ਮੱਧ ਪ੍ਰਦੇਸ਼ ਵਿੱਚ ‘ਆਪ’ ਨੂੰ ਮਿਲ ਰਿਹੈ ਭਰਵਾਂ ਹੁੰਗਾਰਾ: ਪਠਾਣਮਾਜਰਾ
ਖੇਤਰੀ ਪ੍ਰਤੀਨਿਧ
ਸਨੌਰ, 16 ਨਵੰਬਰ
ਮੱਧ ਪ੍ਰਦੇਸ਼ ਵਿਧਾਨ ਸਭਾ ਚੋਣਾਂ ਵਿੱਚ ਹਰ ਹਾਲ ਵਿੱਚ ‘ਆਪ’ ਦੀ ਸਰਕਾਰ ਬਣੇਗੀ ਅਤੇ ਸਰਕਾਰ ਬਣਨ ’ਤੇ ਮੱਧ ਪ੍ਰਦੇਸ਼ ਵਾਸੀਆਂ ਨੂੰ ਵੀ ਦਿੱਲੀ ਅਤੇ ਪੰਜਾਬ ਵਰਗੀਆਂ ਸਹੂਲਤਾਂ ਦਿੱਤੀਆਂ ਜਾਣਗੀਆਂ। ਇਹ ਗੱਲ ਮੱਧ ਪ੍ਰਦੇਸ਼ ਵਿੱਚ ‘ਆਪ’ ਦੇ ਹੱਕ ’ਚ ਚੋਣ ਪ੍ਰਚਾਰ ਕਰ ਕੇ ਪਰਤੇ ਹਲਕਾ ਸਨੌਰ ਤੋਂ ‘ਆਪ’ ਵਿਧਾਇਕ ਹਰਮੀਤ ਪਠਾਣਮਾਜਰਾ ਨੇ ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਹੀ। ਉਨ੍ਹਾਂ ਦੱਸਿਆ ਕਿ ਚੋਣ ਪ੍ਰਚਾਰ ਮੌਕੇ ਉਹ ਅਤੇ ਉਨ੍ਹਾਂ ਦੀ ਟੀਮ ਜਦੋਂ ਘਰ ਘਰ ਜਾ ਕੇ ਲੋਕਾਂ ਨਾਲ ਮੁਲਾਕਾਤ ਕਰ ਰਹੀ ਸੀ, ਤਾਂ ਹਰ ਪਾਸਿਉਂ ਲੋਕਾਂ ਵੱਲੋਂ ‘ਆਪ’ ਦੇ ਹੱਕ ’ਚ ਭਰਵਾਂ ਸਹਿਯੋਗ ਮਿਲਿਆ। ਪਠਾਣਮਾਜਰਾ ਨੇ ਕਿਹਾ ਕਿ ‘ਆਪ’ ਸਰਕਾਰ ਬਣਾਉਣ ਲਈ ਲੋਕਾਂ ਨੇ ਪੂਰਾ ਭਰੋਸਾ ਦਿਵਾਇਆ ਹੈ। ਲੋਕਾਂ ਨੂੰ ‘ਆਪ’ ਦੀਆਂ ਨੀਤੀਆਂ ਅਤੇ ਪੰਜਾਬ ਅਤੇ ਦਿੱਲੀ ’ਚ ਸਰਕਾਰਾਂ ਬਣਨ ਤੋਂ ਬਾਅਦ ਲੋਕਾਂ ਨੂੰ ਦਿੱਤੀਆਂ ਗਈਆਂ ਸਹੂਲਤਾਂ ਦੀ ਵੀ ਮੱਧ ਪ੍ਰਦੇਸ਼ ਦੇ ਘਰ ਘਰ ’ਚ ਚਰਚਾ ਹੈ। ਵਿਧਾਇਕ ਨੇ ਕਿਹਾ ਕਿ ਵਿਧਾਨ ਸਭਾ ਚੋਣ ਪ੍ਰਚਾਰ ਦੌਰਾਨ ਹਲਕਾ ਸਨੌਰ ਦੇ ਵਾਲੰਟੀਅਰਾਂ ਨੇ ਵੱਡੀ ਜ਼ਿੰਮੇਵਾਰੀ ਨਿਭਾਈ ਹੈ।