ਵਿਜੀਲੈਂਸ ਵੱਲੋਂ ਰਿਸ਼ਵਤ ਲੈਂਦੀ ‘ਆਪ’ ਆਗੂ ਕਾਬੂ
ਖੇਤਰੀ ਪ੍ਰਤੀਨਿਧ
ਪਟਿਆਲਾ, 20 ਸਤੰਬਰ
ਵਿਜੀਲੈਂਸ ਬਿਊਰੋ ਪਟਿਆਲਾ ਦੀ ਟੀਮ ਨੇ ਆਮ ਆਦਮੀ ਪਾਰਟੀ ਦੇ ਮਹਿਲਾ ਵਿੰਗ ਦੀ ਸੀਨੀਅਰ ਆਗੂ ਨੂੰ ਇੱਥੇ ਪਾਵਰਕੌਮ ਦੀ ਮੁਲਾਜ਼ਮ ਦੀ ਬਦਲੀ ਲਈ ਪੰਜਾਹ ਹਜ਼ਾਰ ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ। ਇਨ੍ਹਾਂ ਵਿੱਚੋਂ 20 ਹਜ਼ਾਰ ਰੁਪਏ, ਜਦਕਿ 30 ਹਜ਼ਾਰ ਰੁਪਏ ਦਾ ਚੈੱਕ ਸ਼ਾਮਲ ਹੈ। ਮੁਲਜ਼ਮ ਦੀ ਪਛਾਣ ‘ਆਪ’ ਆਗੂ ਡਿੰਪਲ ਬਦੇਸ਼ਾ ਵਾਸੀ ਧੋਬੀ ਘਾਟ ਪਟਿਆਲਾ ਵਜੋਂ ਹੋਈ ਹੈ। ਇਸ ਕੇਸ ’ਚ ਸਹਿ-ਮੁਲਜ਼ਮ ਅਜੈ ਗੋਇਲ ਫਰਾਰ ਹੈ।
ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਇਹ ਕਾਰਵਾਈ ਪਟਿਆਲਾ ਦੇ ਵਸਨੀਕ ਰਾਕੇਸ਼ ਕੁਮਾਰ ਵੱਲੋਂ ਦਰਜ ਕਰਵਾਈ ਸ਼ਿਕਾਇਤ ਦੇ ਆਧਾਰ ’ਤੇ ਕੀਤੀ ਗਈ ਹੈ। ਵਿਜੀਲੈਂਸ ਮੁਤਾਬਕ ਸ਼ਿਕਾਇਤਕਰਤਾ ਨੇ ਦੱਸਿਆ ਕਿ ਉਸ ਦੀ ਰਿਸ਼ਤੇਦਾਰ ਪੂਨਮ ਅਰੋੜਾ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀਐੱਸਪੀਸੀਐੱਲ) ਪਟਿਆਲਾ ਵਿੱਚ ਅੱਪਰ ਡਿਵੀਜ਼ਨ ਕਲਰਕ ਹੈ। ਉਸ ਨੂੰ ਅਦਾਰੇ ਦੇ ਮੁੱਖ ਦਫ਼ਤਰ ਪਟਿਆਲਾ ਤੋਂ ਸੁਪਰਡੈਂਟ ਇੰਜਨੀਅਰ ਦੇ 23 ਨੰਬਰ ਫਾਟਕ ਪਟਿਆਲਾ ਸਥਿਤ ਦਫਤਰ ਵਿੱਚ ਤਬਦੀਲ ਕਰ ਦਿੱਤਾ ਗਿਆ। ਇਸ ਦੌਰਾਨ ਹੀ ਉਨ੍ਹਾਂ ਦਾ ਸੰਪਰਕ ਡਿੰਪਲ ਬਦੇਸ਼ਾ ਅਤੇ ਅਜੈ ਗੋਇਲ ਨਾਲ ਹੋਇਆ। ਉਨ੍ਹਾਂ ਨੇ ਬਦਲੀ ਰੁਕਵਾਉਣ ਲਈ ਦੋ ਲੱਖ ਰੁਪਏ ਦੀ ਕਥਿਤ ਰਿਸ਼ਵਤ ਮੰਗੀ ਅਤੇ ਸੌਦਾ 50 ਹਜ਼ਾਰ ਰੁਪਏ ਵਿੱਚ ਤੈਅ ਹੋ ਗਿਆ।