ਫ਼ਿਰੋਜ਼ਪੁਰ: ‘ਆਪ’ ਆਗੂ ਤੇ ਨੌਜਵਾਨ ਸਰਪੰਚ ਨੇ ਖ਼ੁਦਕੁਸ਼ੀ ਕੀਤੀ, ਫੇਸਬੁੱਕ ਪੋਸਟ ’ਚ ਪ੍ਰਕਾਸ਼ ਸਾਥੀ ਦੀ ਗ਼ਜ਼ਲ ਸਾਂਝੀ ਕੀਤੀ
ਸੰਜੀਵ ਹਾਂਡਾ
ਫ਼ਿਰੋਜ਼ਪੁਰ, 1 ਜੂਨ
ਗੁਰੂਹਰਸਹਾਏ ਕਸਬੇ ਅਧੀਨ ਪੈਂਦੇ ਪਿੰਡ ਤਰਿੰਡਾ ਦੇ ਮੌਜੂਦਾ ਨੌਜਵਾਨ ਸਰਪੰਚ ਅਤੇ ਆਮ ਆਦਮੀ ਪਾਰਟੀ (ਆਪ) ਦੇ ਸਰਗਰਮ ਆਗੂ ਜਸ਼ਨ ਬਾਵਾ ਨੇ ਬੀਤੀ ਰਾਤ ਖ਼ੁਦ ਨੂੰ ਗੋਲੀ ਮਾਰ ਕੇ ਆਤਮਹੱਤਿਆ ਕਰ ਲਈ। ਇਸ ਮੰਦਭਾਗੀ ਘਟਨਾ ਤੋਂ ਸਮੁੱਚਾ ਇਲਾਕਾ ਸਦਮੇ ਵਿਚ ਹੈ। ਜਾਣਕਾਰੀ ਅਨੁਸਾਰ ਖ਼ੁਦਕੁਸ਼ੀ ਤੋਂ ਪਹਿਲਾਂ ਜਸ਼ਨ ਬਾਵਾ ਨੇ ਆਪਣੇ ਫੇਸਬੁੱਕ ਅਕਾਊਂਟ 'ਤੇ ਪ੍ਰਕਾਸ਼ ਸਾਥੀ ਦੀ ਗ਼ਜ਼ਲ ਵੀ ਸਾਂਝੀ ਕੀਤੀ ਸੀ, ਜਿਸ ਤੋਂ ਬਾਅਦ ਉਸ ਨੇ ਇਹ ਕਦਮ ਚੁੱਕਿਆ। ਜਸ਼ਨ ਬਾਵਾ ਸਮਾਜਿਕ ਕੰਮਾਂ ਵਿੱਚ ਵਧ-ਚੜ੍ਹ ਕੇ ਹਿੱਸਾ ਲੈਂਦਾ ਸੀ। ਫਿਲਹਾਲ ਖ਼ੁਦਕੁਸ਼ੀ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ। ਸਥਾਨਕ ਪੁਲੀਸ ਵੱਲੋਂ ਇਸ ਮਾਮਲੇ ਦੀ ਡੂੰਘਾਈ ਨਾਲ ਅਤੇ ਸਾਰੇ ਪਹਿਲੂਆਂ ਤੋਂ ਜਾਂਚ ਕੀਤੀ ਜਾ ਰਹੀ ਹੈ।
ਆਤਮਹੱਤਿਆ ਤੋਂ ਪਹਿਲਾਂ ਜਸ਼ਨ ਵੱਲੋਂ ਸ਼ੇਅਰ ਕੀਤੀ ਗਈ ਗਜ਼ਲ :
ਜਦੋਂ ਮੇਰੀ ਅਰਥੀ ਉਠਾ ਕੇ ਚੱਲਣਗੇ ਮੇਰੇ ਯਾਰ ਸਭ ਹੁਮਹੁਮਾ ਕੇ ਚੱਲਣਗੇ
ਚੱਲਣਗੇ ਮੇਰੇ ਨਾਲ ਦੁਸ਼ਮਣ ਵੀ ਮੇਰੇ ਏਹ ਵਖਰੀ ਏ ਗੱਲ ਮੁਸਕੁਰਾ ਕੇ ਚੱਲਣਗੇ
ਰਹੀਆਂ ਤਨ ਤੇ ਲੀਰਾਂ ਮੇਰੇ ਜ਼ਿੰਦਗੀ ਭਰ ਮਰਨ ਬਾਦ ਮੈਨੂੰ ਸਜਾ ਕੇ ਚੱਲਣਗੇ
ਜਿਨ੍ਹਾਂ ਦੇ ਮੈਂ ਪੈਰਾਂ ‘ਚ ਰੁਲਦਾ ਰਿਹਾ ਹਾਂ ਓਹ ਹੱਥਾਂ ਤੇ ਮੈਨੂੰ ਉਠਾ ਕੇ ਚੱਲਣਗੇ
ਮੇਰੇ ਯਾਰ ਮੋਢਾ ਵਟਾਵਣ ਬਹਾਨੇ ਤੇਰੇ ਦਰ ਤੇ ਸਜਦਾ ਕਰਾ ਕੇ ਚੱਲਣਗੇ
ਬਿਠਾਇਆ ਜਿਨ੍ਹਾਂ ਨੂੰ ਮੈਂ ਪਲਕਾਂ ਦੀ ਛਾਵੇਂ ਓਹ ਬਲਦੀ ਹੋਈ ਅੱਗ ਤੇ ਬਿਠਾ ਕੇ ਚੱਲਣਗੇ