For the best experience, open
https://m.punjabitribuneonline.com
on your mobile browser.
Advertisement

‘ਆਪ’ ਆਗੂਆਂ ਨੇ ਘਰ-ਘਰ ਜਾ ਕੇ ਲੋਕਾਂ ਦੀ ਰਾਇ ਲਈ

07:08 AM Dec 04, 2023 IST
‘ਆਪ’ ਆਗੂਆਂ ਨੇ ਘਰ ਘਰ ਜਾ ਕੇ ਲੋਕਾਂ ਦੀ ਰਾਇ ਲਈ
‘ਮੈਂ ਵੀ ਕੇਜਰੀਵਾਲ’ ਮੁਹਿੰਮ ਵਿੱਚ ਹਿੱਸਾ ਲੈਂਦੇ ਹੋਏ ‘ਆਪ’ ਵਰਕਰ।
Advertisement

ਪੱਤਰ ਪ੍ਰੇਰਕ
ਨਵੀਂ ਦਿੱਲੀ, 3 ਦਸੰਬਰ
ਦਿੱਲੀ ਸਰਕਾਰ ਦੇ ਵਿਧਾਇਕਾਂ ਤੇ ਆਮ ਆਦਮੀ ਪਾਰਟੀ ਦੇ ਆਗੂਆਂ ਵੱਲੋਂ ਅੱਜ ਵੱਖ-ਵੱਖ ਵਿਧਾਨ ਸਭਾ ਹਲਕਿਆਂ ਵਿੱਚ ਸਮਾਗਮ ਕਰਵਾਏ ਗਏ ਤੇ ਲੋਕਾਂ ਕੋਲੋਂ ਪੁੱਛਿਆ ਕਿ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਗ੍ਰਿਫ਼ਤਾਰੀ ਦੀ ਸੂਰਤ ਵਿੱਚ ਉਨ੍ਹਾਂ ਨੂੰ ਜੇਲ੍ਹ ’ਚੋਂ ਹੀ ਸਰਕਾਰ ਚਲਾਉਣੀ ਚਾਹੀਦੀ ਹੈ ਜਾਂ ਅਸਤੀਫਾ ਦੇ ਦੇਣਾ ਚਾਹੀਦਾ ਹੈ। ਇਸ ਦੌਰਾਨ ਗੋਪਾਲ ਰਾਏ ਨੇ ਕਿਹਾ‌ ਕਿ ਬਹੁਤੇ ਲੋਕ ਕਹਿ ਰਹੇ ਹਨ ਕਿ ਕੇਜਰੀਵਾਲ ਨੂੰ ਅਸਤੀਫਾ ਨਹੀਂ ਦੇਣਾ ਚਾਹੀਦਾ। ਉਨ੍ਹਾਂ ਕਿਹਾ ਕਿ ਮਨੀਸ਼ ਸਿਸੋਦੀਆ, ਸਤੇਂਦਰ ਜੈਨ ਅਤੇ ਸੰਜੈ ਸਿੰਘ ਨੂੰ ਝੂਠੇ ਕੇਸ ਵਿੱਚ ਜੇਲ੍ਹ ਭੇਜਣ ਤੋਂ ਬਾਅਦ ਭਾਜਪਾ ਹੁਣ ਅਰਵਿੰਦ ਕੇਜਰੀਵਾਲ ਨੂੰ ਗ੍ਰਿਫਤਾਰ ਕਰਨਾ ਚਾਹੁੰਦੀ ਹੈ। ਦੁਰਗੇਸ਼ ਪਾਠਕ ਨੇ ਕਿਹਾ ਕਿ ਮੋਦੀ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਲੋਕਪ੍ਰਿਅਤਾ ਤੋਂ ਡਰਦੇ ਹਨ। ਵਿਧਾਇਕ ਸੰਜੀਵ ਝਾਅ ਨੇ ਕਿਹਾ ਕਿ ਦਿੱਲੀ ਦੇ ਲੋਕ ਕਹਿ ਰਹੇ ਹਨ ਕਿ ਭਾਜਪਾ ਜਿੰਨੀਆਂ ਮਰਜ਼ੀ ਸਾਜ਼ਿਸ਼ਾਂ ਰਚ ਲਵੇ, ਉਹ ਅਰਵਿੰਦ ਕੇਜਰੀਵਾਲ ਦੇ ਨਾਲ ਹਨ। ਇਸ ਦੌਰਾਨ ‘ਆਪ’ ਵਿਧਾਇਕ ਅਜੈ ਦੱਤ ਨੇ ਅੰਬੇਡਕਰ ਨਗਰ ’ਚ, ਵਿਧਾਇਕ ਚੌਧਰੀ ਸੁਰਿੰਦਰ ਕੁਮਾਰ ਨੇ ਗੋਕਲਪੁਰੀ ’ਚ ਅਤੇ ਵਿਧਾਇਕ ਮਹਿੰਦਰ ਗੋਇਲ ਨੇ ਰਿਠਾਲਾ ’ਚ ਪ੍ਰਚਾਰ ਕੀਤਾ। ਕੋਂਡਲੀ ਵਿਧਾਨ ਸਭਾ ਹਲਕੇ ਦੇ ਲੋਕਾਂ ਨੇ ਕਿਹਾ ਕਿ ਉਨ੍ਹਾਂ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਸੱਤਾ ਸੌਂਪ ਦਿੱਤੀ ਹੈ। ਭਾਵੇਂ ਕੁਝ ਵੀ ਹੋ ਜਾਵੇ, ਉਨ੍ਹਾਂ ਨੂੰ ਅਸਤੀਫਾ ਨਹੀਂ ਦੇਣਾ ਚਾਹੀਦਾ। ਮੁਹਿੰਮ ਦੌਰਾਨ ਵਿਧਾਇਕ ਅਬਦੁਲ ਰਹਿਮਾਨ ਦੇ ਸਾਹਮਣੇ ਸਥਾਨਕ ਲੋਕਾਂ ਨੇ ਆਪਣੇ ਵਿਚਾਰ ਸਾਂਝੇ ਕੀਤੇ। ਉਨ੍ਹਾਂ ਕਿਹਾ ਕਿ ਜੇ ਜੇਲ੍ਹ ਤੋਂ ਵੀ ਸਰਕਾਰ ਚਲਾਉਣੀ ਪਵੇ ਤਾਂ ਕੇਜਰੀਵਾਲ ਉਥੋਂ ਵੀ ਕੰਮ ਕਰਨਗੇ। ਉਨ੍ਹਾਂ ਕਿਹਾ ਕਿ ਭਾਜਪਾ ਸੱਤਾ ਦੀ ਭੁੱਖ ਵਿੱਚ ਇੰਨੀ ਪਾਗਲ ਹੋ ਗਈ ਹੈ ਕਿ ਉਹ ਮੁੱਖ ਮੰਤਰੀ ਦੇ ਪਿੱਛੇ ਪੈ ਗਈ ਹੈ। ਉਨ੍ਹਾਂ ਦੀ ਨਫ਼ਰਤ ਨੂੰ ਜਿੱਤਣ ਨਹੀਂ ਦੇਣਾ ਚਾਹੀਦਾ। ਇਸ ਦੌਰਾਨ ਔਰਤਾਂ ਵੱਲੋਂ ਵੀ ਇਸ ਮੁਹਿੰਮ ਚ ਹਿੱਸਾ ਲਿਆ ਗਿਆ।

Advertisement

ਭਾਜਪਾ ਵੱਲੋਂ ਮੁਹਿੰਮ ਨਾਕਾਮ ਕਰਾਰ

ਦਿੱਲੀ ਭਾਜਪਾ ਦੇ ਸਕੱਤਰ ਹਰੀਸ਼ ਖੁਰਾਣਾ ਅਤੇ ਬੁਲਾਰੇ ਪ੍ਰਵੀਨ ਸ਼ੰਕਰ ਕਪੂਰ ਨੇ ਕਿਹਾ ਹੈ ਕਿ ਦਿੱਲੀ ਵਿੱਚ ਆਮ ਆਦਮੀ ਪਾਰਟੀ ਦੀ ਮੁਹਿੰਮ ਫੇਲ੍ਹ ਹੋ ਗਈ ਹੈ ਕਿਉਂਕਿ ਪਾਰਟੀ ਦੇ ਵਿਧਾਇਕਾਂ ਨੇ ਆਪਣੇ ਹੀ ਪਾਰਟੀ ਵਰਕਰਾਂ ਦੇ ਘਰਾਂ ਵਿੱਚ ਬੈਠ ਕੇ ਕੁਝ ਤਸਵੀਰਾਂ ਖਿਚਵਾਈਆਂ ਤੇ ਸੋਸ਼ਲ ਮੀਡੀਆ ’ਤੇ ਸਾਂਝੀਆਂ ਕਰ ਦਿੱਤੀਆਂ। ਉਨ੍ਹਾਂ ਕਿਹਾ ਕਿ ‘ਆਪ’ ਦੇ ਵਿਧਾਇਕ ਗੁਲਾਬ ਮਟਿਆਲਾ ਨੇ ਪਾਰਟੀ ਦੇ ਕੁਝ ਵਰਕਰਾਂ ਦੇ ਸਾਹਮਣੇ ਪਾਰਟੀ ਦਾ ਪੈਂਫਲਟ ਪੜ੍ਹਣ ਦੀ ਵੀਡੀਓ ਬਣਾ ਕੇ ਆਪਣਾ ਕੰਮ ਪੂਰਾ ਕਰ ਲਿਆ। ਦਿੱਲੀ ਭਾਜਪਾ ਦੇ ਆਗੂਆਂ ਨੇ ਕਿਹਾ ਹੈ ਕਿ ਸ਼ਰਾਬ ਅਤੇ ਬੰਗਲਾ ਘੁਟਾਲਿਆਂ ਨੇ ਪਾਰਟੀ ਕੇਡਰ ਅਤੇ ਦਿੱਲੀ ਵਾਸੀਆਂ ਨੂੰ ਅਰਵਿੰਦ ਕੇਜਰੀਵਾਲ ਤੋਂ ਦੂਰ ਕਰ ਦਿੱਤਾ ਹੈ। ‘ਆਪ’ ਕੇਡਰ ਨੇ ਦਿੱਲੀ ਵਾਸੀਆਂ ਦਾ ਭਰੋਸਾ ਗੁਆ ਦਿੱਤਾ ਹੈ ਅਤੇ ਅੱਜ ਮੱਧ ਪ੍ਰਦੇਸ਼, ਛੱਤੀਸਗੜ੍ਹ ਅਤੇ ਰਾਜਸਥਾਨ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦੀ ਵੱਡੀ ਹਾਰ ਨੇ ਬਾਕੀਆਂ ਦਾ ਭਰੋਸਾ ਵੀ ਤੋੜ ਦਿੱਤਾ ਹੈ।

Advertisement

Advertisement
Author Image

Advertisement