‘ਆਪ’ ਵਲੋਂ ਅਦਾਲਤ ਜਾਣ ਦੀ ਤਿਆਰੀ
ਮੁਕੇਸ਼ ਕੁਮਾਰ
ਚੰਡੀਗੜ੍ਹ, 29 ਜੁਲਾਈ
ਚੰਡੀਗੜ ਸ਼ਹਿਰ ਵਿੱਚ ਟਰਾਈਸਿਟੀ ਵਲੋਂ ਬਾਹਰ ਦੀਆਂ ਗੱਡੀਆਂ ’ਤੇ ਡਬਲ ਪਾਰਕਿੰਗ ਫੀਸ ਦੀ ਤਜਵੀਜ਼ ਖ਼ਿਲਾਫ਼ ਆਮ ਆਦਮੀ ਪਾਰਟੀ (ਆਪ) ਵਲੋਂ ਅਦਾਲਤ ਵਿੱਚ ਜਨਹਿਤ ਪਟੀਸ਼ਨ ਦਾਇਰ ਕੀਤੀ ਜਾਵੇਗੀ। ‘ਆਪ’ ਦੇ ਸੀਨੀਅਰ ਨੇਤਾ ਪ੍ਰਦੀਪ ਛਾਬੜਾ ਨੇ ਕਿਹਾ ਕਿ ਅਜਿਹੀ ਵਿਵਸਥਾ ਕਿਤੇ ਨਹੀਂ ਹੈ ਜਿੱਥੇ ਬਾਹਰ ਦੀਆਂ ਗੱਡੀਆਂ ਤੋਂ ਡਬਲ ਪਾਰਕਿੰਗ ਫੀਸ ਵਸੂਲੀ ਜਾਵੇ।
ਉਨ੍ਹਾਂ ਕਿਹਾ ਕਿ ਟਰਾਈਸਿਟੀ ਵਿੱਚ ਹਜ਼ਾਰਾਂ ਲੋਕਾਂ ਕੋਲ ਅਜਿਹੀਆਂ ਕਾਰਾਂ ਜਿਨ੍ਹਾਂ ਦੇ ਰਜਿਸਟਰੇਸ਼ਨ ਨੰਬਰ ਹੋਰ ਰਾਜਾਂ ਦੇ ਹਨ। ਚੰਡੀਗੜ੍ਹ ਵਿੱਚ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਉਤਰਾਖੰਡ ਦੇ ਸੈਂਕੜੇ ਲੋਕ ਅਜਿਹੇ ਹਨ ਜਿਨ੍ਹਾਂ ਦੀਆਂ ਕਾਰਾਂ ਦੇ ਨੰਬਰ ਉਨ੍ਹਾਂ ਦੇ ਮੂਲ ਰਾਜਾਂ ਦੇ ਹਨ ਪਰ ਉਹ ਚੰਡੀਗੜ੍ਹ ਦੇ ਵਾਸੀ ਹਨ। ਛਾਬੜਾ ਨੇ ਸ਼ਹਿਰ ਦੇ ਮੇਅਰ ਅਨੂਪ ਗੁਪਤਾ ’ਤੇ ਦੋਸ਼ ਲਗਾਉਂਦਿਆਂ ਹੈਰਾਨੀ ਜ਼ਾਹਿਰ ਕੀਤੀ ਕਿ ਪੇਡ ਪਾਰਕਿੰਗ ਵਰਗੇ ਗੰਭੀਰ ਅਤੇ ਮਹੱਤਵਪੂਰਨ ਮਸਲੇ ਨੂੰ ਬਿਨਾਂ ਕਿਸੀ ਚਰਚਾ ਤੋਂ ਕਿਵੇਂ ਪਾਸ ਕਰ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਨਗਰ ਨਿਗਮ ਦਾ ਇਹ ਫ਼ੈਸਲਾ ਆਮ ਜਨਤਾ ਵਿੱਚ ਪੱਖਪਾਤ ਪੈਦਾ ਕਰਨ ਵਾਲਾ ਹੈ। ਇੱਕ ਹੀ ਪਾਰਕਿੰਗ ਵਿੱਚ ਇੱਕੋ ਤਰ੍ਹਾਂ ਦੇ ਵਾਹਨ ਤੋਂ ਦੋ ਵੱਖ ਵੱਖ ਪਾਰਕਿੰਗ ਫੀਸ ਕਿਵੇਂ ਵਸੂਲੀ ਜਾਵੇਗੀ। ਪ੍ਰਦੀਪ ਛਾਬੜਾ ਨੇ ਕਿਹਾ ਕਿ ਨਗਰ ਨਿਗਮ ਦਾ ਇਹ ਫ਼ੈਸਲਾ ਸਰਾਸਰ ਗਲਤ ਹੈ ਅਤੇ ਉਹ ਇਸ ਖ਼ਿਲਾਫ਼ ਕੋਰਟ ਦਾ ਦਰਵਾਜ਼ਾ ਵੀ ਖੜਕਾਉਣਗੇ। ‘ਆਪ’ ਨੇਤਾ ਨੇ ਕਿਹਾ ਕਿ ਮੇਅਰ ਅਨੂਪ ਗੁਪਤਾ ਪਹਿਲਾਂ ਨਿਗਮ ਦੇ ਪੁਰਾਣੇ ਕਥਿਤ ਪੇਡ ਪਾਰਕਿੰਗ ਘੁਟਾਲਿਆਂ ਦੀ ਜਾਂਚ ਕਰਵਾਉਣੀ ਚਾਹੀਦੀ ਹੈ। ਜੇਕਰ ਮੇਅਰ ਅਨੂਪ ਗੁਪਤਾ ਨਗਰ ਨਿਗਮ ਅਤੇ ਸ਼ਹਿਰ ਦੇ ਪ੍ਰਤੀ ਇੰਨੇ ਹੀ ਗੰਭੀਰ ਹਨ ਤਾਂ ਉਨ੍ਹਾਂ ਨੂੰ ਪੇਡ ਪਾਰਕਿੰਗ ਦੇ ਪੁਰਾਣੇ ਠੇਕੇਦਾਰਾਂ ਤੋਂ ਨਿਗਮ ਵਿੱਚ ਹੋਏ 6 ਕਰੋੜ ਰੁਪਏ ਦੇ ਘਾਟੇ ਦੀ ਵਸੂਲੀ ਲਈ ਦੋਸ਼ੀਆਂ ਦੇ ਖ਼ਿਲਾਫ਼ ਸਖਤ ਕਾਰਵਾਈ ਕਰਨੀ ਚਾਹੀਦੀ ਹੈ।
ਦੋਪਹੀਆ ਵਾਹਨਾਂ ਨੂੰ ਮੁਫ਼ਤ ਪਾਰਕਿੰਗ ਦੀ ਤਜਵੀਜ਼ ਤੋਂ ਲੋਕ ਖੁਸ਼: ਅਰੋੜਾ