ਰੈਲੀ ਦੌਰਾਨ ‘ਆਪ’ ਵਿਧਾਇਕ ’ਤੇ ਹਮਲਾ
ਪੱਤਰ ਪ੍ਰੇਰਕ
ਨਵੀਂ ਦਿੱਲੀ, 1 ਫਰਵਰੀ
ਇੱਥੇ ਵਿਧਾਨ ਸਭਾ ਚੋਣਾਂ ਲਈ ਪ੍ਰਚਾਰ ਸਿਖਰ ’ਤੇ ਹੈ ਅਤੇ ਹਰ ਪਾਰਟੀ ਆਪਣਾ ਪੂਰਾ ਟਿਲ ਲਗਾ ਰਹੀ ਹੈ। ਇਸੇ ਦੌਰਾਨ ‘ਆਪ’ ਵਿਧਾਇਕ ਤੇ ਉਮੀਦਵਾਰ ਮਹਿੰਦਰ ਗੋਇਲ ਚੋਣ ਪ੍ਰਚਾਰ ਲਈ ਸੈਕਟਰ-11 ਰਿਠਾਲਾ ਗਏ ਸਨ, ਜਿੱਥੇ ਅੱਜ ਉਨ੍ਹਾਂ ’ਤੇ ਕਥਿਤ ਹਮਲਾ ਕੀਤਾ ਗਿਆ। ਮਹਿੰਦਰ ਗੋਇਲ ਦੀ ਟੀਮ ਨੇ ਉਨ੍ਹਾਂ ’ਤੇ ਹੋਏ ਹਮਲੇ ਦੀ ਵੀਡੀਓ ਵੀ ਆਪਣੇ ਐਕਸ ਅਕਾਊਂਟ ਤੋਂ ਸ਼ੇਅਰ ਕੀਤੀ ਹੈ। ਇਸ ਵੀਡੀਓ ‘ਚ ਝੜਪ ਦੇਖੀ ਜਾ ਸਕਦੀ ਹੈ।
ਦੱਸਿਆ ਜਾ ਰਿਹਾ ਹੈ ਕਿ ਹਮਲੇ ਤੋਂ ਬਾਅਦ ਸ੍ਰੀ ਗੋਇਲ ਬੇਹੋਸ਼ ਹੋ ਗਏ ਸਨ। ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵੀ ਮਹਿੰਦਰ ਗੋਇਲ ’ਤੇ ਹੋਏ ਹਮਲੇ ਦੀ ਨਿੰਦਾ ਕੀਤੀ ਹੈ। ਉਨ੍ਹਾਂ ਨੇ ਇਸ ਨੂੰ ਭਾਜਪਾ ਦੀ ਦਹਿਸ਼ਤ ਕਰਾਰ ਦਿੱਤਾ ਹੈ। ਆਮ ਆਦਮੀ ਪਾਰਟੀ ਨੇ ਹਮਲੇ ਦੀ ਇੱਕ ਵੀਡੀਓ ਵੀ ਪੋਸਟ ਕੀਤੀ ਹੈ ਜਿਸ ਵਿੱਚ ਗੋਇਲ ਨੂੰ ਬੇਹੋਸ਼ੀ ਦੀ ਹਾਲਤ ਵਿੱਚ ਹਸਪਤਾਲ ਲਿਜਾਇਆ ਜਾ ਰਿਹਾ ਹੈ। ‘ਆਪ’ ਨੇ ਵੀਡੀਓ ਪੋਸਟ ਕੀਤੀ ਹੈ। ਇਸ ਦੌਰਾਨ ਪਾਰਟੀ ਨੇ ਲਿਖਿਆ ਹੈ ਕਿ ਹਾਰ ਤੋਂ ਨਿਰਾਸ਼, ਭਾਜਪਾ ਨੇ ਹੁਣ ‘ਆਪ’ ਉਮੀਦਵਾਰਾਂ ਨੂੰ ਮਾਰਨ ਦੀ ਕੋਸ਼ਿਸ਼ ਕੀਤੀ। ਦਿੱਲੀ ਦੇ ਲੋਕਾਂ ਨੇ ਭਾਜਪਾ ਨੂੰ ਵੋਟ ਨਹੀਂ ਦਿੱਤੀ। ਚੋਣਾਂ ‘ਚ ‘ਆਪ’ ਦੇ ਉਮੀਦਵਾਰਾਂ ਨੂੰ ਮਾਰ ਕੇ ਦਿੱਲੀ ਦੀ ਜਨਤਾ ਭਾਜਪਾ ਦੀ ਗੁੰਡਾਗਰਦੀ ਦੇਖ ਰਹੀ। ਦਿੱਲੀ ਦੀ ਜਨਤਾ 5 ਫਰਵਰੀ ਨੂੰ ਅਸਲੀ ਝਟਕਾ ਦੇਵੇਗੀ। ਇਸ ਘਟਨਾ ਦੀ ਨਿੰਦਾ ਕਰਦਿਆਂ ‘ਆਪ’ ਆਗੂ ਮਨੀਸ਼ ਸਿਸੋਦੀਆ ਨੇ ਪੋਸਟ ਕੀਤਾ ਕਿ ਭਾਜਪਾ ਨੇ ਚੋਣਾਂ ਜਿੱਤਣ ਲਈ ਹੁਣ ਖ਼ੂਨ ਵਹਾਉਣ ਦਾ ਸਹਾਰਾ ਲਿਆ ਹੈ। ਉਧਰ, ਦਿੱਲੀ ਦੀ ਮੁੱਖ ਮੰਤਰੀ ਆਤਿਸ਼ੀ ਨੇ ਕਿਹਾ ਕਿ ਰਿਠਾਲਾ ਵਿਧਾਨ ਸਭਾ ਦੇ ਸੈਕਟਰ 11 ਵਿਚ ਚੋਣ ਪ੍ਰਚਾਰ ਕਰ ਰਹੇ ਵਿਧਾਇਕ ਮਹਿੰਦਰ ਗੋਇਲ ’ਤੇ ਸ਼ਨਿਚਰਵਾਰ ਸਵੇਰੇ ਅਚਾਨਕ ਹਮਲਾ ਹੋਇਆ, ਉਨ੍ਹਾਂ ਨੂੰ ਜਾਨੋਂ ਮਾਰਨ ਦੀ ਧਮਕੀ ਵੀ ਦਿੱਤੀ ਗਈ।