ਭਾਜਪਾ ਵੱਲੋਂ ‘ਆਪ’ ਵਿਧਾਇਕ ਗੈਂਗਸਟਰਾਂ ਦੀ ਮਦਦ ਨਾਲ ਵਸੂਲੀ ਕਰਨ ਦਾ ਦੋਸ਼, ਆਡੀਓ ਜਾਰੀ
ਨਵੀਂ ਦਿੱਲੀ, 30 ਨਵੰਬਰ
ਭਾਜਪਾ ਨੇ ਸ਼ਨਿੱਚਰਵਾਰ ਨੂੰ ਆਮ ਆਦਮੀ ਪਾਰਟੀ ਦੇ ਵਿਧਾਇਕ ’ਤੇ ਗੈਂਗਸਟਰ ਦੀ ਮਦਦ ਨਾਲ ਫਿਰੌਤੀ ਵਸੂਲੀ ਕਰਨ ਦਾ ਦੋਸ਼ ਲਾਇਆ ਹੈ। ਭਾਜਪਾ ਦੇ ਦੋਸ਼ਾਂ ’ਤੇ ਆਮ ਆਦਮੀ ਪਾਰਟੀ (ਆਪ) ਵੱਲੋਂ ਤੁਰੰਤ ਕੋਈ ਪ੍ਰਤੀਕਿਰਿਆ ਨਹੀਂ ਆਈ ਹੈ। ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਭਾਜਪਾ ਦੇ ਕੌਮੀ ਬੁਲਾਰੇ ਗੌਰਵ ਭਾਟੀਆ ਅਤੇ ਦਿੱਲੀ ਪ੍ਰਦੇਸ਼ ਪ੍ਰਧਾਨ ਵਰਿੰਦਰ ਸਚਦੇਵਾ ਨੇ ਗੈਂਗਸਟਰ ਨਾਲ 'ਆਪ' ਵਿਧਾਇਕ ਦੀ ਕਥਿਤ ਗੱਲਬਾਤ ਦੀ ਇੱਕ ਆਡੀਓ ਕਲਿੱਪ ਚਲਾਈ।
ਭਾਟੀਆ ਨੇ ਦੋਸ਼ ਲਾਇਆ ਕਿ ‘ਆਪ’ ਲੋਕਾਂ ਨੂੰ ਧਮਕਾਉਣ ਅਤੇ ਉਨ੍ਹਾਂ ਤੋਂ ਪੈਸੇ ਵਸੂਲਣ 'ਚ ਸ਼ਾਮਲ ਹੈ। ਉਨ੍ਹਾਂ ਸਵਾਲ ਕੀਤਾ ਕਿ ਕੀ ਕੇਜਰੀਵਾਲ ਅਤੇ ਦਿੱਲੀ ਦੇ ਮੁੱਖ ਮੰਤਰੀ ਆਤਿਸ਼ੀ ਵਿਧਾਇਕ ਖ਼ਿਲਾਫ਼ ਕਾਰਵਾਈ ਕਰਨਗੇ ਅਤੇ ਉਨ੍ਹਾਂ ਨੂੰ ਅਸਤੀਫਾ ਦੇਣ ਲਈ ਕਹਿਣਗੇ। ਉਨ੍ਹਾਂ ਦੋਸ਼ ਕਿਹਾ ਕਿ ਜੇਕਰ ਉਹ ਵਿਧਾਇਕ ਦਾ ਅਸਤੀਫਾ ਨਹੀਂ ਲੈਂਦੇ ਹਨ, ਤਾਂ ਇਹ ਮੰਨਿਆ ਜਾਵੇਗਾ ਕਿ ਵਸੂਲੀ ਦਾ ਪੈਸਾ ਪਾਰਟੀ ਅਤੇ ਇਸ ਦੇ ਨੇਤਾਵਾਂ ਨੂੰ ਜਾ ਰਿਹਾ ਹੈ।
ਭਾਟੀਆ ਨੇ ਕਿਹਾ ਕਿ ਇਹ ਦਿੱਲੀ ਵਿੱਚ ਚੋਣਾਂ ਦਾ ਸਮਾਂ ਹੈ, ਲੋਕ ਨਾ ਸਿਰਫ਼ ਇਸ ਨੂੰ ਸੱਤਾ ਤੋਂ ਬਾਹਰ ਕਰ ਦੇਣਗੇ ਬਲਕਿ ਇਹ ਯਕੀਨੀ ਬਣਾਉਣਗੇ ਕਿ ਇਹ ਵਿਰੋਧੀ ਧਿਰ ’ਚ ਨਾ ਰਹਿ ਸਕੇ। ਭਾਜਪਾ ਦਾ ਇਹ ਇਲਜ਼ਾਮ ਉਦੋਂ ਆਇਆ ਹੈ ਜਦੋਂ ਆਮ ਆਦਮੀ ਪਾਰਟੀ ਦਿੱਲੀ ਵਿਚ ਅਪਰਾਧਾਂ ’ਚ ਕਥਿਤ ਵਾਧੇ ਅਤੇ ਇਸ ਨੂੰ 'ਗੈਂਗਸਟਰਾਂ ਦੀ ਰਾਜਧਾਨੀ' 'ਚ ਬਦਲਣ ਨੂੰ ਲੈ ਕੇ ਕੇਂਦਰ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ 'ਤੇ ਨਿਸ਼ਾਨਾ ਸਾਧ ਰਹੀ ਹੈ। ਪੀਟੀਆਈ