‘ਆਪ’ ਵੱਲੋਂ ਗ੍ਰੰਥੀਆਂ ਤੇ ਪੰਡਤਾਂ ਨੂੰ ਵਜ਼ੀਫਾ ਦੇਣ ਦਾ ਵਾਅਦਾ
ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 30 ਦਸੰਬਰ
ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਦਿੱਲੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆਪਣਾ ਪੰਜਵਾਂ ਵਾਅਦਾ ਕੀਤਾ। ਉਨ੍ਹਾਂ ਪੰਡਤਾਂ ਅਤੇ ਸਿੱਖ ਵੋਟਰਾਂ ਨੂੰ ਆਮ ਆਦਮੀ ਪਾਰਟੀ ਵੱਲ ਕਰਨ ਲਈ ਪੁਜਾਰੀ ਗ੍ਰੰਥੀ ਸਨਮਾਨ ਰਾਸ਼ੀ ਸਕੀਮ ਦਾ ਐਲਾਨ ਕੀਤਾ। ਇਸ ਯੋਜਨਾ ਵਿੱਚ ‘ਆਪ’ ਨੇ ਪਾਰਟੀ ਦੇ ਦੁਬਾਰਾ ਚੁਣੇ ਜਾਣ ’ਤੇ ਮੰਦਰਾਂ ਵਿੱਚ ਕੰਮ ਕਰਦੇ ਸਾਰੇ ਪੰਡਤਾਂ ਅਤੇ ਪੁਜਾਰੀਆਂ ਦੇ ਨਾਲ-ਨਾਲ ਸ਼ਹਿਰ ਭਰ ਦੇ ਗੁਰਦੁਆਰਿਆਂ ਵਿੱਚ ਗ੍ਰੰਥੀਆਂ ਨੂੰ 18,000 ਰੁਪਏ ਦਾ ਮਹੀਨਾਵਾਰ ਵਜ਼ੀਫ਼ਾ ਦੇਣ ਲਈ ਵਾਅਦਾ ਕੀਤਾ ਹੈ। ਉਨ੍ਹਾਂ ਪੰਡਤਾਂ ਅਤੇ ਸਿੱਖ ਵੋਟਰਾਂ ਲਈ ਵਾਅਦਾ ਕੀਤਾ ਹੈ, ਜਿਨ੍ਹਾਂ ਦਾ ਵੋਟ ਲਗਪਗ 20 ਫ਼ੀਸਦੀ ਹੈ। ਕੇਜਰੀਵਾਲ ਨੇ ਹਾਲਾਂਕਿ ਇਹ ਸਪਸ਼ਟ ਨਹੀਂ ਕੀਤਾ ਕਿ ਕੀ ਇਹ ਯੋਜਨਾ ਚਰਚ ਦੇ ਪਾਦਰੀਆਂ ਤੱਕ ਵਧੇਗੀ ਜਾਂ ਨਹੀਂ। ਦਿੱਲੀ ਸਰਕਾਰ ਪਹਿਲਾਂ ਹੀ ਇਮਾਮਾਂ ਲਈ ਇੱਕ ਪ੍ਰੋਗਰਾਮ ਚਲਾਉਂਦੀ ਹੈ ਜਿਸ ਤਹਿਤ ਉਨ੍ਹਾਂ ਨੂੰ 18,000 ਰੁਪਏ ਮਹੀਨਾਵਾਰ ਸਹਾਇਤਾ ਕੀਤੀ ਜਾਂਦੀ ਹੈ।
ਦਿੱਲੀ ਦੇ ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਇਹ ਉਹ ਲੋਕ ਹਨ ਜੋ ਪੀੜ੍ਹੀਆਂ ਤੋਂ ਪ੍ਰਮਾਤਮਾ ਦੀ ਸੇਵਾ ਕਰਦੇ ਆ ਰਹੇ ਹਨ ਅਤੇ ਦਹਾਕਿਆਂ ਤੋਂ ਸਾਡੇ ਸੱਭਿਆਚਾਰ, ਪ੍ਰਪੰਰਾ ਅਤੇ ਰੀਤੀ-ਰਿਵਾਜਾਂ ਨੂੰ ਅੱਗੇ ਲਿਜਾ ਰਹੇ ਹਨ। ਉਹ ਮੰਦਰ ਵਿੱਚ ਕੰਮ ਕਰਦੇ ਹਨ ਅਤੇ ਸਾਡੇ ਲਈ ਪ੍ਰਾਰਥਨਾ ਕਰਦੇ ਹਨ। ਉਹ ਕਦੇ ਵੀ ਆਪਣੇ ਜਾਂ ਆਪਣੇ ਪਰਿਵਾਰ ਬਾਰੇ ਨਹੀਂ ਸੋਚਦੇ, ਉਹ ਸਿਰਫ਼ ਆਪਣੇ ਆਪ ਨੂੰ ਰੱਬ ਨੂੰ ਸਮਰਪਿਤ ਕਰਦੇ ਹਨ ਅਤੇ ਸਾਡੀਆਂ ਪਰੰਪਰਾਵਾਂ ਅਤੇ ਸੱਭਿਆਚਾਰ ਨੂੰ ਜਿਉਂਦਾ ਰੱਖਣ ਲਈ ਕੰਮ ਕਰਦੇ ਹਨ। ਇਸ ਲਈ, ਮੈਂ ਇਸ ਰਕਮ ਨੂੰ ਤਨਖਾਹ ਨਹੀਂ ਕਹਾਂਗਾ ਪਰ ਇਹ ਉਨ੍ਹਾਂ ਪ੍ਰਤੀ ਸਾਡਾ ਸਨਮਾਨ ਹੈ।
ਕੇਜਰੀਵਾਲ ਨੇ ਐਲਾਨ ਕੀਤਾ ਕਿ ‘ਆਪ’ ਦੇਸ਼ ਵਿੱਚ ਪੰਡਤਾਂ ਅਤੇ ਗ੍ਰੰਥੀਆਂ ਲਈ ਅਜਿਹੇ ਪ੍ਰੋਗਰਾਮ ਸ਼ੁਰੂ ਕਰਨ ਵਾਲੀ ਮੋਹਰੀ ਪਾਰਟੀ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੀ ਕਿਸੇ ਹੋਰ ਪਾਰਟੀ ਨੇ ਅਜੇ ਤੱਕ ਅਜਿਹੀ ਯੋਜਨਾ ਲਾਗੂ ਨਹੀਂ ਕੀਤੀ। ਉਨ੍ਹਾਂ ਐਲਾਨ ਕੀਤਾ ਕਿ ਯੋਜਨਾ ਲਈ ਰਜਿਸਟ੍ਰੇਸ਼ਨ ਪ੍ਰਕਿਰਿਆ ਮੰਗਲਵਾਰ ਨੂੰ ਕਨਾਟ ਪਲੇਸ ਦੇ ਹਨੂੰਮਾਨ ਮੰਦਰ ਵਿੱਚ ਸ਼ੁਰੂ ਹੋਵੇਗੀ।
ਸ੍ਰੀ ਕੇਜਰੀਵਾਲ ਨੇ ਕਿਹਾ ਕਿ ਉਹ ਇਸ ਯੋਜਨਾ ਨੂੰ ਕਨਾਟ ਪੈਲੇਸ ਦੇ ਸ਼ੁਭ ਹਨੂੰਮਾਨ ਮੰਦਰ ਤੋਂ ਸ਼ੁਰੂ ਕਰਨਗੇ। ਉਹ ਮੰਦਰ ਵਿੱਚ ਸਾਰੇ ਪੰਡਤਾਂ ਦੀ ਰਜਿਸਟ੍ਰੇਸ਼ਨ ਕਰਨਗੇ। ਬਾਅਦ ਵਿੱਚ ਉਨ੍ਹਾਂ ਦੇ ਵਿਧਾਇਕ ਸਾਰੇ 70 ਹਲਕਿਆਂ ਵਿੱਚ ਇਸ ਨੂੰ ਅੱਗੇ ਲੈ ਕੇ ਜਾਣਗੇ।
ਭਾਜਪਾ ਨੂੰ ਰਜਿਸਟਰੇਸ਼ਨ ਪ੍ਰਕਿਰਿਆ ਨਾ ਰੋਕਣ ਦੀ ਅਪੀਲ
ਕੇਜਰੀਵਾਲ ਨੇ ਭਾਜਪਾ ’ਤੇ ਉਨ੍ਹਾਂ ਦੇ ਹੋਰ ਪ੍ਰੋਗਰਾਮਾਂ ਲਈ ਰਜਿਸਟ੍ਰੇਸ਼ਨ ਨੂੰ ਰੋਕਣ ਦੀ ਕੋਸ਼ਿਸ਼ ਕਰਨ ਦਾ ਦੋਸ਼ ਲਗਾਉਂਦਿਆਂ ਪਾਰਟੀ ਨੂੰ ਪੰਡਤਾਂ ਅਤੇ ਗ੍ਰੰਥੀਆਂ ਦੀ ਰਜਿਸਟ੍ਰੇਸ਼ਨ ਵਿੱਚ ਦਖਲਅੰਦਾਜ਼ੀ ਨਾ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਭਾਜਪਾ ਵਰਕਰਾਂ ਨੇ ਪੁਲੀਸ ਅਤੇ ਹੋਰ ਸਾਧਨਾਂ ਰਾਹੀਂ ਮਹਿਲਾ ਸਨਮਾਨ ਰਾਸ਼ੀ ਅਤੇ ਸੰਜੀਵਨੀ ਯੋਜਨਾ ਵਰਗੀਆਂ ਹੋਰ ਸਕੀਮਾਂ ਲਈ ਰਜਿਸਟ੍ਰੇਸ਼ਨ ਰੋਕਣ ਦੀ ਕੋਸ਼ਿਸ਼ ਕੀਤੀ। ਇਸ ਕਰ ਕੇ ਉਹ ਉਮੀਦ ਕਰਦੇ ਹਨ ਕਿ ਭਾਜਪਾ ਵਾਲੇ ਇਸ ਸਕੀਮ ਵਿੱਚ ਦਖ਼ਲ ਨਹੀਂ ਦੇਣਗੇ ਕਿਉਂਕਿ ਇਹ ਪੁਜਾਰੀਆਂ ਲਈ ਇੱਕ ਸਕੀਮ ਹੈ ਜੋ ਮਨੁੱਖਾਂ ਅਤੇ ਰੱਬ ਵਿਚਕਾਰ ਇੱਕ ਪੁਲ ਮੰਨੇ ਜਾਂਦੇ ਹਨ। ਜੇ ਉਹ ਅਜਿਹਾ ਕਰਦੇ ਹਨ ਤਾਂ ਇਹ ਬਹੁਤ ਵੱਡਾ ਪਾਪ ਹੋਵੇਗਾ। ਉਹ (ਭਾਜਪਾ) ਪਹਿਲਾਂ ਹੀ ਬਹੁਤ ਪਾਪ ਕਰ ਚੁੱਕੇ ਹਨ, ਪਰ ਅਜਿਹੀ ਸ਼ੁਭ ਯੋਜਨਾ ਨੂੰ ਰੋਕਣ ਦੀ ਕੋਸ਼ਿਸ਼ ਨਾ ਕਰਨ।
ਇਮਾਮਾਂ ਨੂੰ 17 ਮਹੀਨਿਆਂ ਤੋਂ ਨਾ ਮਿਲੀ ਤਨਖਾਹ
ਆਲ ਇੰਡੀਆ ਇਮਾਮ ਐਸੋਸੀਏਸ਼ਨ ਦੇ ਚੇਅਰਮੈਨ ਸਾਜਿਦ ਰਸ਼ੀਦੀ ਨੇ ਕਿਹਾ, ‘ਸਰਕਾਰ ਨੂੰ ਤਨਖਾਹ ਜਾਰੀ ਕੀਤੇ 17 ਮਹੀਨੇ ਹੋ ਗਏ ਹਨ। ਅਸੀਂ ਸਰਕਾਰ ਨੂੰ ਯਾਦ ਦਿਵਾਇਆ ਹੈ, ਅਦਾਇਗੀ ਜਾਰੀ ਕਰਨ ਲਈ ਮੁੱਖ ਮੰਤਰੀ, ਲੈਫਟੀਨੈਂਟ ਗਵਰਨਰ ਅਤੇ ਹੋਰ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ ਹੈ... ਜੇਕਰ ਉਹ ਸਾਡੀਆਂ ਤਨਖਾਹਾਂ ਜਾਰੀ ਨਹੀਂ ਕਰਦੇ ਤਾਂ ਅਸੀਂ ਅਣਮਿੱਥੇ ਸਮੇਂ ਲਈ ਧਰਨੇ ’ਤੇ ਬੈਠਾਂਗੇ।’