ਦਲਿਤਾਂ ਦਾ ਰਾਜਸੀ ਘਾਣ ਕਰ ਰਹੀ ਹੈ ‘ਆਪ’: ਕਰੀਮਪੁਰੀ
ਸੁਰਜੀਤ ਮਜਾਰੀ
ਬੰਗਾ, 12 ਜਨਵਰੀ
ਬਹੁਜਨ ਸਮਾਜ ਪਾਰਟੀ ਦੇ ਸੂਬਾ ਪ੍ਰਧਾਨ ਡਾ. ਅਵਤਾਰ ਸਿੰਘ ਕਰੀਮਪੁਰੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਦਲਿਤ ਵਰਗ ਦਾ ਰਾਜਸੀ ਘਾਣ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸੂਬੇ ਦੀ ‘ਆਪ’ ਸਰਕਾਰ ਨੇ ਪਹਿਲਾਂ ਸੱਤ ਰਾਜ ਸਭਾ ਮੈਂਬਰਾਂ ਵਿੱਚ ਇੱਕ ਵੀ ਦਲਿਤ ਚਿਹਰਾ ਸ਼ਾਮਲ ਨਹੀਂ ਕੀਤਾ।
ਇਸ ਤੋਂ ਇਲਾਵਾ ਪੁਲੀਸ ਕਮਿਸ਼ਨਰ ਦੇ ਅਹੁਦਿਆਂ ਲਈ ਅਨੁਸੂਚਿਤ ਜਾਤੀ ਵਰਗ ਨੂੰ ਅਣਗੌਲਿਆ ਕੀਤਾ ਗਿਆ। ਇਸ ਦੇ ਨਾਲ ਨਗਰ ਨਿਗਮ ਦੇ ਇਸ ਵਾਰ ਦੇ ਪੰਜ ਮੇਅਰਾਂ ਲਈ ਕਿਸੇ ਲਈ ਵੀ ਦਲਿਤ ਨੂੰ ਰਾਖਵਾਂ ਨਾ ਕੀਤਾ ਗਿਆ। ਉਨ੍ਹਾਂ ਕਿਹਾ ਕਿ ‘ਆਪ’ ਸਰਕਾਰ ਵੱਲੋਂ ਡਾ. ਅੰਬੇਡਕਰ ਦੀ ਤਸਵੀਰ ਲਾ ਕੇ ਦਲਿਤ ਵਰਗ ਦੀਆਂ ਭਾਵਨਾਵਾਂ ਨਾਲ ਖੇਡਿਆ ਜਾ ਰਿਹਾ ਹੈ ਜਦੋਂ ਕਿ ਜ਼ਮੀਨੀ ਪੱਧਰ ’ਤੇ ਦਲਿਤ ਵਰਗ ਨੂੰ ਅੱਗੇ ਨਹੀਂ ਆਉਣ ਦਿੱਤਾ ਜਾ ਰਿਹਾ। ਇਸ ਕਰਕੇ ਦਲਿਤ ਵਰਗ ਦੇ ਹਿੱਤ ਬਹੁਜਨ ਸਮਾਜ ਪਾਰਟੀ ਅੰਦਰ ਹੀ ਸੁਰੱਖਿਅਤ ਹਨ ਅਤੇ ਇਸ ਲਈ ਪੰਜਾਬ ਅੰਦਰ ਬੂਥ ਪੱਧਰ ’ਤੇ ਲਾਮਬੰਦੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪਾਰਟੀ ਦੇ ਯੋਧੇ ਅਗਲੀ ਸਰਕਾਰ ਵਿਚ ਹਿੱਸੇਦਾਰੀ ਪਾ ਕੇ ਵਿਰੋਧੀਆਂ ਨੂੰ ਚੁਣੌਤੀ ਦੇਣਗੇ। ਇਸ ਮੌਕੇ ਪਾਰਟੀ ਦੀ ਆਰਥਿਕ ਮਜ਼ਬੂਤੀ ਲਈ ਮਿਸ਼ਨਰੀ ਆਗੂ ਗੁਰਦਿਆਲ ਬੋਧ ਅਤੇ ਅਮਰਜੀਤ ਬੋਧ ਵੱਲੋਂ ਉਨ੍ਹਾਂ ਨੂੰ 51 ਹਜ਼ਾਰ ਦੀ ਰਾਸ਼ੀ ਪ੍ਰਦਾਨ ਕੀਤੀ ਗਈ।
ਇਸ ਮੌਕੇ ਪਾਰਟੀ ਦੀ ਕੌਮੀ ਪ੍ਰਧਾਨ ਕੁਮਾਰੀ ਮਾਇਆਵਤੀ ਦੇ ਜਨਮ ਦਿਨ ਮੌਕੇ 15 ਜਨਵਰੀ ਨੂੰ ਮਨਾਏ ਜਾ ਰਹੇ ਜਨ ਕਲਿਆਣ ਦਿਵਸ ਨੂੰ ਸਫ਼ਲ ਬਣਾਉਣ ਦਾ ਅਹਿਦ ਲਿਆ ਗਿਆ।