ਸਰਕਾਰੀ ਸਮਾਗਮ ਲਈ ‘ਆਪ’ ਵਿਧਾਇਕ ਨੂੰ ਨਾ ਦਿੱਤਾ ਸੱਦਾ
ਜੈਸਮੀਨ ਭਾਰਦਵਾਜ
ਨਾਭਾ, 27 ਸਤੰਬਰ
ਸਥਾਨਕ ਪੰਜਾਬ ਫਾਰਮਜ਼ ਵਿੱਚ ਅੱਜ ਖੇਤੀਬਾੜੀ ਵਿਭਾਗ ਵੱਲੋਂ ਲਾਏ ਗਏ ਜ਼ਿਲ੍ਹਾ ਪੱਧਰੀ ਕਿਸਾਨ ਸਿਖਲਾਈ ਕੈਂਪ ਅਤੇ ਖੇਤੀ ਪ੍ਰਦਰਸ਼ਨੀ ਦੌਰਾਨ ਨਾਭਾ ਤੋਂ ‘ਆਪ’ ਦੇ ਵਿਧਾਇਕ ਗੁਰਦੇਵ ਸਿੰਘ ਦੇਵ ਮਾਨ ਸਟੇਜ ’ਤੇ ਬੈਠਣ ਦੀ ਥਾਂ ਹੇਠਾਂ ਕਿਸਾਨਾਂ ਵਿੱਚ ਬੈਠ ਗਏ। ਇਸ ਵੇਲੇ ਸਟੇਜ ’ਤੇ ਮੁੱਖ ਮਹਿਮਾਨ ਬਾਗਬਾਨੀ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਤੇ ਵਿਸ਼ੇਸ਼ ਮਹਿਮਾਨ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਜਸਬੀਰ ਸਿੰਘ ਜੱਸੀ ਸੋਹੀਆਂਵਾਲਾ ਬੈਠੇ ਇਹ ਸਭ ਦੇਖ ਰਹੇ ਸਨ। ਇਸ ਮੌਕੇ ਅਫ਼ਸਰਾਂ ਨੇ ਕਈ ਵਾਰ ਵਿਧਾਇਕ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਨਾ ਮੰਨੇ ਅਤੇ ਸਟੇਜ ਤੋਂ ਵਾਰ-ਵਾਰ ਬੁਲਾਏ ਜਾਣ ਦੇ ਬਾਵਜੂਦ ਉਨ੍ਹਾਂ ਹੇਠਾਂ ਖੜ੍ਹੇ ਹੋ ਕੇ ਹੀ ਸਨਮਾਨ ਚਿੰਨ੍ਹ ਪ੍ਰਾਪਤ ਕੀਤਾ। ਜਾਣਕਾਰੀ ਅਨੁਸਾਰ ਵਿਧਾਇਕ ਗੁਰਦੇਵ ਸਿੰਘ ਦੇਵ ਮਾਨ ਨੂੰ ਇਸ ਸਮਾਗਮ ਦਾ ਸੱਦਾ ਨਹੀਂ ਦਿੱਤਾ ਸੀ ਤੇ ਉਹ ਖ਼ੁਦ ਇਸ ਸਮਾਗਮ ਵਿੱਚ ਸ਼ਾਮਲ ਹੋਏ ਸਨ। ਇਸ ਕਰਕੇ ਜਦੋਂ ਜ਼ਿਲ੍ਹੇ ਦੇ ਮੁੱਖ ਖੇਤੀਬਾੜੀ ਅਫ਼ਸਰ ਸਮੇਤ ਹੋਰ ਅਫਸਰ ਉਨ੍ਹਾਂ ਨੂੰ ਮਨਾਉਣ ਲਈ ਆਏ ਤਾਂ ਉਨ੍ਹਾਂ ਇਸ ਗੱਲ ਦਾ ਗ਼ਿਲਾ ਵੀ ਜ਼ਾਹਿਰ ਕੀਤਾ। ਖੇਤੀਬਾੜੀ ਵਿਭਾਗ ਦੇ ਇੱਕ ਅਧਿਕਾਰੀ ਨੇ ਨਾਮ ਗੁਪਤ ਰੱਖਣ ਦੀ ਸ਼ਰਤ ’ਤੇ ਦੱਸਿਆ ਕਿ ਪਹਿਲਾਂ ਛਾਪੇ ਗਏ ਸੱਦੇ ਪੱਤਰ ਵਿੱਚ ਵਿਧਾਇਕ ਦੇਵ ਮਾਨ ਦਾ ਨਾਮ ਵੀ ਵਿਸ਼ੇਸ਼ ਮਹਿਮਾਨ ਵਜੋਂ ਲਿਖਿਆ ਗਿਆ ਸੀ, ਪਰ ਬਾਅਦ ਵਿੱਚ ਜਦੋਂ ਸੱਦਾ ਪੱਤਰ ਵੰਡਿਆ ਗਿਆ ਤਾਂ ਉਸ ਵਿੱਚੋਂ ਵਿਧਾਇਕ ਦਾ ਨਾਂ ਕੱਟਿਆ ਹੋਇਆ ਸੀ। ਮੰਤਰੀ ਜੌੜਾਮਾਜਰਾ ਨੇ ਵਿਧਾਇਕ ਨੂੰ ਨਾ ਸੱਦੇ ਜਾਣ ਦੀ ਜਾਣਕਾਰੀ ਹੋਣ ਤੋਂ ਇਨਕਾਰ ਕਰਦਿਆਂ ਕਿਹਾ ਕਿ ਖੇਤੀਬਾੜੀ ਵਿਭਾਗ ਨੇ ਇਸ ਪ੍ਰੋਗਰਾਮ ਦਾ ਪ੍ਰਬੰਧ ਕੀਤਾ ਸੀ। ਦੂਜੇ ਪਾਸੇ ਜ਼ਿਲ੍ਹਾ ਮੁੱਖ ਖੇਤੀਬਾੜੀ ਅਫ਼ਸਰ ਗੁਰਨਾਮ ਸਿੰਘ ਨੇ ਕਿਹਾ ਕਿ ਮਹਿਮਾਨਾਂ ਦੀ ਸੂਚੀ ਜ਼ਿਲ੍ਹਾ ਪ੍ਰਸ਼ਾਸਨ ਤਿਆਰ ਕਰਦਾ ਹੈ। ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਕਿਹਾ ਕਿ ਪ੍ਰੋਗਰਾਮ ਦੇ ਮੁੱਖ ਪ੍ਰਬੰਧਕ ਮੁੱਖ ਖੇਤੀਬਾੜੀ ਅਫਸਰ ਸਨ। ਵਿਧਾਇਕ ਦੇਵ ਮਾਨ ਨੇ ਮੀਡੀਆ ਨਾਲ ਗੱਲ ਨਹੀਂ ਕੀਤੀ।