‘ਆਪ’ ਨੇ ਪਿੰਡਾਂ ਤੋਂ ਸਰਕਾਰ ਚਲਾਉਣ ਦਾ ਵਾਅਦਾ ਕੀਤਾ ਪੂਰਾ: ਬੈਂਸ
ਬੀ ਐੱਸ ਚਾਨਾ
ਸ੍ਰੀ ਆਨੰਦਪੁਰ ਸਾਹਿਬ, 21 ਫਰਵਰੀ
ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਅੱਜ ਪਿੰਡ ਅਗੰਮਪੁਰ ਵਿਖੇ ‘ਆਪ ਦੀ ਸਰਕਾਰ ਆਪ ਦੇ ਦੁਆਰ’ ਕੈਂਪ ਵਿੱਚ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਬੀਤੇ 23 ਮਹੀਨੇ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਰਕਾਰ ਨੇ ਮਿਸਾਲੀ ਫ਼ੈਸਲੇ ਲਏ ਹਨ। ਉਨ੍ਹਾਂ ਕਿਹਾ ਕਿ ਲਗਪਗ 90 ਪ੍ਰਤੀਸ਼ਤ ਘਰਾਂ ਦੇ ਬਿਜਲੀ ਬਿੱਲ ਜ਼ੀਰੋ ਆ ਰਹੇ ਹਨ, ਅਲਟਰਾਸਾਊਂਡ ਦੀ ਸਹੂਲਤ ਸਰਕਾਰੀ ਹਸਪਤਾਲ ਦੀ ਪਰਚੀ ’ਤੇ ਪ੍ਰਾਈਵੇਟ ਸਕੈਨ ਸੈਂਟਰਾਂ ਤੋਂ ਮਿਲ ਰਹੀ ਹੈ। ਇਸਦੇ ਨਾਲ ਹੀ ਸਰਕਾਰੀ ਹਸਪਤਾਲਾਂ ਵਿਚ ਦਵਾਈਆਂ, ਟੈਸਟ ਤੇ ਇਲਾਜ ਦੀ ਸਹੂਲਤ ਹੁਣ ਮੁਫ਼ਤ ਹੋ ਗਈ ਹੈ। ਸਿੱਖਿਆ ਮੰਤਰੀ ਨੇ ਕਿਹਾ ਕਿ ਅਗੰਮਪੁਰ ਹਾਈ ਸਕੂਲ ਨੂੰ 40 ਲੱਖ ਰੁਪਏ, ਸਰਕਾਰੀ ਪ੍ਰਾਇਮਰੀ ਸਕੂਲ ਨੂੰ 10 ਲੱਖ ਰੁਪਏ ਤੇ ਕਬੱਡੀ ਗਰਾਊਂਡ ਦੇ ਮੈਟਾਂ ਲਈ ਸੱਤ ਲੱਖ ਰੁਪਏ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਦਾ ਪਹਿਲਾ ਐਸਟਰੋਟਫ ਗਰਾਊਂਡ ਲੋਦੀਪੁਰ ਵਿਖੇ ਬਣਾਇਆ ਜਾਵੇਗਾ ਜਿਸ ਵਿੱਚ ਸੂਟਿੰਗ ਰੇਂਜ਼ ਵੀ ਬਣੇਗੀ। ਉਨ੍ਹਾਂ ਕਿਹਾ ਕਿ ਯਾਤਰੀ ਸੂਚਨਾ ਕੇਂਦਰ, ਭਾਈ ਜੈਤਾ ਜੀ ਯਾਦਗਾਰ ਤੇ ਨੇਚਰ ਪਾਰਕ ਲਗਪਗ ਤਿਆਰ ਹਨ। ਲੋਦੀਪੁਰ ਬਾਸ, ਬਰੋਟੂ, ਅਗੰਮਪੁਰ- ਚੱਕ ਵਿੱਚ ਕੈਂਪ ਦੌਰਾਨ ਪ੍ਰਸਾਸ਼ਨਿਕ ਅਧਿਕਾਰੀਆਂ ਵੱਲੋਂ ਲੋਕਾਂ ਦੀਆਂ ਸਮੱਸਿਆਵਾ ਹੱਲ ਕੀਤੀਆਂ ਗਈਆਂ।
ਸੱਥਾਂ ਵਿੱਚ ਸੁਵਿਧਾ ਕੈਂਪ ਲਾਏ
ਐੱਸ.ਏ.ਐੱਸ. ਨਗਰ (ਮੁਹਾਲੀ) (ਦਰਸ਼ਨ ਸਿੰਘ ਸੋਢੀ): ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ‘ਪੰਜਾਬ ਸਰਕਾਰ ਆਪ ਦੇ ਦੁਆਰ’ ਮੁਹਿੰਮ ਤਹਿਤ ਅੱਜ ਵੱਖ-ਵੱਖ ਪਿੰਡਾਂ ਦੀਆਂ ਸੱਥਾਂ ਵਿੱਚ ਸੁਵਿਧਾ ਕੈਂਪ ਲਗਾ ਕੇ ਪਿੰਡ ਵਾਸੀਆਂ ਦੀਆਂ ਸਮੱਸਿਆਵਾਂ ਸੁਣੀਆਂ। ਮੁਹਾਲੀ ਦੇ ਐੱਸਡੀਐੱਮ ਦੀਪਾਂਕਰ ਗਰਗ ਨੇ ਪਿੰਡ ਨਾਨੂੰਮਾਜਰਾ, ਸੰਭਾਲਕੀ ਅਤੇ ਸੁੱਖਗੜ੍ਹ ਵਿੱਚ ਲਗਾਏ ਗਏ ਇਨ੍ਹਾਂ ਵਿਸ਼ੇਸ਼ ਕੈਂਪਾਂ ਦਾ ਦੌਰਾ ਕਰਕੇ ਜਾਇਜ਼ਾ ਲਿਆ ਅਤੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ।ਐੱਸਡੀਐੱਮ ਗਰਗ ਨੇ ਦੱਸਿਆ ਕਿ ਹੁਣ ਤੱਕ ਹਜ਼ਾਰਾਂ ਦੀ ਗਿਣਤੀ ਵਿੱਚ ਲੋਕਾਂ ਨੇ ਵੱਖ-ਵੱਖ ਕੈਂਪਾਂ ਰਾਹੀਂ 43 ਤੋਂ ਵੱਧ ਪ੍ਰਸ਼ਾਸਨਿਕ ਸੇਵਾਵਾਂ ਦਾ ਲਾਭ ਲਿਆ ਹੈ।