‘ਆਪ’ ਵਿਧਾਇਕ ਦੇ ਪੁੱਤਰ ਨੇ ਮਰਜ਼ੀ ਨਾਲ ਖੁੱਲ੍ਹਵਾ ਦਿੱਤੀ ਪਟਾਕਿਆਂ ਦੀ ਦੁਕਾਨ
ਗਗਨਦੀਪ ਅਰੋੜਾ
ਲੁਧਿਆਣਾ, 28 ਅਕਤੂਬਰ
ਜ਼ਿਲ੍ਹੇ ਦੀ ਸਭ ਤੋਂ ਵੱਡੀ ਹੋਲਸੇਲ ਪਟਾਕਾ ਮਾਰਕੀਟ ਦਾਣਾ ਮੰਡੀ ਵਿੱਚ ਹਜ਼ਾਰਾਂ ਟਨ ਪਟਾਕੇ ਜਿੱਥੇ ਖੁੱਲ੍ਹੇ ਅਸਮਾਨ ਥੱਲੇ ਪਏ ਹਨ, ਉੱਥੇ ਹੀ ਸੁਰੱਖਿਆ ਤੇ ਲਾਜ਼ਮੀ ਸ਼ਰਤਾਂ ਤੇ ਨਿਯਮਾਂ ਦੀ ਵੀ ਇੱਥੇ ਕਥਿਤ ਤੌਰ ’ਤੇ ਉਲੰਘਣਾ ਕੀਤੀ ਜਾ ਰਹੀ ਹੈ। ਇੱਥੇ ਹੀ ਬੱਸ ਨਹੀਂ, ਇਸ ਥਾਂ ’ਤੇ ਪੰਜ ਹਜ਼ਾਰ ਰੁਪਏ ਪਰਚੀ ਵਾਲੀ ਦੁਕਾਨ ਤਿੰਨ ਲੱਖ ਰੁਪਏ ਬਲੈਕ ਵਿੱਚ ਵਿਕ ਗਈ ਜਿਸ ਤੋਂ ਬਾਅਦ ‘ਆਪ’ ਵਿਧਾਇਕ ਦੇ ਪੁੱਤਰ ਨੇ ਆਪਣੀ ਮਰਜ਼ੀ ਨਾਲ ਇੱਕ ਨਵੀਂ ਦੁਕਾਨ ਬਣਵਾ ਦਿੱਤੀ। ਜਾਣਕਾਰੀ ਮੁਤਾਬਕ ਪ੍ਰਸ਼ਾਸਨ ਨੇ ਇੱਥੇ 40 ਦੁਕਾਨਾਂ ਅਲਾਟ ਕੀਤੀਆਂ ਸਨ, ਪਰ ਹੁਣ ਮਾਰਕੀਟ ਵਿੱਚ 41 ਦੁਕਾਨਾਂ ਬਣ ਗਈਆਂ ਹਨ। ਕਥਿਤ ਸਿਆਸੀ ਦਬਾਅ ਕਾਰਨ ਪ੍ਰਸ਼ਾਸਨ ਵੀ ਇੱਥੇ ਅੱਖਾਂ ਬੰਦ ਕਰੀ ਬੈਠਾ ਹੈ। ਦੱਸ ਦਈਏ ਕਿ ਲੁਧਿਆਣਾ ਦੀ ਦਾਣਾ ਮੰਡੀ ਕਾਫ਼ੀ ਵੱਡੀ ਹੋਲਸੇਲ ਮਾਰਕੀਟ ਹੈ ਜਿੱਥੇ ਇਸ ਵਾਰ 40 ਦੁਕਾਨਾਂ ਅਲਾਟ ਕੀਤੀਆਂ ਗਈਆਂ ਸਨ। ਤੈਅ ਨਿਯਮਾਂ ਮੁਤਾਬਕ ਜਿੰਨਾ ਪਟਾਕਾ ਰੱਖਿਆ ਜਾਣਾ ਹੈ, ਉਸਦੇ ਮੁਕਾਬਲੇ ਕਈ ਗੁਣਾਂ ਪਟਾਕੇ ਦੁਕਾਨਦਾਰਾਂ ਨੇ ਉੱਥੇ ਸਟਾਕ ਕੀਤੇ ਹੋਏ ਹਨ। ਇਸ ਤੋਂ ਇਲਾਵਾ ਫਾਇਰ ਬ੍ਰਿਗੇਡ ਤੇ ਅੱਗ ਬੁਝਾਉਣ ਦੇ ਯੰਤਰਾਂ ਦੇ ਨਾਂ ’ਤੇ ਸਿਰਫ਼ ਖਾਨਾਪੂਰਤੀ ਹੀ ਕੀਤੀ ਗਈ ਹੈ। ਇਸ ਤੋਂ ਇਲਾਵਾ ਦੁਕਾਨਾਂ ਨੇੜੇ ਗੱਡੀਆਂ ਨਹੀਂ ਆ ਸਕਦੀਆਂ, ਪਰ ਦੁਕਾਨਾਂ ਦੇ ਬਾਹਰ ਹੀ ਗੱਡੀਆਂ ਦੀ ਪਾਰਕਿੰਗ ਕੀਤੀ ਜਾ ਰਹੀ ਹੈ। ਇਸ ਥਾਂ ’ਤੇ ਪ੍ਰਸ਼ਾਸਨ ਨੇ 40 ਦੁਕਾਨਾਂ ਅਲਾਟ ਕੀਤੀਆਂ ਸਨ, ਪਰ ਇੱਥੇ ‘ਆਪ’ ਵਿਧਾਇਕ ਦੇ ਪੁੱਤਰ ਨੇ ਆਪਣੇ ਦੋਸਤ ਨੂੰ ਹੀ ਕਥਿਤ ਤੌਰ ’ਤੇ ਇੱਕ ਨਵੀਂ ਦੁਕਾਨ ਖੁੱਲ੍ਹਵਾ ਦਿੱਤੀ ਜਿਸ ਨੂੰ ਬੰਦ ਕਰਵਾਉਣ ਹੁਣ ਪੁਲੀਸ ਤੇ ਪ੍ਰਸ਼ਾਸਨ ਲਈ ਕਾਫ਼ੀ ਮੁਸ਼ਕਲ ਹੋ ਰਿਹਾ ਹੈ। ਪੁਲੀਸ ਅਧਿਕਾਰੀ ਸਿਰਫ਼ ਖਾਨਾਪੂਰਤੀ ਲਈ ਸਭ ਨੂੰ ਕਹਿ ਰਹੇ ਹਨ ਕਿ ਦੁਕਾਨ ਬੰਦ ਕਰਵਾ ਦਿੱਤੀ ਗਈ, ਪਰ ਮਾਰਕੀਟ ਵਿੱਚ ਉਹ ਦੁਕਾਨ ’ਤੇ ਦੁਕਾਨਦਾਰ ਪਟਾਕੇ ਵੇਚ ਰਿਹਾ ਹੈ।
ਡੀਸੀਪੀ ਸ਼ੁਭਮ ਅਗਰਵਾਲ ਦਾ ਕਹਿਣਾ ਹੈ ਕਿ 41 ਨੰਬਰ ਦੁਕਾਨ ਬੰਦ ਕਰਵਾ ਦਿੱਤੀ ਗਈ ਹੈ, ਪਰ ਮਾਰਕੀਟ ਵਿੱਚ ਦੁਕਾਨ ਇਸੇ ਤਰ੍ਹਾਂ ਚੱਲ ਰਹੀ ਹੈ। ਬਾਕੀ ਨਿਯਮਾਂ ਦੀ ਉਲੰਘਣਾ ’ਤੇ ਵੀ ਉਨ੍ਹਾਂ ਕਿਹਾ ਕਿ ਉਹ ਖ਼ੁਦ ਇਸ ਮਾਰਕੀਟ ਵਿੱਚ ਦੌਰਾ ਕਰਨਗੇ ਤੇ ਜੇਕਰ ਕੋਈ ਜ਼ਰੂਰਤ ਹੋਈ ਤਾਂ ਲੋੜੀਂਦੇ ਪ੍ਰਬੰਧ ਕੀਤੇ ਜਾਣਗੇ।
ਐਸੋਸੇਈਸ਼ੇਨ ਪ੍ਰਧਾਨ ’ਤੇ 1-1 ਲੱਖ ਰੁਪਏ ਪ੍ਰਤੀ ਦੁਕਾਨਦਾਰ ਇਕੱਠੇ ਕਰਨ ਦੇ ਦੋਸ਼
ਦਾਣਾ ਮੰਡੀ ਦੇ ਹੀ ਇੱਕ ਦੁਕਾਨਦਾਰ ਨੇ ਦੋਸ਼ ਲਾਏ ਕਿ ਉਨ੍ਹਾਂ ਦੇ ਐਸੋਸੇਈਸ਼ੇਨ ਦੇ ਪ੍ਰਧਾਨ ਪ੍ਰਦੀਪ ਗੁਪਤਾ ਨੇ ਪ੍ਰਸ਼ਾਸਨ ਨੂੰ ਵਗਾਰ ਦੇਣ ਦੇ ਨਾਂ ’ਤੇ ਇੱਕ ਇੱਕ ਲੱਖ ਰੁਪਏ ਪ੍ਰਤੀ ਦੁਕਾਨ ਇਕੱਠੇ ਕੀਤੇ ਹਨ। ਉਨ੍ਹਾਂ ਦੋਸ਼ ਲਾਏ ਕਿ ਜੋ ਪੈਸੇ ਦੇਣ ਤੋਂ ਮਨ੍ਹਾਂ ਕਰ ਰਿਹਾ ਹੈ, ਉਸਦੀ ਸ਼ਿਕਾਇਤ ਹੋਣ ਦੀ ਗੱਲ ਕਹੀ ਜਾ ਰਹੀ ਹੈ। ਉੱਧਰ, ਪ੍ਰਦੀਪ ਗੁਪਤਾ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਕੋਈ ਪੈਸੇ ਇਕੱਠੇ ਨਹੀਂ ਕੀਤੇ। ਕੁੱਝ ਦੁਕਾਨਦਾਰਾਂ ਦੀਆਂ ਪਰਚੀਆਂ ਕੱਟੀਆਂ ਗਈਆਂ ਹਨ, ਜੋ ਖ਼ਰਚੇ ਹੋ ਰਹੇ ਹਨ, ਉਸ ਲਈ ਇਕੱਠੇ ਕੀਤੇ ਜਾ ਰਹੇ ਹਨ।