ਜੇਲ੍ਹੀਂ ਡੱਕਣ ਦੀਆਂ ਧਮਕੀਆਂ ਤੋਂ ਡਰਨ ਵਾਲੀ ਨਹੀਂ ‘ਆਪ’: ਪਾਠਕ
ਗਗਨਦੀਪ ਅਰੋੜਾ
ਲੁਧਿਆਣਾ, 2 ਮਾਰਚ
ਲੋਕ ਸਭਾ ਚੋਣਾਂ ਲਈ ਵਰਕਰਾਂ ਵਿੱਚ ਜੋਸ਼ ਭਰਨ ਲਈ ‘ਆਪ’ ਦੇ ਕੌਮੀ ਜਨਰਲ ਸਕੱਤਰ ਅਤੇ ਪੰਜਾਬ ਇੰਚਾਰਜ ਡਾ. ਸੰਦੀਪ ਪਾਠਕ ਮੰਗਲਵਾਰ ਨੂੰ ਲੁਧਿਆਣਾ ਪੁੱਜੇ। ਉਨ੍ਹਾਂ ਪਾਰਟੀ ਆਗੂਆਂ ਦੇ ਨਾਲ ਨਾਲ ਵਰਕਰਾਂ ਨਾਲ ਮੀਟਿੰਗ ਕਰ ਲੋਕ ਸਭਾ ਚੋਣਾਂ ਲਈ ਉਨ੍ਹਾਂ ’ਚ ਜੋਸ਼ ਭਰਿਆ। ਇਸ ਦੌਰਾਨ ਉਨ੍ਹਾਂ ਆਗੂਆਂ ਤੇ ਵਰਕਰਾਂ ਦੀ ਸਲਾਹ ਲਈ ਕਿ ਲੁਧਿਆਣਾ ਲੋਕ ਸਭਾ ਸੀਟ ਲਈ ਕਿਹੜੇ ਉਮੀਦਵਾਰ ਨੂੰ ਮੈਦਾਨ ’ਚ ਉਤਾਰਿਆ ਜਾਵੇ। ਇਸ ਦੌਰਾਨ ਡਾ. ਪਾਠਕ ਨੇ ਸਭ ਵਰਕਰਾਂ ਨੂੰ ਚੋਣਾਂ ਲਈ ਤਿਆਰ ਰਹਿਣ ਲਈ ਕਿਹਾ। ਉਨ੍ਹਾਂ ਕਿਹਾ ਕਿ ਪੰਜਾਬ ਦੇ ਵਿਧਾਇਕਾਂ ਨੂੰ 50-50 ਕਰੋੜ ਦਾ ਲਾਲਚ ਦੇ ਕੇ ਭਾਜਪਾ ’ਚ ਸ਼ਾਮਲ ਹੋਣ ਲਈ ਦਬਾਅ ਬਣਾਇਆ ਜਾ ਰਿਹਾ ਹੈ।
‘ਆਪ’ ਆਗੂ ਡਾ. ਸੰਦੀਪ ਪਾਠਕ ਨੇ ‘ਬੀਜੇਪੀ’ ਨੂੰ ‘ਭ੍ਰਿਸ਼ਟ ਜਨਤਾ ਪਾਰਟੀ’ ਦੇ ਨਾਮ ਨਾਲ ਸੰਬੋਧਨ ਕਰਦਿਆਂ ਕਿਹਾ ਕਿ ਕਿਸੇ ਨੂੰ ਜੇਲ੍ਹੀਂ ਡੱਕਣ ਜਾਂ ਧਮਕਾਉਣ ਨਾਲ ‘ਆਪ’ ਵਰਕਰ ਡਰਨ ਵਾਲੇ ਨਹੀਂ ਹਨ, ਸਗੋਂ ਅਸੀਂ ਜਨਤਾ ਦੇ ਸੱਚੇ ਸੇਵਕ ਹਾਂ ਅਤੇ ਅਸੀਂ ਜਵਾਬ ਵੀ ਜਨਤਾ ਨੂੰ ਦੇਵਾਂਗੇ। ਲੋਕ ਸਭ ਦੇਖ ਰਹੇ ਹਨ ਕਿ ਭਾਜਪਾ ਕੀ ਕਰ ਰਹੀ ਹੈ। ਡਾ. ਪਾਠਕ ਨੇ ਕਿਹਾ ਕਿ ‘ਆਪ’ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਆਪਣੇ ਅਹੁਦੇ ਤੋਂ ਅਸਤੀਫ਼ਾ ਨਹੀਂ ਦੇਣਗੇ, ਸਗੋਂ ਜੇਲ੍ਹ ’ਚੋਂ ਜੋ ਹੁਕਮ ਆਵੇਗਾ, ਉਹ ਲਾਗੂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜਦੋਂ ਤੋਂ ਪੰਜਾਬ ’ਚ ‘ਆਪ’ ਦੀ ਸਰਕਾਰ ਬਣੀ ਹੈ, ਉਦੋਂ ਤੋਂ ਹੀ ਭਾਜਪਾ ਨੂੰ ਕੇਜਰੀਵਾਲ ਤੋਂ ਡਰ ਲੱਗਣ ਲੱਗਿਆ ਹੈ ਤੇ ਹੁਣ ਇੱਕ-ਇੱਕ ਕਰ ਕੇ ਪਾਰਟੀ ਆਗੂਆਂ ਨੂੰ ਜੇਲ੍ਹ ’ਚ ਸੁੱਟ ਰਹੇ ਹਨ, ਪਰ ਪਾਰਟੀ ਕਾਰਕੁਨ ਜੇਲ੍ਹਾਂ ਤੋਂ ਡਰਨ ਵਾਲੇ ਨਹੀਂ ਹਨ। ਪਾਠਕ ਨੇ ਦਾਅਵਾ ਕੀਤਾ ਕਿ ‘ਆਪ’ ਪੰਜਾਬ ਦੀਆਂ ਸਾਰੀਆਂ 13 ਲੋਕਾਂ ਸਭਾ ਸੀਟਾਂ ਜਿੱਤੇਗੀ।