For the best experience, open
https://m.punjabitribuneonline.com
on your mobile browser.
Advertisement

‘ਆਪ’ ਵੱਲੋਂ ਕੰਗਨਾ ਦੀ ਟਿੱਪਣੀ ਖ਼ਿਲਾਫ਼ ਭਾਜਪਾ ਦਫ਼ਤਰ ਮੂਹਰੇ ਰੋਸ ਪ੍ਰਦਰਸ਼ਨ

08:52 AM Aug 29, 2024 IST
‘ਆਪ’ ਵੱਲੋਂ ਕੰਗਨਾ ਦੀ ਟਿੱਪਣੀ ਖ਼ਿਲਾਫ਼ ਭਾਜਪਾ ਦਫ਼ਤਰ ਮੂਹਰੇ ਰੋਸ ਪ੍ਰਦਰਸ਼ਨ
ਚੰਡੀਗੜ੍ਹ ਵਿੱਚ ‘ਆਪ’ ਦੇ ਕਿਸਾਨ ਵਿੰਗ ਦੇ ਆਗੂ ਭਾਜਪਾ ਦਫ਼ਤਰ ਦੇ ਬਾਹਰ ਰੋਸ ਪ੍ਰਦਰਸ਼ਨ ਕਰਦੇ ਹੋਏ।
Advertisement

ਆਤਿਸ਼ ਗੁਪਤਾ
ਚੰਡੀਗੜ੍ਹ, 28 ਅਗਸਤ
ਭਾਜਪਾ ਦੀ ਸੰਸਦ ਮੈਂਬਰ ਕੰਗਨਾ ਰਣੌਤ ਵੱਲੋਂ ਪਿਛਲੇ ਦਿਨੀਂ ਕਿਸਾਨਾਂ ਪ੍ਰਤੀ ਦਿੱਤੇ ਬਿਆਨ ਤੋਂ ਨਾਰਾਜ਼ ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਕਿਸਾਨ ਵਿੰਗ ਨੇ ਅੱਜ ਚੰਡੀਗੜ੍ਹ ਦੇ ਸੈਕਟਰ-37 ਸਥਿਤ ਪੰਜਾਬ ਭਾਜਪਾ ਦਫ਼ਤਰ ਮੂਹਰੇ ਰੋਸ ਪ੍ਰਦਰਸ਼ਨ ਕੀਤਾ। ਪ੍ਰਦਸ਼ਨਕਾਰੀਆਂ ਨੇ ਸੰਸਦ ਮੈਂਬਰ ਕੰਗਨਾ ਰਣੌਤ ਅਤੇ ਭਾਜਪਾ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।
‘ਆਪ’ ਦੇ ਕਿਸਾਨ ਵਿੰਗ ਦੇ ਆਗੂ ਭਾਜਪਾ ਦਫ਼ਤਰ ਦਾ ਘਿਰਾਓ ਕਰਨ ਲਈ ਅੱਗੇ ਵਧੇ ਤਾਂ ਚੰਡੀਗੜ੍ਹ ਪੁਲੀਸ ਨੇ ਕੁਝ ਦੂਰੀ ’ਤੇ ਹੀ ਉਨ੍ਹਾਂ ਨੂੰ ਰੋਕ ਦਿੱਤਾ। ਇਸ ਦੌਰਾਨ ਪ੍ਰਦਰਸ਼ਨਕਾਰੀਆਂ ਤੇ ਪੁਲੀਸ ਵਿਚਕਾਰ ਖਿੱਚ-ਧੂਹ ਹੋਈ ਤੇ ਚੰਡੀਗੜ੍ਹ ਪੁਲੀਸ ਨੇ ਦਰਜਨਾਂ ‘ਆਪ’ ਆਗੂਆਂ ਨੂੰ ਹਿਰਾਸਤ ਵਿੱਚ ਲੈ ਲਿਆ। ‘ਆਪ’ ਪੰਜਾਬ ਦੇ ਕਿਸਾਨ ਵਿੰਗ ਦੇ ਸੂਬਾ ਪ੍ਰਧਾਨ ਤੇ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਤੇ ਕਿਸਾਨ ਵਿੰਗ ਦੇ ਇੰਚਾਰਜ ਤੇ ਐਗਰੋ ਇੰਡਸਟਰੀ ਕਾਰਪੋਰੇਸ਼ਨ ਦੇ ਚੇਅਰਮੈਨ ਸ਼ਮਿੰਦਰ ਸਿੰਘ ਖਿੰਡਾ ਨੇ ਕਿਹਾ ਕਿ ਭਾਜਪਾ ਨੇ ਕੰਗਨਾ ਨੂੰ ਫਟਕਾਰ ਲਗਾਉਣ ਦਾ ਡਰਾਮਾ ਕੀਤਾ ਹੈ, ਜਦੋਂ ਕਿ ਕਿਸਾਨਾਂ ਪ੍ਰਤੀ ਅਜਿਹੀ ਬਿਆਨਬਾਜ਼ੀ ਕਰਨ ਵਾਲੇ ਆਗੂਆਂ ਨੂੰ ਪਾਰਟੀ ਤੋਂ ਬਰਖ਼ਾਸਤ ਕਰਨਾ ਚਾਹੀਦਾ ਹੈ। ਉਨ੍ਹਾਂ ਮੰਗ ਕੀਤੀ ਕਿ ਅੰਨਦਾਤਾ ਨੂੰ ਬਦਨਾਮ ਕਰਨ ਵਾਲੇ ਆਗੂਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ‘ਆਪ’ ਪੰਜਾਬ ਦੇ ਸੀਨੀਅਰ ਬੁਲਾਰੇ ਨੀਲ ਗਰਗ ਨੇ ਕਿਹਾ ਕਿ ਕੰਗਨਾ ਰਣੌਤ ਹੁਣ ਸੰਸਦ ਮੈਂਬਰ ਹਨ, ਉਹ ਕਿਸੇ ਇਕ ਸਮੂਹ ਜਾਂ ਦੂਜੇ ਲੋਕਾਂ ਨੂੰ ਨਿਸ਼ਾਨਾ ਬਣਾਉਣ ਲਈ ਬੇਤੁਕੇ ਬਿਆਨ ਨਹੀਂ ਦੇ ਸਕਦੇ। ਉਨ੍ਹਾਂ ਕਿਹਾ ਕਿ ਇਹ ਪਹਿਲੀ ਵਾਰ ਨਹੀਂ ਹੈ ਕਿ ਕਿਸੇ ਭਾਜਪਾ ਆਗੂ ਨੇ ਕਿਸਾਨਾਂ ਵਿਰੁੱਧ ਅਜਿਹਾ ਬਿਆਨ ਦਿੱਤਾ ਹੋਵੇ। ਭਾਜਪਾ ਆਗੂ ਪਹਿਲਾਂ ਵੀ ਅਪਮਾਨਜਨਕ ਬਿਆਨ ਦੇ ਚੁੱਕੇ ਹਨ। ਉਨ੍ਹਾਂ ਕਿਹਾ ਕਿ ਕੰਗਨਾ ਦੀ ਤਾਜ਼ਾ ਟਿੱਪਣੀ ਬਹੁਤ ਮੰਦਭਾਗੀ ਹੈ। ਉਨ੍ਹਾਂ ਕਿਹਾ ਕਿ ਭਾਜਪਾ ਹਰਿਆਣਾ, ਮਹਾਰਾਸ਼ਟਰ ਤੇ ਝਾਰਖੰਡ ਰਾਜਾਂ ਵਿੱਚ ਚੋਣਾਂ ਦੇ ਮੱਦੇਨਜ਼ਰ ਕੰਗਨਾ ਦੇ ਬਿਆਨ ਤੋਂ ਦੂਰੀ ਬਣਾ ਰਹੀ ਹੈ। ਗਰਗ ਨੇ ਕਿਹਾ ਕਿ ਭਾਜਪਾ ਤੇ ਕੰਗਨਾ ਰਣੌਤ ਨੂੰ ਕਿਸਾਨਾਂ ਤੋਂ ਮੁਆਫ਼ੀ ਮੰਗਣੀ ਚਾਹੀਦੀ ਹੈ।

Advertisement

ਮਾਨਸਿਕ ਅਸੰਤੁਲਨ ਨੂੰ ਦਰਸਾਉਂਦੇ ਨੇ ਕੰਗਨਾ ਦੇ ਬਿਆਨ: ਬਰਸਟ

‘ਆਪ’ ਪੰਜਾਬ ਦੇ ਜਨਰਲ ਸਕੱਤਰ ਅਤੇ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ ਬਰਸਟ ਨੇ ਭਾਜਪਾ ਦੀ ਸੰਸਦ ਮੈਂਬਰ ਕੰਗਨਾ ਰਣੌਤ ਦੇ ਬਿਆਨਾਂ ਦੀ ਸਖ਼ਤ ਆਲੋਚਨਾ ਕੀਤੀ ਹੈ। ਉਨ੍ਹਾਂ ਕਿਹਾ ਕਿ ਕੰਗਨਾ ਰਣੌਤ ਵੱਲੋਂ ਲਗਾਤਾਰ ਪੰਜਾਬ ਦੇ ਮਾਹੌਲ ਨੂੰ ਖਰਾਬ ਕਰਨ ਲਈ ਦਿੱਤੇ ਜਾਂਦੇ ਬਿਆਨ ਅਸਲ ਵਿੱਚ ਪੰਜਾਬ ਦੇ ਪ੍ਰਤੀ ਭਾਜਪਾ ਦੀ ਸੋਚ ਨੂੰ ਦਰਸਾਉਂਦੇ ਹਨ, ਇਹ ਕੋਈ ਪਹਿਲੀ ਘਟਨਾ ਨਹੀਂ ਹੈ। ਉਨ੍ਹਾਂ ਕਿਹਾ ਕਿ ਭਾਜਪਾ ਨੂੰ ਚਾਹੀਦਾ ਹੈ ਕਿ ਉਹ ਇਸ ਬਿਆਨ ਦੀ ਜ਼ਿੰਮੇਵਾਰੀ ਲਵੇ।

Advertisement

Advertisement
Author Image

joginder kumar

View all posts

Advertisement