ਸਿਰ ’ਚ ਗੋਲੀ ਲੱਗਣ ਕਾਰਨ ‘ਆਪ’ ਵਿਧਾਇਕ ਗੁਰਪ੍ਰੀਤ ਗੋਗੀ ਦੀ ਮੌਤ
ਗਗਨਦੀਪ ਅਰੋੜਾ
ਲੁਧਿਆਣਾ, 11 ਜਨਵਰੀ
ਆਮ ਆਦਮੀ ਪਾਰਟੀ ਦੇ ਲੁਧਿਆਣਾ ਹਲਕਾ ਪੱਛਮੀ ਤੋਂ ਵਿਧਾਇਕ ਗੁਰਪ੍ਰੀਤ ਗੋਗੀ ਬੱਸੀ ਦੀ ਲੰਘੀ ਦੇਰ ਰਾਤ ਸ਼ੱਕੀ ਹਾਲਤਾਂ ਵਿੱਚ ਗੋਲੀ ਲੱਗਣ ਨਾਲ ਮੌਤ ਹੋ ਗਈ, ਜਿਸ ਸਮੇਂ ਗੋਲੀ ਚੱਲੀ ਉਹ ਆਪਣੇ ਬੈੱਡਰੂਮ ਵਿੱਚ ਬੈਠੇ ਹੋਏ ਸਨ। ਉਨ੍ਹਾਂ ਦੇ ਸਿਰ ਵਿੱਚ ਗੋਲੀ ਲੱਗੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਡੀਐੱਮਸੀ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਪੋਸਟਮਾਰਟਮ ਰਿਪੋਰਟ ’ਚ ਮੌਤ ਦਾ ਕਾਰਨ ਸਿਰ ’ਚ ਗੋਲੀ ਲੱਗਣਾ ਦੱਸਿਆ ਗਿਆ ਹੈ।
ਗੋਲੀ ਗੁਰਪ੍ਰੀਤ ਗੋਗੀ ਦੇ ਲਾਇਸੈਂਸੀ 25 ਬੋਰ ਦੇ ਪਿਸਤੌਲ ਤੋਂ ਚੱਲੀ ਹੈ। ਪੁਲੀਸ ਮੁਤਾਬਕ ਗੋਲੀ ਵਿਧਾਇਕ ਗੋਗੀ ਕੋਲੋਂ ਗਲਤੀ ਨਾਲ ਚੱਲ ਗਈ ਸੀ, ਜਿਸ ਕਾਰਨ ਉਨ੍ਹਾਂ ਦੀ ਮੌਤ ਹੋਈ। ਪੁਲੀਸ ਦਾ ਕਹਿਣਾ ਹੈ ਕਿ ਰਾਤ ਨੂੰ ਵਿਧਾਇਕ ਗੋਗੀ ਆਪਣੀ ਪਿਸਤੌਲ ਸਾਫ਼ ਕਰ ਰਹੇ ਸਨ, ਜਿਸ ਦੌਰਾਨ ਗੋਲੀ ਚੱਲ ਗਈ। ਵਿਧਾਇਕ ਗੋਗੀ ਦੇ ਦੇਹਾਂਤ ਦੀ ਖ਼ਬਰ ਮਿਲਣ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ, ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ, ਕੈਬਨਿਟ ਮੰਤਰੀ ਡਾ. ਬਲਬੀਰ ਸਿੰਘ, ਮੰਤਰੀ ਹਰਦੀਪ ਸਿੰਘ ਮੁੰਡੀਆਂ, ਕੁਲਦੀਪ ਸਿੰਘ ਧਾਲੀਵਾਲ, ਹਰਪਾਲ ਚੀਮਾ, ਅਮਨ ਅਰੋੜਾ ਸਣੇ ਵੱਡੀ ਗਿਣਤੀ ‘ਆਪ’ ਦੇ ਮੰਤਰੀ ਤੇ ਵਿਧਾਇਕ ਲੁਧਿਆਣਾ ਪੁੱਜੇ ਜਿਨ੍ਹਾਂ ਵਿਧਾਇਕ ਗੋਗੀ ਦੀ ਅੰਤਿਮ ਵਿਦਾਇਗੀ ਵਿੱਚ ਹਿੱਸਾ ਲਿਆ ਤੇ ਸ਼ਰਧਾਂਜਲੀ ਭੇਟ ਕੀਤੀ। ਪ੍ਰਸ਼ਾਸਨ ਵੱਲੋਂ ਸਰਕਾਰੀ ਸਨਮਾਨ ਨਾਲ ਸਸਕਾਰ ਕਰਵਾਇਆ ਗਿਆ। ਪੁਲੀਸ ਦੇ ਜਵਾਨਾਂ ਨੇ ਸਲਾਮੀ ਦਿੱਤੀ। ਮੁੱਖ ਮੰਤਰੀ ਮਾਨ ਦੀ ਮਾਤਾ ਨੇ ਵੀ ਵਿਧਾਇਕ ਗੋਗੀ ਦੇ ਘਰ ਜਾ ਕੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨਾਲ ਦੁੱਖ ਸਾਂਝਾ ਕੀਤਾ। ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਵਿਧਾਇਕ ਗੋਗੀ ਦੇ ਘਰ ਦੁੱਖ ਸਾਂਝਾ ਕਰਨ ਪੁੱਜੇ।
ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਗੁਰਪ੍ਰੀਤ ਗੋਗੀ ਆਮ ਆਦਮੀ ਪਾਰਟੀ ਦੇ ਪਰਿਵਾਰ ਦੇ ਮੈਂਬਰ ਸਨ। ਅੱਜ ‘ਆਪ’ ਨੇ ਇੱਕ ਚੰਗਾ ਇਨਸਾਨ ਤੇ ਇਮਾਨਦਾਰ ਸਿਆਸੀ ਆਗੂ ਗਵਾ ਲਿਆ ਹੈ। ਉਨ੍ਹਾਂ ਕਿਹਾ ਕਿ ਗੋਗੀ ਦੇ ਅਚਨਚੇਤ ਵਿਛੋੜੇ ਨਾਲ ਸਿਰਫ਼ ਪਾਰਟੀ ਨੂੰ ਹੀ ਨਹੀਂ ਬਲਕਿ ਲੁਧਿਆਣਾ ਨੂੰ ਵੀ ਵੱਡਾ ਘਾਟਾ ਪਿਆ ਹੈ।