ਅਕਸ ਬਚਾਉਣ ਲਈ ਚੋਣਵੇਂ ਵਿਦਿਆਰਥੀਆਂ ਨੂੰ ਦਸਵੀਂ ’ਚ ਭੇਜ ਰਹੀ ਹੈ ‘ਆਪ’: ਮੋਦੀ
* ਕੁਝ ਵਿਦਿਆਰਥੀਆਂ ਨਾਲ ਮੋਦੀ ਦੀ ਗੱਲਬਾਤ ਬਾਰੇ ਵੀਡੀਓ ਜਾਰੀ
ਨਵੀਂ ਦਿੱਲੀ, 3 ਫਰਵਰੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਦਿੱਲੀ ਦੀ ‘ਆਪ’ ਸਰਕਾਰ ’ਤੇ ਨਿਸ਼ਾਨਾ ਸੇਧਦਿਆਂ ਕਿਹਾ ਕਿ ਆਪਣਾ ਅਕਸ ਬਚਾਉਣ ਲਈ ‘ਆਪ’ ਸਿਰਫ ਉਨ੍ਹਾਂ ਵਿਦਿਆਰਥੀਆਂ ਨੂੰ 10ਵੀਂ ਜਮਾਤ ਵਿੱਚ ਭੇਜ (ਪ੍ਰਮੋਟ) ਰਹੀ ਹੈ, ਜਿਨ੍ਹਾਂ ਦੀ ਬੋਰਡ ਪ੍ਰੀਖਿਆਵਾਂ ਪਾਸ ਕਰਨ ਦੀ ਗਾਰੰਟੀ ਹੈ। ਕੁੱਝ ਵਿਦਿਆਰਥੀਆਂ ਨਾਲ ਗੱਲਬਾਤ ਕਰਦਿਆਂ ਮੋਦੀ ਨੇ ਕਿਹਾ, ‘ਮੈਂ ਸੁਣਿਆ ਹੈ ਕਿ ਦਿੱਲੀ ਵਿੱਚ ਜੇ ਕੋਈ ਵਿਦਿਆਰਥੀ 9ਵੀਂ ਜਮਾਤ ਵਿੱਚ ਮਾੜਾ ਪ੍ਰਦਰਸ਼ਨ ਕਰਦਾ ਹੈ, ਤਾਂ ਉਸ ਨੂੰ 10ਵੀਂ ਜਮਾਤ ਵਿੱਚ ਨਹੀਂ ਭੇਜਿਆ ਜਾਂਦਾ।’ ਉਹ ਸਿਰਫ਼ ਉਨ੍ਹਾਂ ਵਿਦਿਆਰਥੀਆਂ ਨੂੰ 10ਵੀਂ ਜਮਾਤ ਵਿੱਚ ਦਾਖਲਾ ਦਿੰਦੇ ਹਨ, ਜਿਨ੍ਹਾਂ ਦੀ ਬੋਰਡ ਪ੍ਰੀਖਿਆਵਾਂ ਪਾਸ ਕਰਨ ਦੀ ਗਾਰੰਟੀ ਹੁੰਦੀ ਹੈ। ਉਨ੍ਹਾਂ ਨੂੰ ਡਰ ਹੈ ਕਿ ਜੇ ਨਤੀਜੇ ਮਾੜੇ ਆਏ, ਤਾਂ ਉਨ੍ਹਾਂ ਦੀ ਸਰਕਾਰ ਦਾ ਅਕਸ ਖਰਾਬ ਹੋ ਜਾਵੇਗਾ।’
ਇਸ ਗੱਲਬਾਤ ਦੀ ਛੋਟੀ ਜਿਹੀ ਵੀਡੀਓ ਭਾਜਪਾ ਆਗੂਆਂ ਨੇ ਸੋਸ਼ਲ ਮੀਡੀਆ ’ਤੇ ਸਾਂਝੀ ਕੀਤੀ ਹੈ। ਭਾਜਪਾ ਆਗੂਆਂ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਦੀ ਆਮ ਆਦਮੀ ਪਾਰਟੀ ਨੇ ਆਪਣੇ ਸਿੱਖਿਆ ਮਾਡਲ ਨੂੰ ਸਫਲ ਦਿਖਾਉਣ ਲਈ ਵਿਦਿਆਰਥੀਆਂ ਦੇ ਭਵਿੱਖ ਨਾਲ ਸਮਝੌਤਾ ਕੀਤਾ ਹੈ। ਭਾਜਪਾ ਆਗੂ ਨੇ ਕਿਹਾ, ‘ਪ੍ਰੀਖਿਆ ਨਤੀਜਿਆਂ ਨੂੰ ਬਿਹਤਰ ਬਣਾਉਣ ’ਤੇ ਧਿਆਨ ਕੇਂਦਰਿਤ ਕਰਨ ਦੀ ਬਜਾਏ ਉਨ੍ਹਾਂ ਨੇ ਵਿਦਿਆਰਥੀਆਂ ਨੂੰ ਪ੍ਰੀਖਿਆ ਦੇਣ ਦਾ ਮੌਕਾ ਦੇਣ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਅਸਲ ਤਰੱਕੀ ਨਾਲੋਂ ਪ੍ਰਚਾਰ ਨੂੰ ਤਰਜੀਹ ਦਿੱਤੀ।’ -ਪੀਟੀਆਈ