ਨਾਜਾਇਜ਼ ਖਣਨ ਵਿੱਚ ‘ਆਪ’ ਦੇ ਵਿਧਾਇਕ ਸ਼ਾਮਲ: ਸੁਖਬੀਰ
ਗੁਰਬਖਸ਼ਪੁਰੀ/ਬੇਅੰਤ ਸਿੰਘ ਸੰਧੂ
ਤਰਨ ਤਾਰਨ/ਪੱਟੀ , 8 ਫਰਵਰੀ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪਾਰਟੀ ਵੱਲੋਂ ਸ਼ੁਰੂ ਕੀਤੀ ‘ਪੰਜਾਬ ਬਚਾਓ ਯਾਤਰਾ’ ਦੇ ਅੱਠਵੇਂ ਦਿਨ ਅੱਜ ਸਰਹੱਦੀ ਖੇਤਰ ਦੇ ਵਿਧਾਨ ਸਭਾ ਹਲਕਾ ਪੱਟੀ ਅਤੇ ਖੇਮਕਰਨ ਦੇ ਲੋਕਾਂ ਨਾਲ ਵਿਚਾਰਾਂ ਸਾਂਝੀਆਂ ਕੀਤੀਆਂ ਅਤੇ ‘ਆਪ’ ਸਰਕਾਰ ’ਤੇ ਸਰਹੱਦੀ ਪੱਟੀ ’ਚ ਮਿਆਰੀ ਸਿੱਖਿਆ ਤੇ ਸਿਹਤ ਸਹੂਲਤਾਂ ਦੇਣ ’ਚ ਨਾਕਾਮ ਰਹਿਣ ਦਾ ਦੋਸ਼ ਲਾਇਆ| ਪੱਟੀ ਪਹੁੰਚਣ ’ਤੇ ਸਾਬਕਾ ਮੰਤਰੀ ਆਦੇਸ਼ ਪ੍ਰਤਾਪ ਸਿੰਘ ਕੈਰੋਂ ਹਲਕੇ ਅੰਦਰ ਯਾਤਰਾ ਵਿੱਚ ਪਾਰਟੀ ਪ੍ਰਧਾਨ ਦੇ ਨਾਲ ਰਹੇ| ਸੁਖਬੀਰ ਬਾਦਲ ਨੇ ਕਿਹਾ ਕਿ ਅਕਾਲੀ ਦਲ ਸਰਹੱਦੀ ਪੱਟੀ ਵਾਸਤੇ ਵਿਸ਼ੇਸ਼ ਪੈਕੇਜ ਲੈਣ ਦਾ ਯਤਨ ਕਰੇਗਾ ਤਾਂ ਜੋ ਇਥੇ ਉਦਯੋਗਿਕ ਇਕਾਈਆਂ ਸਥਾਪਤ ਕਰਨ ਅਤੇ ਨੌਜਵਾਨਾਂ ਦੇ ਲਈ ਰੁਜ਼ਗਾਰ ਦੇ ਮੌਕੇ ਪੈਦਾ ਕੀਤੇ ਜਾ ਸਕਣਗੇ।
ਬਾਦਲ ਨੇ ‘ਆਪ’ ਸਰਕਾਰ ’ਤੇ ਸਰਹੱਦੀ ਪੱਟੀ ਨੂੰ ਪੂਰੀ ਤਰ੍ਹਾਂ ਅਣਡਿੱਠ ਕਰਨ ਦਾ ਦੋਸ਼ ਲਾਇਆ ਅਤੇ ਕਿਹਾ ਕਿ ਇਲਾਕੇ ਦੇ ਲੋਕਾਂ ਉਨ੍ਹਾਂ ਨੂੰ ਸ਼ਿਕਾਇਤ ਕੀਤੀ ਹੈ ਕਿ ਸਰਹੱਦੀ ਸਕੂਲਾਂ ਵਿੱਚ ਅਧਿਆਪਕ ਨਹੀਂ ਹਨ ਤੇ ਡਿਸਪੈਂਸਰੀਆਂ ਸਿਰਫ ਕਾਗਜ਼ਾਂ ਵਿੱਚ ਚੱਲ ਹੀ ਰਹੀਆਂ ਹਨ। ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਸਰਹੱਦੀ ਇਲਾਕੇ ਦੇ ਵਿਧਾਇਕ ਕਥਿਤ ਗ਼ੈਰ-ਕਾਨੂੰਨੀ ਖਣਨ ’ਚ ਲੱਗੇ ਹੋਏ ਹਨ ਤੇ ਸਮਾਜ ਭਲਾਈ ਕਾਰਜ ਕਰਨ ਦੀ ਥਾਂ ਉਹ ਨਸ਼ਾ ਤਸਕਰਾਂ ਦੀ ਪੁਸ਼ਤਪਨਾਹੀ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਅਕਾਲੀ ਦਲ ਬਾਰਡਰ ਬੈਲਟ ਵਿੱਚ ਹਮੇਸ਼ਾ ਹੀ ਸਿੱਖਿਆ, ਸਿਹਤ ਤੇ ਖੇਡਾਂ ਸਬੰਧੀ ਵਿਸ਼ਵ ਪੱਧਰੀ ਸਹੂਲਤਾਂ ਪ੍ਰਦਾਨ ਕਰਨ ਦਾ ਹਮਾਇਤੀ ਰਿਹਾ ਹੈ ਅਤੇ ਸੂਬੇ ’ਚ ਸੱਤਾ ਵਿਚ ਆਉਣ ’ਤੇ ਕੌਮਾਂਤਰੀ ਸਰਹੱਦ ਨਾਲ ਲੱਗਦੇ ਇਲਾਕੇ ਵਿਕਾਸ ਦੀ ਯੋਜਨਾ ਉਲੀਕੇਗਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਸਰਕਾਰ ਪਿੰਡਾਂ ਤੋਂ ਚਲਾਉਣ ਦਾ ਵਾਅਦਾ ਕੀਤਾ ਸੀ ਪਰ ਉਨ੍ਹਾਂ ਨੇ ਸਰਕਾਰ ਦੀ ਵਾਗਡੋਰ ਅਰਵਿੰਦ ਕੇਜਰੀਵਾਲ ਦੇ ਹੱਥ ਸੌਂਪ ਦਿੱਤੀ| ਇਸ ਮੌਕੇ ਬਿਕਰਮ ਸਿੰਘ ਮਜੀਠੀਆ, ਵਿਰਸਾ ਸਿੰਘ ਵਲਟੋਹਾ, ਅਲਵਿੰਦਰਪਾਲ ਸਿੰਘ ਪੱਖੋਕੇ, ਵੀਰ ਸਿੰਘ ਲੋਪੋਕੇ ਵੀ ਅਕਾਲੀ ਦਲ ਦੇ ਪ੍ਰਧਾਨ ਦੇ ਨਾਲ ਮੌਜੂਦ ਰਹੇ।