ਪ੍ਰਦੂਸ਼ਣ ਨਾਲ ਨਜਿੱਠਣ ਲਈ ਦਿਨ-ਰਾਤ ਕੰਮ ਕਰ ਰਹੀ ਹੈ ‘ਆਪ’: ਗੋਪਾਲ ਰਾਏ
ਨਵੀਂ ਦਿੱਲੀ, 25 ਅਕਤੂਬਰ
ਕੌਮੀ ਰਾਜਧਾਨੀ ਵਿੱਚ ਵਧ ਰਹੇ ਹਵਾ ਪ੍ਰਦੂਸ਼ਣ ਨੂੰ ਘੱਟ ਕਰਨ ਲਈ ਦਿੱਲੀ ਸਰਕਾਰ ਵੱਲੋਂ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਦਾ ਹਿੱਸੇ ਵਜੋਂ ਅੱਜ ਦਿੱਲੀ ਦੇ ਵਾਤਾਵਰਨ ਮੰਤਰੀ ਗੋਪਾਲ ਰਾਏ ਨੇ ਐਲਾਨ ਕੀਤਾ ਕਿ ਉਨ੍ਹਾਂ ਵੱਲੋਂ ਡਰੋਨਾਂ ਦੀ ਮਦਦ ਨਾਲ ਦਿੱਲੀ ਭਰ ਦੇ ਹੌਟਸਪਾਟਸ ’ਤੇ ਨਜ਼ਰ ਰੱਖੀ ਜਾਵੇਗੀ। ਉਨ੍ਹਾਂ ਕਿਹਾ ਕਿ ਦਿੱਲੀ ਸਰਕਾਰ ਪ੍ਰਦੂਸ਼ਣ ਨਾਲ ਨਜਿੱਠਣ ਲਈ ਦਿਨ-ਰਾਤ ਕੰਮ ਕਰ ਰਹੀ ਹੈ।
ਵਾਤਾਵਰਨ ਮੰਤਰੀ ਨੇ ਅੱਜ 13 ਹੌਟਸਪਾਟਸ ’ਚੋਂ ਇੱਕ ਵਜ਼ੀਰਪੁਰ ਉਦਯੋਗਿਕ ਖੇਤਰ ਦਾ ਦੌਰਾ ਕੀਤਾ। ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਾਏ ਨੇ ਕਿਹਾ, ‘ਅਸੀਂ ਸਰਦੀਆਂ ਦੇ ਪ੍ਰਦੂਸ਼ਣ ਨਾਲ ਨਜਿੱਠਣ ਲਈ ਸਰਦ ਰੁੱਤ ਐਕਸ਼ਨ ਪਲਾਨ ਦਾ ਐਲਾਨ ਕੀਤਾ ਸੀ। ਉਨ੍ਹਾਂ ਦੀ ਸਰਕਾਰ ਵੱਲੋਂ ਉਸ ਪਲਾਨ ਤਹਿਤ ਕੰਮ ਕੀਤਾ ਜਾ ਰਿਹਾ ਹੈ। ਆਮ ਆਦਮੀ ਪਾਰਟੀ ਦੀ ਸਰਕਾਰ ਦਿਨ-ਰਾਤ ਕੰਮ ਕਰ ਰਹੀ ਹੈ ਪਰ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਦਿੱਲੀ ਦੇ 13 ਹੌਟਸਪਾਟਸ ਵਿੱਚ ਪ੍ਰਦੂਸ਼ਣ ਦਾ ਪੱਧਰ ਆਮ ਹਵਾ ਦੀ ਗੁਣਵੱਤਾ ਦੇ ਸੂਚਕ ਅੰਕ (ਏਕਿਊਆਈ) ਦੇ ਪੱਧਰ ਤੋਂ ਵੱਧ ਹੈ, ਇਸ ਲਈ ਅਸੀਂ ਇਸ ਵਾਰ ਡਰੋਨ ਰਾਹੀਂ ਹੌਟਸਪਾਟਸ ’ਤੇ ਨਜ਼ਰ ਰੱਖਣ ਦਾ ਫ਼ੈਸਲਾ ਕੀਤਾ ਹੈ। ਇਨ੍ਹਾਂ 13 ਥਾਵਾਂ ’ਚੋਂ ਇੱਕ ਵਜ਼ੀਰਪੁਰ ਇਲਾਕੇ ਵਿੱਚ ਅੱਜ ਪੈਨਲ ਏਜੰਸੀ ਨੇ ਡਰੋਨ ਤਾਇਨਾਤ ਕੀਤੇ।’
ਉਨ੍ਹਾਂ ਕਿਹਾ ਕਿ ਇਹ ਡਰੋਨ ਵਜ਼ੀਰਪੁਰ ਦੇ 200 ਮੀਟਰ ਦੇ ਦਾਇਰੇ ਵਿੱਚ ਸਥਿਤ ਹੌਟਸਪਾਟਸ ਅਤੇ ਵੱਖ-ਵੱਖ ਖੇਤਰਾਂ ਤੇ ਮੁਹੱਲਿਆਂ ਵਿੱਚ ਪ੍ਰਦੂਸ਼ਣ ਦੇ ਸਰੋਤਾਂ ਦੀਆਂ ਤਸਵੀਰਾਂ ਲਵੇਗਾ ਅਤੇ ਇਨ੍ਹਾਂ ਤਸਵੀਰਾਂ ਰਾਹੀਂ ਵਿਸ਼ਲੇਸ਼ਣ ਕਰਕੇ ਡੀਪੀਸੀਸੀ ਅਤੇ ਵਾਤਾਵਰਨ ਵਿਭਾਗ ਨੂੰ ਰਿਪੋਰਟ ਸੌਂਪੀ ਜਾਵੇਗੀ। ਉਨ੍ਹਾਂ ਕਿਹਾ, ‘ਡਰੋਨ ਤਾਇਨਾਤ ਕਰਨ ਦਾ ਉਦੇਸ਼ ਆਧੁਨਿਕ ਤਕਨਾਲੋਜੀ ਦੀ ਵਰਤੋਂ ਕਰਕੇ ਵੱਖ-ਵੱਖ ਥਾਵਾਂ ਤੋਂ ਪ੍ਰਦੂਸ਼ਣ ਦੇ ਸਰੋਤਾਂ ਦੀ ਪਛਾਣ ਕਰਨਾ ਅਤੇ ਉਸ ਅਨੁਸਾਰ ਐਕਸ਼ਨ ਪਲਾਨ ਬਣਾਉਣਾ ਹੈ। ਇਹ ਡਰੋਨ 200 ਮੀਟਰ ਦੀ ਦਾਇਰੇ ਵਿੱਚ ਵਜ਼ੀਰਪੁਰ ਦੇ ਹੌਟਸਪਾਟਸ ਦੀਆਂ ਤਸਵੀਰਾਂ ਲਵੇਗਾ।’ ਇਸ ਦੌਰਾਨ ਦਿੱਲੀ ਦੇ ਉਪ ਰਾਜਪਾਲ (ਐੱਲਜੀ) ਵੀਕੇ ਸਕਸੈਨਾ ਨੇ ਦਿੱਲੀ ਦੇ ਪ੍ਰਦੂਸ਼ਣ ਬਾਰੇ ਵੀਰਵਾਰ ਨੂੰ ਮੁੱਖ ਮੰਤਰੀ ਆਤਿਸ਼ੀ ਨੂੰ ਪੱਤਰ ਲਿਖਿਆ ਤੇ ਪ੍ਰਦੂਸ਼ਣ ਘਟਾਉਣ ਵਿੱਚ ਮਦਦ ਲਈ ਸਿਵਲ ਡਿਫੈਂਸ ਵਲੰਟੀਅਰਾਂ ਦੀ ਮਦਦ ਲੈਣ ਲਈ ਕਿਹਾ ਹੈ। ਜ਼ਿਕਰਯੋਗ ਹੈ ਕਿ ਚੀਫ਼ ਜਸਟਿਸ ਡੀਵਾਈ ਚੰਦਰਚੂੜ ਨੇ ਬੀਤੇ ਦਿਨ ਪੱਤਰਕਾਰਾਂ ਨਾਲ ਗੈਰ-ਰਸਮੀ ਗੱਲਬਾਤ ਦੌਰਾਨ ਸ਼ਹਿਰ ਵਿੱਚ ਵਧ ਰਹੇ ਪ੍ਰਦੂਸ਼ਣ ਦੇ ਪੱਧਰ ਬਾਰੇ ਚਿੰਤਾ ਜ਼ਾਹਰ ਕੀਤੀ ਸੀ। ਉਨ੍ਹਾਂ ਦੱਸਿਆ ਸੀ ਕਿ ਉਨ੍ਹਾਂ ਦੇ ਡਾਕਟਰ ਨੇ ਹਵਾ ਦੀ ਖਰਾਬ ਗੁਣਵੱਤਾ ਕਾਰਨ ਸਵੇਰ ਦੀ ਸੈਰ ਕਰਨ ਤੋਂ ਇਨਕਾਰ ਕਰ ਦਿੱਤਾ ਹੈ। -ਪੀਟੀਆਈ