦੀ ਦੇਸ਼ ਦੇ ਪ੍ਰਧਾਨ ਮੰਤਰੀ ਨਹੀਂ ਬਲਕਿ ਇਕ ਵਰਗ ਦੇ ਲੀਡਰ ਹਨ।
ਉਨ੍ਹਾਂ ਨੂੰ ਨੀਂਦ ਤੋਂ ਜਗਾਉਣ ਲਈ ਆਮ ਆਦਮੀ ਪਾਰਟੀ ਰੋਸ ਧਰਨੇ ਦੇ ਰਹੀ ਹੈ। ਉਨ੍ਹਾਂ ਕਿਹਾ ਕਿ ਮਨੀਪੁਰ ਦੀ ਸਰਕਾਰ ਦੇ ਇਸ਼ਾਰੇ ’ਤੇ ਇੱਕ ਭਾਈਚਾਰੇ ਦੇ ਲੋਕ ਦੂਜੇ ਸਮਾਜ ਦੀਆਂ ਔਰਤਾਂ ਨੂੰ ਇਤਰਾਜ਼ਯੋਗ ਹਾਲਤ ’ਚ ਸੜਕ ’ਤੇ ਘਮਾਉਂਦੇ ਰਹੇ ਪਰ ਉੱਥੋਂ ਦਾ ਪ੍ਰਸ਼ਾਸਨ ਮੂਕ ਦਰਸ਼ਕ ਬਣ ਕੇ ਤਮਾਸ਼ਾ ਦੇਖਦਾ ਰਿਹਾ। ਰਾਏ ਨੇ ਕਿਹਾ ਕਿ ਉਹ ਦੇਸ਼ ’ਚ ਵੰਡੀਆਂ ਨਹੀਂ ਪੈਣ ਦਿਆਂਗੇ। ਉਨ੍ਹਾਂ ਮੁਲਜ਼ਮਾਂ ਨੂੰ ਫਾਂਸੀ ਦੀ ਸਜ਼ਾ ਦੇਣ ਦੀ ਮੰਗ ਕੀਤੀ। ਇਸ ਮੌਕੇ ਜਗਜੀਤ ਰਿਉਣਾ, ਗੁਰਸਤਿੰਦਰ ਜੱਲਾ, ਰਾਹੁਲ ਸ਼ਰਮਾ, ਮਨਦੀਪ ਪੋਲਾ, ਦਿਲਬਾਘ ਬਾਘਾ ਤੇ ਹੋਰ ਹਾਜ਼ਰ ਸਨ।
ਬਸਪਾ ਵੱਲੋਂ ਮਨੀਪੁਰ ਸਰਕਾਰ ਬਰਖਾਸਤ ਕਰਨ ਦੀ ਮੰਗ
ਲਾਲੜੂ (ਪੱਤਰ ਪ੍ਰੇਰਕ): ਬਸਪਾ ਦੇ ਸੂਬਾ ਸਕੱਤਰ ਤੇ ਲੋਕ ਸਭਾ ਹਲਕਾ ਪਟਿਆਲਾ ਦੇ ਇੰਚਾਰਜ ਜਗਜੀਤ ਛੜਬੜ ਨੇ ਮਨੀਪੁਰ ਵਿੱਚ ਦੋ ਔਰਤਾਂ ਨੂੰ ਨਿਰਵਸਤਰ ਕਰ ਕੇ ਘੁਮਾਉਣ ਦੀ ਘਟਨਾ ਦੀ ਨਿਖੇਧੀ ਕੀਤੀ ਹੈ। ਉਨ੍ਹਾਂ ਕਿਹਾ ਕਿ ਇਸ ਘਟਨਾ ਨੇ ਜਿੱਥੇ ਇਨਸਾਨੀਅਤ ਨੂੰ ਸ਼ਰਮਸਾਰ ਕੀਤਾ ਹੈ, ਉੱਥੇ ਦੇਸ਼ ਦਾ ਨਾਮ ਵੀ ਨੀਵਾਂ ਕੀਤਾ ਹੈ। ਆਜ਼ਾਦੀ ਦੇ ਬਾਵਜੂਦ ਦੇਸ਼ ਵਿੱਚ ਔਰਤਾਂ ਸੁਰਖਿਅਤ ਨਹੀਂ ਹਨ। ਇਸ ਦੌਰਾਨ ਉਨ੍ਹਾਂ ਮਨੀਪੁਰ ਸਰਕਾਰ ਨੂੰ ਬਰਖਾਸਤ ਕਰਨ ਦੀ ਮੰਗ ਕੀਤੀ।