‘ਆਪ’ ਆਗੂਆਂ ਵੱਲੋਂ ਸ਼ਹਿਰ ਵਿੱਚ ਪੈਦਲ ਯਾਤਰਾ
ਪੱਤਰ ਪ੍ਰੇਰਕ
ਨਵੀਂ ਦਿੱਲੀ, 28 ਅਕਤੂਬਰ
ਦਿੱਲੀ ਵਿੱਚ ਅਗਲੇ ਸਾਲ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਆਮ ਆਦਮੀ ਪਾਰਟੀ ਦੇ ਆਗੂਆਂ ਵੱਲੋਂ ਦਿੱਲੀ ਦੇ ਵੱਖ-ਵੱਖ ਖੇਤਰਾਂ ਵਿੱਚ ਕੀਤੀ ਜਾ ਰਹੀ ਪੈਦਨ ਯਾਤਰਾ ਨੂੰ ਰਲਿਆ-ਮਿਲਿਆ ਹੁੰਗਾਰਾ ਮਿਲਿਆ ਹੈ। ਦਿੱਲੀ ਦੀ ਮੁੱਖ ਮੰਤਰੀ ਆਤਿਸ਼ੀ ਸਮੇਤ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਤੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਨਾਲ-ਨਾਲ ਹੋਰ ਵਿਧਾਇਕਾਂ ਨੇ ਆਪਣੇ ਸਮਰਥਕਾਂ ਨਾਲ ਰਾਬਤਾ ਕਾਇਮ ਕਰਕੇ ਪੈਦਲ ਯਾਤਰਾਵਾਂ ਕੀਤੀਆਂ। ਆਤਿਸ਼ੀ ਵੱਲੋਂ ਹਰੀਨਗਰ ਵਿੱਚ ਪੈਦਲ ਯਾਤਰਾ ਦੌਰਾਨ ਨੌਜਵਾਨ ਪੀੜ੍ਹੀ ਨੇ ਹਿੱਸਾ ਲਿਆ।
ਡਿਪਟੀ ਸਪੀਕਰ ਰਾਖੀ ਬਿਰਲਾ ਨੇ ਮਾਦੀਪੁਰ ਵਿੱਚ ਪੈਦਲ ਯਾਤਰਾ ਦੌਰਾਨ ਲੋਕਾਂ ਨਾਲ ਸੰਪਰਕ ਬਣਾਇਆ। ਮੰਤਰੀ ਸੌਰਭ ਭਾਰਦਵਾਜ ਨੇ ਰੋਹਿਣੀ ਵਿਧਾਨ ਸਭਾ ਹਲਕੇ ਦੇ ਮੁੱਖ ਸਥਾਨਾਂ ਉਪਰ ਪੈਦਲ ਯਾਤਰਾ ਕੀਤੀ। ਉਨ੍ਹਾਂ ਵੱਲੋਂ ਦਿੱਲੀ ਸਰਕਾਰ ਦੇ ਕੰਮਾਂ ਨੂੰ ਆਧਾਰ ਬਣਾ ਕੇ ਦਿੱਲੀ ਨਿਵਾਸੀਆਂ ਤੋਂ ਵੋਟਾਂ ਮੰਗੀਆਂ ਜਾ ਰਹੀਆਂ ਹਨ। ਮਨੀਸ਼ ਸਿਸੋਦੀਆ ਨੇ ਨਰੇਲਾ ਵਿਧਾਨ ਸਭਾ ਹਲਕੇ ਵਿੱਚ ਪੈਦਲ ਯਾਤਰਾ ਦੌਰਾਨ ਲੋਕਾਂ ਨੂੰ ਸਰਕਾਰ ਦੇ ਕੰਮਾਂ ਬਾਰੇ ਜਾਣਕਾਰੀ ਦਿੱਤੀ।
ਭਾਜਪਾ ਵੱਲੋਂ ਝੁੱਗੀਆਂ ਵੱਲ ਰੁਖ਼
ਦਿੱਲੀ ਪ੍ਰਦੇਸ਼ ਭਾਜਪਾ ਵੱਲੋਂ ਦਿੱਲੀ ਦੀਆਂ ਝੁੱਗੀਆਂ ਵਾਲੇ ਖੇਤਰਾਂ ਵਿੱਚ ਆਪਣੇ ਆਗੂਆਂ ਨੂੰ ਭੇਜਿਆ ਜਾ ਰਿਹਾ ਹੈ। ਉਹ ਆਗੂ ਕੇਜਰੀਵਾਲ ਸਰਕਾਰ ਵੱਲੋਂ ਕੀਤੇ ਗਏ ਉਨ੍ਹਾਂ ਵਾਅਦਿਆਂ ਨੂੰ ਯਾਦ ਕਰਵਾ ਰਹੇ ਹਨ ਜੋਂ ਕਰੀਬ ਸਾਢੇ ਨੌਂ ਸਾਲਾਂ ਦੌਰਾਨ ਪੂਰੇ ਨਹੀਂ ਕੀਤੇ ਗਏ। ਭਾਜਪਾ ਆਗੂਆਂ ਦਾ ਮੰਨਣਾ ਹੈ ਕਿ ਆਮ ਆਦਮੀ ਪਾਰਟੀ ਦੇ ਵੱਡੇ ਵੋਟ ਬੈਂਕ ਇਨ੍ਹਾਂ ਗ਼ਰੀਬ ਰਿਹਾਇਸ਼ੀ ਇਲਾਕਿਆਂ ਵਿੱਚ ਹੈ, ਜਿੱਥੇ ਸੰਨ੍ਹ ਲਾਉਣ ਦੀ ਲੋੜ ਹੈ। ਕਾਂਗਰਸ ਵੱਲੋਂ ਅਜਿਹੇ ਵਿੱਚ ਕੋਈ ਖਾਸ ਮੁਹਿੰਮ ਫਿਲਹਾਲ ਸ਼ੁਰੂ ਨਹੀਂ ਕੀਤੀ ਗਈ ਹੈ।