‘ਆਪ’ ਆਗੂਆਂ ਨੇ ਹੀ ਕੱਢੀ ਰਿਸ਼ਵਤ ਮੁਕਤ ਪੰਜਾਬ ਦੇ ਦਾਅਵਿਆਂ ਦੀ ਫ਼ੂਕ ਰਾਏਕੋਟ ਸ਼ਹਿਰੀ ਦਾ ਥਾਣੇਦਾਰ ਰਿਸ਼ਵਤ ਦੇ ਮਾਮਲੇ ਵਿੱਚ ਅੜਿੱਕੇ ਆਇਆ
ਸੰਤੋਖ ਗਿੱਲ
ਰਾਏਕੋਟ, 12 ਜੁਲਾਈ
ਰਿਸ਼ਵਤ ‘ਮੁਕਤ’ ਪੰਜਾਬ ਦੇ ਦਾਅਵਿਆਂ ਦੀ ਪੋਲ ਅੱਜ ਸੱਤਾਧਾਰੀ ਧਿਰ ਦੇ ਸਥਾਨਕ ਆਗੂਆਂ ਨੇ ਉਸ ਵੇਲੇ ਖ਼ੁਦ ਹੀ ਕੱਢ ਦਿੱਤੀ ਜਦੋਂ ਪਾਰਟੀ ਦੇ ਸਥਾਨਕ ਆਗੂਆਂ ਨੇ ਥਾਣਾ ਸ਼ਹਿਰੀ ਰਾਏਕੋਟ ਦੇ ਸਬ-ਇੰਸਪੈਕਟਰ ਨਿਰਮਲ ਸਿੰਘ ਨੂੰ ਪੰਜ ਹਜ਼ਾਰ ਰੁਪਏ ਰਿਸ਼ਵਤ ਲੈਂਦੇ ਦਬੋਚ ਲਿਆ। ਸੋਸ਼ਲ ਮੀਡੀਆ ‘ਤੇ ਲਾਈਵ ਹੋ ਕੇ ਆਮ ਆਦਮੀ ਪਾਰਟੀ ਦੇ ਆਗੂ ਅਤੇ ਰਾਏਕੋਟ ਵਪਾਰ ਮੰਡਲ ਦੇ ਪ੍ਰਧਾਨ ਵਿਪਨ ਡਾਬਰ ਨੇ ਦੋਸ਼ ਲਾਇਆ ਕਿ ਇਕ ਦਰਖਾਸਤ ਦਾ ਨਬਿੇੜਾ ਕਰਨ ਦੇ ਮਾਮਲੇ ਵਿੱਚ ਸਬ-ਇੰਸਪੈਕਟਰ ਨਿਰਮਲ ਸਿੰਘ ਪਿਛਲੇ ਦੋ-ਤਿੰਨ ਦਨਿ ਤੋਂ 20 ਹਜ਼ਾਰ ਰੁਪਏ ਦੀ ਮੰਗ ਕਰ ਰਿਹਾ ਸੀ ਅਤੇ ਉਨ੍ਹਾਂ ਸੀਨੀਅਰ ਪੁਲੀਸ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਉਣ ਬਾਅਦ ਰਿਸ਼ਵਤ ਵਿੱਚ ਦਿੱਤੇ ਨੋਟਾਂ ਦੀਆਂ ਫ਼ੋਟੋ-ਸਟੇਟ ਕਾਪੀਆਂ ਆਪਣੇ ਕੋਲ ਰੱਖ ਕੇ ਰਕਮ ਉਸ ਨੂੰ ਦੇ ਦਿੱਤੀ ਸੀ ਅਤੇ ਦੇਰ ਸ਼ਾਮ ਕੈਮਰੇ ਦੇ ਸਾਹਮਣੇ ਉਸ ਕੋਲੋਂ ਬਰਾਮਦ ਕਰ ਕੇ ਇਹ ਵੀਡੀਓ ਸੋਸ਼ਲ ਮੀਡੀਆ ਉੱਪਰ ਵਾਇਰਲ ਕਰ ਦਿੱਤੀ। ਇਸ ਬਾਰੇ ਸੰਪਰਕ ਕਰਨ ‘ਤੇ ਜ਼ਿਲ੍ਹਾ ਪੁਲੀਸ ਮੁਖੀ ਨਵਨੀਤ ਸਿੰਘ ਬੈਂਸ ਨੇ ਪੁਸ਼ਟੀ ਕਰਦਿਆਂ ਕਿਹਾ ਕਿ ਸਬ-ਇੰਸਪੈਕਟਰ ਨਿਰਮਲ ਸਿੰਘ ਖ਼ਿਲਾਫ਼ ਰਿਸ਼ਵਤ ਰੋਕੂ ਕਾਨੂੰਨ ਦੀਆਂ ਧਾਰਾਵਾਂ ਅਧੀਨ ਕੇਸ ਦਰਜ ਕਰ ਕੇ ਜਾਂਚ ਕੀਤੀ ਜਾਵੇਗੀ।
ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਵਿਪਨ ਕੁਮਾਰ ਨੇ ਇੱਕ ਜ਼ਮੀਨੀ ਵਿਵਾਦ ਦੇ ਮਾਮਲੇ ਵਿਚ ਕੁਝ ਅਰਸਾ ਪਹਿਲਾਂ ਇਕ ਦਰਖਾਸਤ ਜ਼ਿਲ੍ਹਾ ਪੁਲੀਸ ਮੁਖੀ ਨੂੰ ਦਿੱਤੀ ਸੀ, ਜਿਸ ਦੀ ਜਾਂਚ ਥਾਣਾ ਸ਼ਹਿਰੀ ਪੁਲੀਸ ਨੂੰ ਸੌਂਪੀ ਗਈ ਸੀ। ਦਰਖਾਸਤ ਬਾਰੇ ਮੁਹਤਬਰ ਵਿਅਕਤੀਆਂ ਦੇ ਦਖ਼ਲ ਬਾਅਦ ਸਮਝੌਤਾ ਵੀ ਹੋ ਗਿਆ ਸੀ, ਪਰ ਨਿਰਮਲ ਸਿੰਘ ਥਾਣੇਦਾਰ ਦਰਖਾਸਤ ਬੰਦ ਕਰਨ ਲਈ 20 ਹਜ਼ਾਰ ਰੁਪਏ ਦੀ ਰਿਸ਼ਵਤ ਮੰਗ ਰਿਹਾ ਸੀ। ਅੱਜ ਇਕ ਯੋਜਨਾ ਤਹਿਤ ਬਲਾਕ ਪ੍ਰਧਾਨ ਹਰਪ੍ਰੀਤ ਸਿੰਘ ਜੌਹਲਾਂ, ਬਲਾਕ ਪ੍ਰਧਾਨ ਸਾਹਿਲ ਗੋਇਲ, ਬਲਾਕ ਪ੍ਰਧਾਨ ਪੱਖੋਵਾਲ ਮਨਪ੍ਰੀਤ ਸਿੰਘ ਅਤੇ ਹੋਰਨਾਂ ਨੇ ਦੇਰ ਸ਼ਾਮ ਨਿਰਮਲ ਸਿੰਘ ਕੋਲੋਂ ਰਕਮ ਕੈਮਰੇ ਸਾਹਮਣੇ ਬਰਾਮਦ ਕੀਤੀ ਅਤੇ ਥਾਣੇਦਾਰ ਮੌਕੇ ਤੋਂ ਫ਼ਰਾਰ ਹੋਣ ਵਿੱਚ ਸਫਲ ਰਿਹਾ।