‘ਆਪ’ ਆਗੂ ਤੇ ਵਰਕਰ ਕਾਂਗਰਸ ਵਿੱਚ ਸ਼ਾਮਲ
ਮਨਧੀਰ ਸਿਘ ਦਿਓਲ
ਨਵੀਂ ਦਿੱਲੀ, 31 ਅਗਸਤ
ਦਿੱਲੀ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਦੇਵੇਂਦਰ ਯਾਦਵ ਦੀ ਅਗਵਾਈ ਹੇਠ ਅੱਜ ਕਸਤੂਰਬਾ ਨਗਰ ਬੁਰਾੜੀ ਤੇ ਨਜ਼ਫਗੜ੍ਹ ਵਿਧਾਨ ਸਭਾ ਦੇ ਆਮ ਆਦਮੀ ਪਾਰਟੀ ਦੇ ਆਗੂ ਕਾਂਗਰਸ ਵਿੱਚ ਸ਼ਾਮਲ ਹੋਏ। ਸ੍ਰੀ ਯਾਦਵ ਨੇ ਕਿਹਾ ਕਿ ਭਾਜਪਾ ਤੇ ਆਮ ਆਦਮੀ ਪਾਰਟੀ ਵਿਚਕਾਰ ਲੜਾਈ ਸੜਕਾਂ ’ਤੇ ਦੇਖਣ ਤੋਂ ਬਾਅਦ ਦੋਵਾਂ ਪਾਰਟੀਆਂ ਦੇ ਵਰਕਰਾਂ ਦਾ ਭਾਜਪਾ ਅਤੇ ‘ਆਪ’ ਤੋਂ ਭਰੋਸਾ ਉੱਠ ਗਿਆ ਹੈ ਅਤੇ ਪਿਛਲੇ 10 ਦਿਨਾਂ ਤੋਂ ਉਨ੍ਹਾਂ ਦੀਆਂ ਜਥੇਬੰਦੀਆਂ ਨੇ 10 ਦੇ ਕਰੀਬ ਵਿਧਾਨ ਸਭਾ ਹਲਕਿਆਂ ਦੇ ਜ਼ਿਲ੍ਹਾ, ਬਲਾਕ ਅਤੇ ਵਾਰਡ ਪੱਧਰ ਦੇ ਅਹੁਦੇਦਾਰਾਂ ਸਣੇ ਵਾਰਡ ਪੱਧਰ ਦੇ ਵਰਕਰ ਕਾਂਗਰਸ ਵਿੱਚ ਸ਼ਾਮਲ ਹੋ ਰਹੇ ਹਨ। ਇਸ ਮੌਕੇ ਸਾਬਕਾ ਵਿਧਾਇਕ ਅਨਿਲ ਭਾਰਦਵਾਜ, ਸਾਬਕਾ ਵਿਧਾਇਕ ਚੌਧਰੀ ਮਤੀਨ ਅਹਿਮਦ ਅਤੇ ਏਪੀਸੀ ਕਮੇਟੀ ਦੇ ਸਕੱਤਰ ਅਭਿਸ਼ੇਕ ਦੱਤ, ਜ਼ਿਲ੍ਹਾ ਪ੍ਰਧਾਨ ਸਤਬੀਰ ਸ਼ਰਮਾ ਹਾਜ਼ਰ ਸਨ।
ਕਾਂਗਰਸ ਵਿੱਚ ਸ਼ਾਮਲ ਹੋਏ ਬੁਰਾੜੀ ਵਿਧਾਨ ਸਭਾ ਦੇ ਵਾਰਡ 21 ਜਹਾਂਗੀਰ ਪੁਰੀ ਦੇ ਸਾਬਕਾ ਨਿਗਮ ਉਮੀਦਵਾਰ ਸ਼ਾਹਿਦ ਉਸਮਾਨੀ, ਬਾਦਲੀ ਵਿਧਾਨ ਸਭਾ ਦੇ ਸਾਬਕਾ ਯੂਥ ਪ੍ਰਧਾਨ ਤਾਹਿਰ ਅੰਸਾਰੀ, ਉਪ ਪ੍ਰਧਾਨ ਮੁਕੰਦ, ਓਬੀਸੀ ਜਨਰਲ ਸਕੱਤਰ ਆਸ਼ਾ ਸੈਣੀ, ਭਾਜਪਾ ਨਜ਼ਫਗੜ੍ਹ ਦੇ ਡਾਕਟਰ ਸੈੱਲ ਦੇ ਚੇਅਰਮੈਨ ਡਾ. ਸਤਪਾਲ ਭਾਰਦਵਾਜ, ਐੱਨਸੀਪੀ ਦੇ ਸਹਿਰਾਵਤ ਸ਼ਾਮਲ ਸਨ। ਸ੍ਰੀ ਯਾਦਵ ਨੇ ਕਿਹਾ ਕਿ ਦੋਵਾਂ ਪਾਰਟੀਆਂ ਨੇ ਨਾ ਸਿਰਫ਼ ਦਿੱਲੀ ਨਾਲ ਧੋਖਾ ਕੀਤਾ ਹੈ, ਸਗੋਂ ਦਿੱਲੀ ਦੇ ਵਿਕਾਸ ਵਿੱਚ ਵੀ ਉਨ੍ਹਾਂ ਨੂੰ ਕੋਈ ਦਿਲਚਸਪੀ ਨਹੀਂ ਹੈ। ਉਨ੍ਹਾਂ ਕਿਹਾ ਕਿ ਭਾਜਪਾ ਦਾ ਏਜੰਡਾ ਸਿਰਫ਼ ਸਮਾਜ ਵਿੱਚ ਨਫ਼ਰਤ ਫੈਲਾਉਣਾ ਹੈ, ਜਦਕਿ ਦੂਜੇ ਪਾਸੇ ਦਿੱਲੀ ਸਰਕਾਰ ਵਿਕਾਸ ਕਾਰਜਾਂ ਦੀ ਘਾਟ ਲਈ ਭਾਜਪਾ ’ਤੇ ਦੋਸ਼ ਲਗਾ ਕੇ ਆਪਣੀ ਜ਼ਿੰਮੇਵਾਰੀ ਤੋਂ ਭੱਜ ਰਹੀ ਹੈ। ਆਤਿਸ਼ੀ ਅਤੇ ਸੌਰਭ ਭਾਰਦਵਾਜ ਦੇ ਨਿੱਤ ਦੇ ਡਰਾਮੇ ਤੋਂ ਤੰਗ ਆ ਕੇ ਆਮ ਲੋਕ ਕਾਂਗਰਸ ਵਿੱਚ ਸ਼ਾਮਲ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਦਿੱਲੀ ਨਗਰ ਨਿਗਮ ਦੀ ਚੋਣ ਲੜ ਰਹੇ ਦੋਵੇਂ ਪਾਰਟੀਆਂ ਦੇ ਮੌਜੂਦਾ ਤੇ ਸਾਬਕਾ ਅਹੁਦੇਦਾਰ, ਸਾਬਕਾ ਕੌਂਸਲਰ ਅਤੇ ਕੁਝ ਮੌਜੂਦਾ ਚੁਣੇ ਹੋਏ ਨੁਮਾਇੰਦੇ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਣਾ ਚਾਹੁੰਦੇ ਹਨ, ਜਿਹੜੇ ਸਾਡੇ ਸੰਪਰਕ ਵਿੱਚ ਹਨ।