Punjab ‘ਆਪ’ ਨਗਰ ਨਿਗਮ ਚੋਣਾਂ ਲਈ ਪੂਰੀ ਤਰ੍ਹਾਂ ਤਿਆਰ: ਅਰੋੜਾ
ਆਤਿਸ਼ ਗੁਪਤਾ
ਚੰਡੀਗੜ੍ਹ, 1 ਦਸੰਬਰ
ਪੰਜਾਬ ਵਿੱਚ ਹੋਣ ਵਾਲੀਆਂ 5 ਨਗਰ ਨਿਗਮਾਂ ਤੇ 42 ਨਗਰ ਕੌਂਸਲ ਦੀਆਂ ਚੋਣਾਂ ਨੂੰ ਲੈ ਕੇ ਸੱਤਾਧਾਰੀ ਧਿਰ ‘ਆਪ’ ਨੇ ਤਿਆਰੀਆਂ ਖਿੱਚ ਲਈਆਂ ਹਨ। ਅੱਜ ‘ਆਪ’ ਪੰਜਾਬ ਦੇ ਪ੍ਰਧਾਨ ਅਮਨ ਅਰੋੜਾ ਵੱਲੋਂ ਲਗਾਤਾਰ ਚੌਥੇ ਦਿਨ ਇੱਥੇ ਸਥਿਤ ਪਾਰਟੀ ਦਫ਼ਤਰ ਵਿੱਚ ਵੱਖ-ਵੱਖ ਇਲਾਕਿਆਂ ਦੇ ਆਗੂਆਂ ਨਾਲ ਮੀਟਿੰਗ ਕੀਤੀ ਗਈ। ਇਸ ਦੌਰਾਨ ਸੂਬਾ ਪ੍ਰਧਾਨ ਨੇ ਨਗਰ ਨਿਗਮ ਤੇ ਕੌਂਸਲ ਚੋਣਾਂ ਵਿੱਚ ਚੰਗੇ ਚਿਹਰਿਆਂ ਨੂੰ ਅੱਗੇ ਲਿਆਉਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਪਾਰਟੀ ਵੱਲੋਂ ਲੋਕ ਹਿੱਤ ਵਿੱਚ ਕੰਮ ਕਰਨ ਵਾਲੇ ਆਗੂਆਂ ਨੂੰ ਹੀ ਟਿਕਟਾਂ ਦਿੱਤੀਆਂ ਜਾਣਗੀਆਂ।
ਸ੍ਰੀ ਅਰੋੜਾ ਨੇ ਕਿਹਾ ਕਿ ‘ਆਪ’ ਨਗਰ ਨਿਗਮ ਚੋਣਾਂ ਲਈ ਪੂਰੀ ਤਰ੍ਹਾਂ ਤਿਆਰ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਸਾਰੇ ਸ਼ਹਿਰਾਂ ਦੇ ਲੋਕ ਆਸ ਭਰੀਆਂ ਨਜ਼ਰਾਂ ਨਾਲ ‘ਆਪ’ ਵੱਲ ਦੇਖ ਰਹੇ ਹਨ। ‘ਆਪ’ ਸਰਕਾਰ ਵੱਲੋਂ ਢਾਈ ਸਾਲਾਂ ਦੌਰਾਨ ਕੀਤੇ ਕੰਮਾਂ ਤੋਂ ਲੋਕ ਬੇਹੱਦ ਪ੍ਰਭਾਵਿਤ ਹਨ। ਹੁਣ ਸਥਾਨਕ ਸ਼ਾਸਨ ਵਿੱਚ ਵੀ ਲੋਕ ‘ਆਪ’ ਨੂੰ ਮੌਕਾ ਦੇਣਾ ਚਾਹੁੰਦੇ ਹਨ। ਸ੍ਰੀ ਅਰੋੜਾ ਨੇ ਕਿਹਾ ਕਿ ਸ਼ਹੀਦੀ ਦਿਵਸ ਮੌਕੇ ਚੋਣਾਂ ਨਾ ਕਰਵਾਈਆਂ ਜਾਣ ਤੇ ਇਸ ਲਈ ਚੋਣ ਕਮਿਸ਼ਨ ਨੂੰ ਧਿਆਨ ਰੱਖਣਾ ਚਾਹੀਦਾ ਹੈ। ਮੀਟਿੰਗ ’ਚ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ, ਹਰਦੀਪ ਸਿੰਘ ਮੁੰਡੀਆਂ, ਸਾਬਕਾ ਮੰਤਰੀ ਚੇਤਨ ਸਿੰਘ ਜੌੜਾਮਾਜਰਾ, ਸੰਸਦ ਮੈਂਬਰ ਮੀਤ ਹੇਅਰ, ਵਿਧਾਇਕ ਬਲਜਿੰਦਰ ਕੌਰ, ਮਨਵਿੰਦਰ ਸਿੰਘ ਗਿਆਸਪੁਰਾ, ਡਾ. ਚਰਨਜੀਤ ਸਿੰਘ, ਅੰਮ੍ਰਿਤਪਾਲ ਸਿੰਘ ਸੁਖਾਨੰਦ, ਗੁਰਿੰਦਰ ਸਿੰਘ, ਡਾ. ਗੈਰੀ ਵੜਿੰਗ, ਦਵਿੰਦਰ ਜੀਤ ਸਿੰਘ ਲਾਡੀ ਧੌਂਸ, ਬਲਕਾਰ ਸਿੰਘ ਸਿੱਧੂ, ਵਿਜੈ ਸਿੰਗਲਾ, ਗੁਰਪ੍ਰੀਤ ਸਿੰਘ ਬਲਾਂਵਾਲੀ, ਮਾਸਟਰ ਜਗਸੀਰ ਸਿੰਘ, ਗੁਰਲਾਲ ਘਨੌਰ ਤੇ ਗੁਰਦੀਪ ਰੰਧਾਵਾ ਆਦਿ ਹਾਜ਼ਰ ਸਨ।
ਬੰਗਲਾਦੇਸ਼ ’ਚ ਹਿੰਦੂਆਂ ’ਤੇ ਜਬਰ ਦੀ ਆਲੋਚਨਾ
ਆਮ ਆਦਮੀ ਪਾਰਟੀ ਨੇ ਹਿੰਦੂ ਪੁਜਾਰੀਆਂ ਦੀਆਂ ਗ੍ਰਿਫ਼ਤਾਰੀਆਂ ਸਣੇ ਬੰਗਲਾਦੇਸ਼ ’ਚ ਹਿੰਦੂ ਘੱਟ-ਗਿਣਤੀਆਂ ’ਤੇ ਤਸ਼ੱਦਦ ਬਾਰੇ ਚਿੰਤਾ ਪ੍ਰਗਟ ਕੀਤੀ ਤੇ ਕੇਂਦਰ ਤੋਂ ਇਸ ਮਾਮਲੇ ’ਚ ਦਖਲ ਮੰਗਿਆ। ‘ਆਪ’ ਪੰਜਾਬ ਦੇ ਪ੍ਰਧਾਨ ਅਮਨ ਅਰੋੜਾ ਨੇ ਕਿਹਾ ਕਿ ਕਿਸੇ ਵੀ ਭਾਈਚਾਰੇ ਵਿਰੁੱਧ ਅਜਿਹੀਆਂ ਕਾਰਵਾਈਆਂ ਦੁਨੀਆ ਦੇ ਕਿਸੇ ਵੀ ਹਿੱਸੇ ਵਿੱਚ ਬਹੁਤ ਦੁਖਦਾਈ ਅਤੇ ਅਸਵੀਕਾਰਯੋਗ ਹਨ। ਅਰੋੜਾ ਨੇ ਇਸ ਮੁੱਦੇ ਬਾਰੇ ਹਿੰਦੂਆਂ ਦੀਆਂ ਚਿੰਤਾਵਾਂ ਨੂੰ ਦੂਰ ਕਰਨ ਵਿੱਚ ਕੇਂਦਰ ਸਰਕਾਰ ਦੀ ਢਿੱਲ ਅਤੇ ਲਾਪ੍ਰਵਾਹੀ ਦੀ ਆਲੋਚਨਾ ਕੀਤੀ।