ਪੰਜਾਬ ਵਿਚਲੀ ਪਰਾਲੀ ਦੀ ਸਮੱਸਿਆ ਸਬੰਧੀ ‘ਆਪ’ ਮੌਨ ਧਾਰ ਕੇ ਬੈਠੀ: ਸਚਦੇਵਾ
ਪੱਤਰ ਪ੍ਰੇਰਕ
ਨਵੀਂ ਦਿੱਲੀ, 5 ਨਵੰਬਰ
ਦਿੱਲੀ ਦੇ ਵਾਤਾਵਰਨ ਮੰਤਰੀ ਗੋਪਾਲ ਰਾਏ ਨੇ ਜਿੱਥੇ ਭਾਜਪਾ ਦੀ ਸਰਕਾਰ ਵਾਲੇ ਸੂਬਿਆਂ ਹਰਿਆਣਾ ਤੇ ਉੱਤਰ ਪ੍ਰਦੇਸ਼ ਵੱਲੋਂ ਆ ਰਹੀ ਦੂਸ਼ਤਿ ਹਵਾ ਨੂੰ ਲੈ ਕੇ ਚਿੰਤਾ ਪ੍ਰਗਟਾਈ ਹੈ ਉੱਥੇ ਹੀ ਭਾਜਪਾ ਤੇ ਕਾਂਗਰਸ ਨੇ ਵੀ ‘ਆਪ’ ਨੂੰ ਲੰਮੇ ਹੱਥੀਂ ਲਿਆ ਹੈ। ਭਾਜਪਾ ਦੇ ਸੂਬਾ ਪ੍ਰਧਾਨ ਵਰਿੰਦਰ ਸਚਦੇਵਾ ਨੇ ਕਿਹਾ ਕਿ ਕੇਜਰੀਵਾਲ ਸਰਾਕਰ ਨੇ ਦਾਅਵਾ ਕੀਤਾ ਕਿ ਬੀਤੇ 3 ਦਿਨਾਂ ਦੌਰਾਨ ਪੰਜਾਬ ਵਿੱਚ ਪਰਾਲੀ ਸਾੜਨ ਦੇ 5140 ਮਾਮਲੇ ਸਾਹਮਣੇ ਆਏ ਹਨ ਜਦੋਂ ਕਿ ਹਰਿਆਣਾ ਵਿੱਚ ਸਿਰਫ 175 ਥਾਵਾਂ ’ਤੇ ਹੀ ਪਰਾਲੀ ਸਾੜੀ ਗਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਵੱਡੀ ਗਿਣਤੀ ਵਿੱਚ ਪਰਾਲੀ ਸਾੜਨ ਦੇ ਮਾਮਲੇ ਸਾਹਮਣੇ ਆ ਰਹੇ ਹਨ ਪਰ ਅਰਵਿੰਦ ਕੇਜਰੀਵਾਲ ਤੇ ਗੋਪਾਲ ਰਾਏ ਮੌਨ ਧਾਰ ਕੇ ਬੈਠੇ ਹਨ।
ਦਿੱਲੀ ਤੇ ਕੇਂਦਰ ਸਰਕਾਰਾਂ ਹੱਥ ’ਤੇ ਹੱਥ ਧਰ ਕੇ ਬੈਠੀਆਂ: ਲਵਲੀ
ਦਿੱਲੀ ਕਾਂਗਰਸ ਦੇ ਸੂਬਾ ਪ੍ਰਧਾਨ ਅਰਵਿੰਦਰ ਸਿੰਘ ਲਵਲੀ ਨੇ ਕਿਹਾ ਕਿ ਸੂਬਾ ਸਰਕਾਰ ਹੱਥ ਉਪਰ ਹੱਥ ਧਰ ਕੇ ਬੈਠੀ ਰਹੀ ਹੈ। ਇਸੇ ਤਰ੍ਹਾਂ ਕੇਂਦਰ ਸਰਕਾਰ ਨਵੀਂ ਟਰਾਂਸਪੋਰਟ ਸਿਸਟਮ ਨਹੀਂ ਲਿਆ ਸਕੀ। ਉਨ੍ਹਾਂ ਕਿਹਾ ਕਿ ਦੋਵਾਂ ਸਰਕਾਰਾਂ ਨੇ ਪ੍ਰਦੂਸ਼ਣ ਰੋਕਣ ਲਈ ਕੁੱਝ ਨਹੀਂ ਕੀਤਾ। ‘ਜਿਸਤ-ਟਾਂਕ’ ਸਿਸਟਮ ਲਾਗੂ ਕਰਨ ਵਾਲੇ ਕਦਮ ਪੁੱਟਣੇ ਉੱਦੋਂ ਸ਼ੁਰੂ ਹੁੰਦੇ ਹਨ ਜਦੋਂ ਪਾਣੀ ਸਿਰ ਉਪਰੋਂ ਲੰਘ ਜਾਂਦਾ ਹੈ।