For the best experience, open
https://m.punjabitribuneonline.com
on your mobile browser.
Advertisement

ਕੇਜਰੀਵਾਲ ਦੀ ਗ੍ਰਿਫ਼ਤਾਰੀ ਖ਼ਿਲਾਫ਼ ‘ਆਪ’ ਵਿਧਾਇਕਾਂ ਵੱਲੋਂ ਮੁਜ਼ਾਹਰੇ

11:19 AM Mar 23, 2024 IST
ਕੇਜਰੀਵਾਲ ਦੀ ਗ੍ਰਿਫ਼ਤਾਰੀ ਖ਼ਿਲਾਫ਼ ‘ਆਪ’ ਵਿਧਾਇਕਾਂ ਵੱਲੋਂ ਮੁਜ਼ਾਹਰੇ
ਲੁਧਿਆਣਾ ਵਿੱਚ ਵਿਧਾਇਕ ਭੋਲਾ ਗਰੇਵਾਲ ਦੀ ਅਗਵਾਈ ਵਿੱਚ ਪ੍ਰਦਰਸ਼ਨ ਕਰਦੇ ਹੋਏ ਵਰਕਰ।
Advertisement

ਗਗਨਦੀਪ ਅਰੋੜਾ
ਲੁਧਿਆਣਾ, 22 ਮਾਰਚ
ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਐੱਨਫੋਰਸਮੈਂਟ ਡਾਇਰੈਕੋਟਰੇਟ (ਈਡੀ) ਵੱਲੋਂ ਗ੍ਰਿਫ਼ਤਾਰ ਕਰਨ ਦੇ ਰੋਸ ਵਜੋਂ ਲੁਧਿਆਣਾ ਵਿੱਚ ‘ਆਪ’ ਵਿਧਾਇਕਾਂ ਅਤੇ ਵਰਕਰਾਂ ਨੇ ਕੇਂਦਰ ਸਰਕਾਰ ਖ਼ਿਲਾਫ਼ ਜ਼ੋਰਦਾਰ ਮੁਜ਼ਾਹਰੇ ਕੀਤੇ। ਇਸ ਦੌਰਾਨ ਆਮ ਆਦਮੀ ਪਾਰਟੀ ਦੇ ਵਰਕਰਾਂ ਵੱਲੋਂ ਕਈ ਥਾਵਾਂ ’ਤੇ ਕੇਂਦਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ ਤੇ ਭਾਜਪਾ ਦੇ ਪੁਤਲੇ ਵੀ ਸਾੜੇ। ਲੁਧਿਆਣਾ ਵਿੱਚ ਜ਼ਿਆਦਾਤਰ ਵਿਧਾਇਕ ਵਰਕਰਾਂ ਨਾਲ ਪ੍ਰਦਰਸ਼ਨ ਕਰਨ ਤੋਂ ਬਾਅਦ ਚੰਡੀਗੜ੍ਹ ਲਈ ਰਵਾਨਾ ਹੋ ਗਏ। ਇਸ ਤੋਂ ਪਹਿਲਾਂ ਵਿਧਾਇਕਾਂ ਨੇ ਕਿਹਾ ਕਿ ਉਹ ਲਗਾਤਾਰ ਆਪਣੇ ਕੌਮੀ ਕਨਵੀਨਰ ਦੇ ਲਈ ਕੰਮ ਕਰਨਗੇ, ਚਾਹੇ ਉਨ੍ਹਾਂ ਨੂੰ ਜੇਲ੍ਹ ਜਾਣਾ ਪਵੇ।
ਹਲਕਾ ਪੂਰਬੀ ਵਿੱਚ ਵਿਧਾਇਕ ਦਲਜੀਤ ਸਿੰਘ ਗਰੇਵਾਲ ਭੋਲਾ ਦੀ ਅਗਵਾਈ ਵਿੱਚ ‘ਆਪ’ ਵਰਕਰਾਂ ਨੇ ਪ੍ਰਦਰਸ਼ਨ ਕੀਤਾ। ਇਸ ਦੌਰਾਨ ਉਨ੍ਹਾਂ ਨੇ ਕੇਂਦਰ ਸਰਕਾਰ ਦੇ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਉਨ੍ਹਾਂ ਕਿਹਾ ਕਿ ਇਹ ਸਿੱਧੇ ਤੌਰ ’ਤੇ ਲੋਕਤੰਤਰ ਦੀ ਹੱਤਿਆ ਹੈ। ਪਹਿਲੀ ਵਾਰ ਹੋਇਆ ਹੈ ਕਿ ਕਿਸੇ ਨੇ ਸੀਟਿੰਗ ਸੀਐੱਮ ਨੂੰ ਗ੍ਰਿਫ਼ਤਾਰ ਕਰ ਲਿਆ ਹੋਵੇ। ਵਿਧਾਇਕ ਭੋਲਾ ਨੇ ਦੋਸ਼ ਲਗਾਏ ਕਿ ਭਾਜਪਾ ਸਰਕਾਰ ਨੇ ਜਿਸ ਕੇਸ ਵਿੱਚ ਅਰਵਿੰਦ ਕੇਜਰੀਵਾਲ ਨੂੰ ਗ੍ਰਿਫ਼ਤਾਰ ਕੀਤਾ ਹੈ, ਉਹ ਫਰਜ਼ੀ ਕੇਸ ਹੈ, ਜਿਸ ਵਿੱਚ ਕੋਈ ਵੀ ਸਬੂਤ ਨਹੀਂ ਹੈ। ਪਰ ਲੋਕ ਸਭਾ ਚੋਣਾਂ ਹੋਣ ਕਾਰਨ ਇਹ ਸਿਰਫ਼ ਭਾਜਪਾ ਦਾ ਸਟੰਟ ਹੈ। ਭਾਜਪਾ ਦੀ ਸਰਕਾਰ ਬਿਲਕੁੱਲ ਨਹੀਂ ਚਾਹੁੰਦੀ ਕਿ ਅਰਵਿੰਦ ਕੇਜਰੀਵਾਲ ਪੂਰੇ ਦੇਸ਼ ਵਿੱਚ ਪ੍ਰਚਾਰ ਕਰ ਸਕਣ। ਇਸ ਕਰਕੇ ਸਿੱਧੇ ਤੌਰ ’ਤੇ ਇਹ ਸਭ ਕੁੱਝ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ‘ਆਪ’ ਦਾ ਹਰ ਵਰਕਰ ਕੇਜਰੀਵਾਲ ਦੇ ਹੁਕਮਾਂ ਨੂੰ ਸਿਰ ਮੱਥੇ ਮੰਨ ਕੇ ਲੋਕ ਸਭਾ ਚੋਣਾਂ ਵਿੱਚ ਪਹਿਲਾਂ ਨਾਲੋਂ ਜ਼ਿਆਦਾ ਜੋਸ਼ ਨਾਲ ਕੰਮ ਕਰਨਗੇ। ਹਲਕਾ ਆਤਮ ਨਗਰ ਵਿੱਚ ਵਿਧਾਇਕ ਕੁਲਵੰਤ ਸਿੰਘ ਸਿੱਧੂ ਦੀ ਅਗਵਾਈ ਵਿਚ ਵੀ ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਤੇ ਭਾਜਪਾ ਸਰਕਾਰ ਦਾ ਪੁਤਲਾ ਸਾੜਿਆ। ਇਸ ਤੋਂ ਬਾਅਦ ਵਿਧਾਇਕ ਚੰਡੀਗੜ੍ਹ ਵਿੱਚ ਰੱਖੇ ਗਏ ਪ੍ਰਦਰਸ਼ਨ ਵਿੱਚ ਹਿੱਸਾ ਲੈਣ ਦੇ ਲਈ ਰਵਾਨਾ ਹੋ ਗਏ।
ਦੂਜੇ ਪਾਸੇ ਹਲਕਾ ਪੱਛਮੀ ਤੋਂ ਵਿਧਾਇਕ ਗੁਰਪ੍ਰੀਤ ਗੋਗੀ ਸਵੇਰੇ ਸਵੇਰੇ ਆਪਣੇ ਘਰੋਂ ਸਾਰਾ ਸਾਮਾਨ ਪੈਕ ਕਰਕੇ ਦਿੱਲੀ ਲਈ ਨਿਕਲ ਪਏ। ਇਸ ਦੌਰਾਨ ਉਨ੍ਹਾਂ ਕਿਹਾ ਕਿ ਉਹ ਪਹਿਲਾਂ ਚੰਡੀਗੜ੍ਹ ਅਤੇ ਫਿਰ ਦਿੱਲੀ ਜਾਣਗੇ ਤੇ ਪਾਰਟੀ ਦੇ ਲਈ ਜਿੰਨਾ ਹੋ ਸਕੇਗਾ, ਉਸ ਤੋਂ ਵੱਧ ਕੰਮ ਕਰਨਗੇ।

Advertisement

Advertisement
Author Image

sukhwinder singh

View all posts

Advertisement
Advertisement
×